For the best experience, open
https://m.punjabitribuneonline.com
on your mobile browser.
Advertisement

ਰੁਤਬੇ ਨੂੰ ਸਲਾਮਾਂ

06:14 AM Jan 02, 2024 IST
ਰੁਤਬੇ ਨੂੰ ਸਲਾਮਾਂ
Advertisement

ਰਾਜਕੁਮਾਰ ਸ਼ਰਮਾ

ਗੱਲ ਅਗਸਤ ਮਹੀਨੇ ਦੀ ਹੈ ਜਦੋਂ ਮੀਂਹ ਨੇ ਪੰਜਾਬ ਵਿਚ ਇਕ ਤਰ੍ਹਾਂ ਨਾਲ ਕਹਿਰ ਢਾਹਿਆ ਹੋਇਆ ਸੀ। ਇਕ ਦਿਨ ਸਵੇਰ ਵੇਲੇ ਮੀਂਹ ਬਹੁਤ ਜ਼ੋਰ ਦੀ ਪੈ ਰਿਹਾ ਸੀ। ਹਟਣ ਦਾ ਨਾਂ ਹੀ ਨਾ ਲਵੇ। ਵਕੀਲ ਧੀ ਨੇ ਅਦਾਲਤ ਜਾਣਾ ਸੀ ਤੇ ਉਸ ਦਾ ਡਰਾਈਵਰ ਆ ਨਹੀਂ ਸੀ ਸਕਿਆ। ਇਸ ਸੂਰਤ ਵਿਚ ਉਸ ਨੇ ਮੈਨੂੰ ਸੁੱਤੇ ਪਏ ਨੂੰ ਜਗਾ ਲਿਆ, “ਅੱਜ ਤੁਸੀਂ ਮੇਰੇ ਨਾਲ ਕੋਰਟ ਚੱਲਣਾ ਹੈ। ਮੈਂ ਲੇਟ ਹੋ ਰਹੀ ਆਂ... ਤੁਸੀਂ ਜਲਦੀ ਉੱਠੋ, ਚੱਲੋ ਮੇਰੇ ਨਾਲ।” ਮੈਂ ਵੀ ਫਟਾਫਟ ਉੱਠ ਕੇ ਉਨ੍ਹਾਂ ਹੀ ਕੱਪੜਿਆਂ ਵਿਚ ਚੱਲ ਪਿਆ।
ਕੋਰਟ ਦੀ ਵਕੀਲਾਂ ਵਾਲੀ ਪਾਰਕਿੰਗ ਵਿਚ ਪਹੁੰਚੇ ਤਾਂ ਮੀਂਹ ਕਾਰਨ ਉਥੇ ਬਹੁਤ ਚਿੱਕੜ ਹੋਇਆ ਪਿਆ ਸੀ। ਹਰ ਕੋਈ ਆਪੋ-ਆਪਣੀ ਕਾਰ ਕੋਰਟ ਦੇ ਸਿਰੇ ਤੱਕ ਲਿਜਾਣਾ ਚਾਹੁੰਦਾ ਸੀ। ਮੈਂ ਵੀ ਧੀ ਨੂੰ ਜਿੱਥੋਂ ਤੱਕ ਹੋ ਸਕਦਾ ਸੀ, ਕੋਰਟ ਦੇ ਨੇੜੇ ਪਹੁੰਚਾ ਦਿੱਤਾ। ਉਹ ਉੱਤਰ ਕੇ ਅੰਦਰ ਚਲੀ ਗਈ ਤੇ ਮੈਂ ਕਾਰ ਵਿਚ ਹੀ ਬੈਠਾ ਰਿਹਾ। ਬਾਹਰ ਨਿੱਕਲਣ ਦਾ ਹੀਆ ਨਾ ਕੀਤਾ, ਮੈਂ ਸਹੀ ਢੰਗ ਦੇ ਕੱਪੜੇ ਨਹੀਂ ਸਨ ਪਾਏ ਹੋਏ ਪਰ ਛੇਤੀ ਹੀ ਕਾਰ ਅੰਦਰ ਬੈਠਾ ਬੈਠਾ ਅੱਕ ਗਿਆ। ਆਖ਼ਿਰਕਾਰ ਆਪਣੀ ਕਾਰ ਇਕ ਪਾਸੇ ਜਿੱਥੇ ਹੋਰ ਕਾਰਾਂ ਵੀ ਲੱਗੀਆਂ ਹੋਈਆਂ ਸਨ, ਉਨ੍ਹਾਂ ਦੇ ਪਿੱਛੇ ਲਗਾ ਦਿੱਤੀ ਤੇ ਚਾਹ ਪੀਣ ਚਲਾ ਗਿਆ। ਹੁਣ ਮੈਂ ਕੋਰਟ ਦੀ ਕੰਟੀਨ ਵਿਚ ਬੈਠ ਕੇ ਆਰਾਮ ਨਾਲ ਚਾਹ ਦੀਆਂ ਚੁਸਕੀਆਂ ਲੈਂਦਾ ਹੋਇਆ ਮੀਂਹ ਦਾ ਆਨੰਦ ਮਾਣ ਰਿਹਾ ਸੀ!
ਤਸੱਲੀ ਨਾਲ ਚਾਹ ਪੀਣ ਤੋਂ ਬਾਅਦ ਆਪਣੀ ਕਾਰ ਕੋਲ ਪੁੱਜਿਆ ਤਾਂ ਉਥੇ ਇਕ ਵਕੀਲ ਨੇ ਜਦੋਂ ਮੈਨੂੰ ਆਪਣੀ ਕਾਰ ਵੱਲ ਜਾਂਦਿਆਂ ਦੇਖਿਆ ਤਾਂ ਉਹ ਸਿੱਧਾ ਮੇਰੇ ਕੋਲ ਆਇਆ ਤੇ ਔਖਾ-ਭਾਰਾ ਹੋਣ ਲੱਗ ਪਿਆ। ਉਸ ਨੇ ਮੈਨੂੰ ਕੁਝ ਬੋਲਣ ਦਾ ਮੌਕਾ ਹੀ ਨਾ ਦਿੱਤਾ। ਮਸਲਾ ਪਤਾ ਲੱਗਣ ‘ਤੇ ਉਸ ਨੂੰ ਕਿਹਾ, “ਮੇਰੀ ਕਾਰ ਤਾਂ ਬਗ਼ੈਰ ਬਰੇਕ ਖੜ੍ਹੀ ਸੀ, ਜੇ ਜ਼ਿਆਦਾ ਕਾਹਲੀ ਸੀ ਤਾਂ ਕਾਰ ਅੱਗੇ-ਪਿੱਛੇ ਕਰ ਕੇ ਕੱਢ ਲੈਣੀ ਸੀ” ਪਰ ਉਹ ਸਿੱਧੀ ਭਾਸ਼ਾ ‘ਚ ਗੱਲ ਕਰਨ ਨੂੰ ਤਿਆਰ ਨਹੀਂ ਸੀ। ਲਓ ਜੀ, ਦੇਖਦੇ ਦੇਖਦੇ ਹੋਰ ਵਕੀਲ ਵੀ ਉਥੇ ਆ ਗਏ।
ਕੁਝ ਦੇਰ ਬਾਅਦ ਜਦੋਂ ਮੇਰੀ ਧੀ ਵਾਪਸ ਕਾਰ ਕੋਲ ਆਈ ਤਾਂ ਉਹਨੇ ਦੇਖਿਆ, ਬਜ਼ੁਰਗ ਵਕੀਲ ਮੇਰੇ ਨਾਲ ਬਹਿਸ ਰਿਹਾ ਹੈ; ਉਸ ਨੇ ਬੜੇ ਅਦਬ ਨਾਲ ਬਜ਼ੁਰਗ ਨੂੰ ਪੁੱਛਿਆ, “ਸਰ, ਕੀ ਗੱਲ ਹੋਈ?” ਵਕੀਲ ਨੇ ਕੁੜੀ ਵੱਲ ਝਾਕਿਆ ਤੇ ਓਨੀ ਹੀ ਤਲਖ਼ੀ ਨਾਲ ਕਿਹਾ, “ਦੇਖੋ ਇਹ ਡਰਾਈਵਰ ਦੀ ਕਰਤੂਤ, ਮੇਰੀ ਕਾਰ ਅੱਗੇ ਆਪਣੀ ਕਾਰ ਲਗਾ ਦਿੱਤੀ। ਇਹ ਲੋਕ ਹੈ ਈ ਇਸ ਤਰ੍ਹਾਂ ਦੇ। ਇਨ੍ਹਾਂ ਨੂੰ ਜਿੰਨਾ ਮਰਜ਼ੀ ਸਮਝਾ ਲਓ, ਇਹ ਆਪਣੀ ਆਦਤ ਤੋਂ ਟਲਦੇ ਨਹੀਂ।” ਧੀ ਨੇ ਕਿਹਾ, “ਸਰ ਮੇਰੀ ਗੱਲ ਤਾਂ ਸੁਣੋ” ਪਰ ਕਿੱਥੇ? ਇੰਨੇ ਨੂੰ ਕੁਝ ਹੋਰ ਵਕੀਲ ਵੀ ਇਸ ਭੀੜ ਵਿਚ ਆਣ ਰਲੇ ਸਨ। ਮੈਂ ਚੁੱਪ-ਚਾਪ ਖੜ੍ਹਾ ਉਸ ਵਕੀਲ ਨੂੰ ਸੁਣ ਰਿਹਾ ਸੀ।
ਜਦੋਂ ਵਕੀਲ ਚੁੱਪ ਹੋਇਆ ਤਾਂ ਮੇਰੀ ਧੀ ਨੇ ਕਿਹਾ, “ਸਰ, ਇਹ ਮੇਰੇ ਪਿਤਾ ਜੀ ਨੇ।” ਇੰਨੀ ਗੱਲ ਸੁਣਦੇ ਸਾਰ ਵਕੀਲ ਇਕਦਮ ਸ਼ਾਂਤ ਹੋ ਗਿਆ। ਕੁਝ ਪਲ ਤਾਂ ਸ਼ਾਇਦ ਉਸ ਨੂੰ ਸੁੱਝਿਆ ਹੀ ਕੁਝ ਨਹੀਂ। ਪਹਿਲਾਂ ਜਿੱਥੇ ਉਹ ਇੰਨਾ ਭਖਿਆ ਹੋਇਆ ਸੀ, ਹੁਣ ਉਸ ਦਾ ਵਿਹਾਰ ਉੱਕਾ ਹੀ ਬਦਲ ਚੁੱਕਾ ਸੀ। ਉਹ ਮੇਰੇ ਵੱਲ ਮੁੜਦਿਆਂ ਕਹਿਣ ਲੱਗਾ, “ਸੌਰੀ ਸਰ, ਤੁਸੀਂ ਦੱਸਿਆ ਨਹੀਂ ਕਿ ਤੁਸੀਂ ਵਕੀਲ ਦੇ ਬਾਪ ਹੋ ਤੇ ਬੇਟੀ ਕੋਰਟ ਗਈ ਹੈ।” ਵਕੀਲ ਦੇ ਇੰਨੀ ਗੱਲ ਕਹਿਣ ਦੀ ਦੇਰ ਸੀ ਕਿ ਭੀੜ ਉਥੋਂ ਖਿੰਡਣੀ ਸ਼ੁਰੂ ਹੋ ਗਈ ਤੇ ਹਾਸਾ-ਠੱਠਾ ਸ਼ੁਰੂ ਹੋ ਗਿਆ।
ਇਹ ਸਾਰਾ ਕੁਝ ਦੇਖ ਕੇ ਮੈਥੋਂ ਰਿਹਾ ਨਾ ਗਿਆ, ਤੇ ਮੈਂ ਬਜ਼ੁਰਗ ਵਕੀਲ ਨੂੰ ਬੜੇ ਹੀ ਸਤਿਕਾਰ ਨਾਲ ਕਿਹਾ, “ਸਰ, ਜੇ ਮੈਂ ਵਕੀਲ ਬੇਟੀ ਦਾ ਬਾਪ ਨਾ ਹੁੰਦਾ... ਤੇ ਹਕੀਕਤ ਵਿਚ ਡਰਾਈਵਰ ਹੀ ਹੁੰਦਾ... ਤਾਂ ਕੀ ਤੁਸੀਂ ਮੈਨੂੰ ਸੌਰੀ ਕਹਿੰਦੇ?” ਹੁਣ ਚੁੱਪ ਕਰ ਕੇ ਖੜ੍ਹਨ ਦੀ ਵਾਰ ਉਸ ਦੀ ਸੀ। ਖ਼ੈਰ! ਮੈਂ ਧੀ ਨੂੰ ਕਾਰ ਵਿਚ ਬਿਠਾਇਆ ਤੇ ਪਾਰਕਿੰਗ ਵਿਚੋਂ ਨਿਕਲ ਕੇ ਆਪਣੇ ਅਗਲੇ ਟਿਕਾਣੇ ਲਈ ਚਾਲੇ ਪਾ ਦਿੱਤੇ। ਕਾਰ ਚਲਾਉਂਦਿਆਂ ਜਿਥੇ ਆਪਣੀ ਧੀ ‘ਤੇ ਮਾਣ ਮਹਿਸੂਸ ਹੋ ਰਿਹਾ ਸੀ ਉਥੇ ਇਹ ਵੀ ਸੋਚ ਰਿਹਾ ਸਾਂ ਕਿ ਭਾਈ ਲੋਕੋ! ਇੱਥੇ ਰੁਤਬੇ ਨੂੰ ਹੀ ਸਲਾਮਾਂ ਹੁੰਦੀਆਂ...।
ਸੰਪਰਕ: 97800-31626

Advertisement

Advertisement
Advertisement
Author Image

joginder kumar

View all posts

Advertisement