ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਸਾਥੀਆਂ ਨੂੰ ਸਿਜਦਾ
ਪੱਤਰ ਪ੍ਰੇਰਕ
ਜਲੰਧਰ, 16 ਨਵੰਬਰ
ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ, ਬਖ਼ਸ਼ੀਸ਼ ਸਿੰਘ, ਸੁਰੈਣ ਸਿੰਘ ਵੱਡਾ, ਸੁਰੈਣ ਸਿੰਘ ਛੋਟਾ, ਤਿੰਨੋਂ ਪਿੰਡ ਗਿੱਲ ਵਾਲੀ ਅੰਮ੍ਰਿਤਸਰ, ਹਰਨਾਮ ਸਿੰਘ ਸਿਆਲਕੋਟੀ ਭੱਟੀ ਗੁਰਾਇਆਂ ਜ਼ਿਲ੍ਹਾ ਸਿਆਲਕੋਟ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਦੀ ਘਾਲਣਾ ਨੂੰ ਸਿਜਦਾ ਕਰਦਿਆਂ, ਗ਼ਦਰ ਪਾਰਟੀ ਦੇ ਉਦੇਸ਼ਾਂ ਦੀ ਪੂਰਤੀ ਲਈ ਆਪਣਾ ਯੋਗਦਾਨ ਪਾਉਣ ਦਾ ਅੱਜ ਦੇਸ਼ ਭਗਤ ਯਾਦਗਾਰ ਹਾਲ ਵਿੱਚ ਹੋਏ ਸਮਾਗਮ ਵਿੱਚ ਅਹਿਦ ਕੀਤਾ ਗਿਆ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਇਸ ਜ਼ਿਕਰ ਅਧੀਨ ਗ਼ਦਰੀ ਸੰਗਰਾਮੀਆਂ ਦੇ ਨਾਲ-ਨਾਲ ਨਵੰਬਰ ਮਹੀਨੇ ਦੇ ਸਮੂਹ ਦੇਸ਼ ਭਗਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਤਿੰਨ ਰੋਜ਼ਾ ਗ਼ਦਰੀ ਬਾਬਿਆਂ ਦੇ ਮੇਲੇ ਉਪਰ ਪੜਚੋਲਵੀਂ ਨਜ਼ਰ ਮਾਰਨ ਲਈ ਅੱਜ ਦੀ ਮੀਟਿੰਗ ’ਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੱਦੇ ’ਤੇ ਕੁਇਜ਼, ਭਾਸ਼ਣ, ਗਾਇਨ, ਪੇਂਟਿੰਗ, ਕਵੀ-ਦਰਬਾਰ, ਚਿੱਤਰਕਲਾ ਅਤੇ ਫੋਟੋ ਕਲਾ ਪ੍ਰਦਰਸ਼ਨੀ, ਲੰਗਰ, ਵਲੰਟੀਅਰ, ਫ਼ਿਲਮ ਸ਼ੋਅ ਆਦਿ ਕਾਰਜ਼ ਨੇਪਰੇ ਚਾੜਨ ਲਈ ਬਣਾਈਆਂ ਸਮੂਹ ਕਮੇਟੀਆਂ ਨੂੰ ਅੱਜ ਦੀ ਮੀਟਿੰਗ ’ਚ ਸ਼ਾਮਲ ਹੋ ਕੇ ਨਿੱਗਰ ਸੁਝਾਅ ਦਿੱਤੇ। ਇਸ ਮੀਟਿੰਗ ’ਚ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ 33ਵੇਂ ਮੇਲੇ ਦੀਆਂ ਪ੍ਰਾਪਤੀਆਂ ਨੂੰ ਲੜ ਬੰਨ੍ਹਣ ਅਤੇ ਰਹੀਆਂ ਊਣਤਾਈਆਂ ਦੀ ਪੂਰਤੀ ਲਈ ਅੱਗੇ ਤੋਂ ਠੋਸ ਵਿਉਂਤਬੰਦੀ ਕਰਨ ਅਤੇ ਨਵੀਆਂ ਪੁਲਾਂਘਾਂ ਭਰਨ ਲਈ ਪੂਰੀ ਸੂਝ-ਬੂਝ ਅਤੇ ਤਨਦੇਹੀ ਨਾਲ ਸਾਂਝੇ ਉੱਦਮ ਜੁਟਾਉਣ ਦੀ ਅਪੀਲ ਕੀਤੀ। ਮੀਟਿੰਗ ’ਚ ਡਾ. ਤੇਜਿੰਦਰ ਵਿਰਲੀ, ਡਾ. ਸੈਲੇਸ਼, ਡਾ. ਹਰਜਿੰਦਰ ਸਿੰਘ ਅਟਵਾਲ, ਕੇਸਰ ਸਿੰਘ, ਪ੍ਰੋ. ਗੋਪਾਲ ਬੁੱਟਰ, ਸੁਰਿੰਦਰ ਕੁਮਾਰੀ ਕੋਛੜ, ਪੱਤਰਕਾਰ ਸੀਤਲ, ਡਾ. ਪਰਮਿੰਦਰ, ਸਾਹਿਲ ਨੂਰ ਮਹਿਲ, ਵਿਜੈ ਬੰਬੇਲੀ, ਵਿਜੈ ਜਲੰਧਰ, ਗੁਰਮੀਤ, ਸੁਰਿੰਦਰਪਾਲ, ਹਰਮੇਸ਼ ਮਾਲੜੀ, ਸੀਤਲ ਸਿੰਘ ਸੰਘਾ ਨੇ ਸੁਝਾਅ ਦਿੱਤੇ। ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਕਿਹਾ ਕਿ ਮੇਲੇ ਸਬੰਧੀ ਉਸਾਰੂ ਅਤੇ ਵਿਗਿਆਨਕ ਦ੍ਰਿਸ਼ਟੀ ਤੋਂ ਸਮੀਖਿਆ ਕਰਦਿਆਂ ਸਭਨਾਂ ਦੇ ਆਏ ਸੁਝਾਵਾਂ ਉਪਰ ਕਮੇਟੀ ਗੰਭੀਰਤਾ ਨਾਲ ਗੌਰ ਕਰੇਗੀ।
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਗਦਰ ਲਹਿਰ ਦੇ ਨਾਇਕ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਅੱਜ ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਸਾਂਝੇ ਤੌਰ ਤੇ ਸ਼ਹੀਦੀ ਦਿਹਾੜਾ ਮਨਾਇਆ ਗਿਆ ਹੈ। ਇਸ ਸਬੰਧੀ ਸਮਾਗਮ ਦੀ ਪ੍ਰਧਾਨਗੀ ਕਿਸਾਨ ਆਗੂ ਬਾਬਾ ਅਰਜਨ ਸਿੰਘ ,ਮੁਖਤਾਰ ਮਹਾਵਾ ਅਤੇ ਨਿਰਮਲ ਸਿੰਘ ਮੌਦੇ ਨੇ ਕੀਤੀ। ਅਟਾਰੀ ਨੇੜੇ ਕੀਤੇ ਗਏ ਸਮਾਗਮ ਵਿੱਚ ਮੁੱਖ ਬੁਲਾਰੇ ਵੱਜੋਂ ਕਾਮਰੇਡ ਰਤਨ ਸਿੰਘ ਰੰਧਾਵਾ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ 19 ਸਾਲ ਦੀ ਉਮਰ ਵਿੱਚ ਦੇਸ਼ ਦੇ ਆਜ਼ਾਦੀ ਸੰਘਰਸ਼ ਵਿੱਚ ਨਿਤਰਿਆ ਅਤੇ ਸਭ ਤੋਂ ਛੋਟੀ ਉਮਰ ਦਾ ਮਹਾਨ ਸ਼ਹੀਦ ਬਣਿਆ। ਬੁਲਾਰਿਆਂ ਨੇ ਗਦਰ ਲਹਿਰ ਦੇ ਇਤਿਹਾਸ ਨੂੰ ਪੜਨ ਤੇ ਸਮਝਣ ਅਤੇ ਉਸ ਵੇਲੇ ਮਨੁੱਖ ਦੀ ਲੁੱਟ ਨੂੰ ਰੋਕਣ ਲਈ ਦੱਸੇ ਰਾਹ ’ਤੇ ਚੱਲਣ ਦੀ ਅਪੀਲ ਕੀਤੀ। ਨਿਰਮਲ ਸਿੰਘ ਮੋਦੇ, ਮੁਖਤਾਰ ਮਹਾਵਾ ਤੇ ਬਲਵਿੰਦਰ ਸਿੰਘ ਨੇ ਕਿਹਾ ਕਿ ਕਿਸਾਨੀ ਮੰਗਾਂ ਮਨਵਾਉਣ ਲਈ 26 ਨਵੰਬਰ ਨੂੰ ਡਿਪਟੀ ਕਮਿਸ਼ਨਰ ਦਫਤਰਾਂ ਅੱਗੇ ਧਰਨੇ ਦਿੱਤੇ ਜਾਣਗੇ। ਇਕੱਠ ਨੂੰ ਡਾ ਸਤਨਾਮ ਸਿੰਘ ਅਜਨਾਲਾ, ਬਲਦੇਵ ਸਿੰਘ ਧਾਰੀਵਾਲ, ਗੁਰਦੇਵ ਸਿੰਘ ਮਹਾਵਾ, ਮਨਜਿੰਦਰ ਸਿੰਘ ਨੇਸ਼ਟਾ, ਮਨਜੀਤ ਸਿੰਘ ਸਰਪੰਚ, ਸ਼ਰਨਜੀਤ ਸਿੰਘ ਧਨੋਏ, ਗੁਰਨਾਮ ਸਿੰਘ, ਸੁਖ ਲਾਹੌਰੀ ਮੱਲ ਨੇ ਸੰਬੋਧਨ ਕੀਤਾ। ਕਾਮਰੇਡ ਰੰਧਾਵਾ ਨੇ ਦੱਸਿਆ ਕਿ ਅਜਿਹੇ ਸਮਾਗਮ ਮਜੀਠਾ ਅਤੇ ਅਜਨਾਲਾ ਵਿੱਚ ਵੀ ਕੀਤੇ ਗਏ ਹਨ।
ਇਸੇ ਦੌਰਾਨ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਨੇ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ ’ਤੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਵੇਰਕਾ ਦੇ ਬਲਾਕ ਪ੍ਰਧਾਨ ਨਵਦੀਪ ਹੁੰਦਲ ਦੀ ਅਗਵਾਈ ਸਮਾਗਮ ਕਰਵਾਇਆ ਗਿਆ।
ਖੱਬੇ ਪੱਖੀ ਧਿਰਾਂ ਨੇ ਇੱਕ ਮੰਚ ’ਤੇ ਸ਼ਹੀਦੀ ਦਿਹਾੜਾ ਮਨਾਇਆ
ਬਟਾਲਾ (ਨਿੱਜੀ ਪੱਤਰ ਪ੍ਰੇਰਕ): ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਛੇ ਹੋਰਾਂ ਦਾ ਅੱਜ ਸ਼ਹੀਦੀ ਦਿਹਾੜਾ ਇੱਥੋਂ ਦੇ ਸੁੱਖਾ ਸਿੰਘ, ਮਹਿਤਾਬ ਸਿੰਘ ਪਾਰਕ ਵਿੱਚ ਮਨਾਇਆ ਗਿਆ। ਖੱਬੀਆਂ ਧਿਰਾਂ ਸੀਪੀਆਈ (ਐੱਮਐੱਲ) ਲਿਬਰੇਸ਼ਨ, ਆਰਐੱਮਪੀਆਈ, ਲੇਖਕਾਂ, ਬੁੱਧੀਜੀਵੀਆਂ ਵੱਲੋਂ ਸਾਂਝੇ ਤੌਰ ’ਤੇ ਮਨਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਅਵਤਾਰ ਸਿੰਘ ਠੱਠਾ, ਸੁਖਦੇਵ ਸਿੰਘ ਭਾਗੋਕਾਵਾਂ, ਰਾਜੇਸ਼ ਬੱਬਾ ਨੇ ਕੀਤੀ। ਖੱਬੇ ਪੱਖੀ ਆਗੂ ਮਾਸਟਰ ਰਘਬੀਰ ਸਿੰਘ, ਡਾ. ਅਨੂਪ ਸਿੰਘ ਅਤੇ ਗੁਰਮੀਤ ਸਿੰਘ ਬਖਤਪੁਰਾ ਨੇ ਕਿਹਾ ਕਿ ਸੋਹਣ ਸਿੰਘ ਭਕਨਾਂ ਅਤੇ ਕਰਤਾਰ ਸਿੰਘ ਸਰਾਭਾ ਜਿਹੇ ਆਗੂਆਂ ਦੀ ਅਗਵਾਈ ਵਿੱਚ ਵਿਦੇਸ਼ਾਂ ਦੀ ਧਰਤੀ ਤੇ ਬਣੀ ਗਦਰ ਪਾਰਟੀ ਨੇ ਭਾਰਤ ਦੀ ਆਜ਼ਾਦੀ ਦਾ ਸਭ ਤੋਂ ਪਹਿਲਾਂ ਬਿਗਲ ਵਜਾਇਆ ਸੀ। ਇਸ ਸਮੇਂ ਅਮਰਜੀਤ ਸਿੰਘ ਰਿਖੀਆਂ ਅਤੇ ਵਿਜੇ ਅਗਨੀਹੋਤਰੀ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਬੁਲਾਰਿਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਅੰਬੇਡਕਰ ਦਾ ਨਾਂ ਲੈ ਕੇ ਬਣੀ ਭਗਵੰਤ ਮਾਨ ਸਰਕਾਰ ਹਰ ਖੇਤਰ ਵਿੱਚ ਅਸਫਲ ਸਾਬਿਤ ਹੋਈ ਹੈ। ਇਸ ਮੌਕੇ ਸ਼ਮਸ਼ੇਰ ਸਿੰਘ ਨਵਾਂ ਪਿੰਡ, ਸੁਲੱਖਣ ਮਸੀਹ, ਵਰਗਿਸ ਸਲਾਮਤ, ਮੁਲਾਜ਼ਮ ਆਗੂ ਸੋਮ ਸਿੰਘ, ਵਿਜੇ ਸੋਹਲ,ਗੁਲਜ਼ਾਰ ਸਿੰਘ ਭੁੰਬਲੀ, ਅਸ਼ਵਨੀ ਕੁਮਾਰ ਲੱਖਣਂ ਕਲਾਂ, ਪੁਸ਼ਪਿੰਦਰ ਸਿੰਘ ਸ਼ਾਹਪੁਰ ਜਾਜਨ, ਰਣਜੀਤ ਸਿੰਘ ਫੌਜੀ ਛਿਤ, ਦਲਬੀਰ ਭੋਲਾ ਅਤੇ ਅਵਤਾਰ ਸਿੰਘ ਬਟਾਲਾ ਅਤੇ ਹਰਜਿੰਦਰ ਪਿੰਟਾ ਤਲਵੰਡੀ ਭਰਥ ਹਾਜ਼ਰ ਸਨ।