ਸਲਾਮ
ਸੁੱਚਾ ਸਿੰਘ ਖੱਟੜਾ
ਇਸ ਬਿਰਤਾਂਤ ਲਈ ਪ੍ਰੇਰਨਾ ਉੱਘੇ ਅਰਥ ਸ਼ਾਸਤਰੀ ਡਾ. ਗਿਆਨ ਸਿੰਘ ਦੀ ਬੇਬੇ ਤੋਂ ਮਿਲੀ ਜਿਸ ਨੇ ਕ੍ਰਿਸਚੀਅਨ ਮੈਡੀਕਲ ਕਾਲਜ ਤੇ ਹਸਪਤਾਲ ਲੁਧਿਆਣਾ ਤੋਂ ਸੀਤਾ ਰਾਮ ਨਾਂ ਦੇ ਮਾਨਸਿਕ ਰੋਗੀ ਨੂੰ ਘਰ ਲਿਆਂਦਾ ਅਤੇ ਬੱਚਿਆਂ ਨੂੰ ਕਿਹਾ-ਅੱਜ ਤੋਂ ਸੀਤਾ ਰਾਮ ਉਨ੍ਹਾਂ ਦਾ ਵੱਡਾ ਵੀਰ ਹੋਵਗਾ। ਪਰਿਵਾਰ ਵਿੱਚ ਆ ਕੇ ਉਹ ਮਹੀਨਿਆਂ ਵਿੱਚ ਹੀ ਮਾਨਸਿਕ ਰੋਗ ਤੋਂ ਮੁਕਤ ਹੋ ਗਿਆ। ਯੂਪੀ ਵਿੱਚ ਆਪਣੇ ਦੋ ਬੱਚਿਆਂ ਅਤੇ ਘਰਵਾਲੀ ਦੀ ਮੌਤ ਤੋਂ ਬਾਅਦ ਉਹ ਪਾਗ਼ਲ ਹੋ ਗਿਆ ਸੀ। ਬੇਬੇ ਤਾਂ ਸੰਸਾਰ ਤੋਂ ਚਲੇ ਗਈ ਪਰ ਸੀਤਾ ਰਾਮ ਆਪਣੇ ਬੁਢਾਪੇ ਅਤੇ ਅੰਤਮ ਸਾਹ ਤੱਕ ਪਰਿਵਾਰ ਵਿੱਚ ਬੇਬੇ ਦਾ ਵੱਡਾ ਪੁੱਤਰ ਅਤੇ ਭੈਣ-ਭਰਾਵਾਂ ਦੇ ਵੱਡੇ ਵੀਰ ਵਾਂਗ ਹੀ ਜੀਵਿਆ।
ਗੌਰਮਿੰਟ ਟੀਚਰਜ਼ ਯੂਨੀਅਨ ਅੰਦਰ ਸੂਬਾਈ ਜ਼ਿੰਮੇਵਾਰੀ ਮਿਲਣ ਨਾਲ ਅਧਿਆਪਕ ਸਮਾਜ ਅੰਦਰ ਜਾਣ-ਪਛਾਣ ਦਾ ਘੇਰਾ ਵਧਣ ਲੱਗਿਆ। ਚੁਗਿਰਦੇ ਵਿੱਚ ਸਤਿਕਾਰੇ ਜਾਂਦੇ ਅਧਿਆਪਕਾਂ ਦੇ ਘਰੀਂ ਜਾਣਾ ਰੁਟੀਨ ਜਿਹਾ ਬਣ ਗਿਆ ਸੀ। ਪਹਿਲ ਉਨ੍ਹਾਂ ਲਈ ਹੁੰਦੀ ਜਿਨ੍ਹਾਂ ਦੀ ਅਧਿਆਪਕ ਸੰਘਰਸ਼ਾਂ ਵਿੱਚ ਨੁਮਾਇਆ ਭੂਮਿਕਾ ਹੁੰਦੀ। 1978 ਵਿੱਚ ਬੇਰੁਜ਼ਗਾਰ ਅਧਿਆਪਕ ਯੂਨੀਅਨ ਨੇ ਸਾਲਾਂ ਤੋਂ ਬੰਦ ਅਧਿਆਪਕ ਭਰਤੀਆਂ ਸ਼ੁਰੂ ਕਰਵਾਉਣ, ਹਜ਼ਾਰਾਂ ਐਡਹਾਕ ਅਧਿਆਪਕ ਪੱਕੇ ਕਰਵਾਉਣ, ਕੇਵਲ ਪੂਰੀਆਂ ਅਸਾਮੀਆਂ ਨਾਲ਼ ਹੀ ਸਕੂਲ ਅੱਪਗ੍ਰੇਡ ਹੋਇਆ ਕਰਨ, ਜਿਹੀਆਂ ਮੰਗਾਂ ਉੱਤੇ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰ ਲਿਆ। ਉਸ ਸਮੇਂ ਮੈਂ ਬੇਰੁਜ਼ਗਾਰ ਅਧਿਆਪਕ ਯੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਸੀ। ਸਾਈਕਲ ਉਤੇ ਪਿੰਡ-ਪਿੰਡ ਜਾ ਕੇ ਬੇਰੁਜ਼ਗਾਰ ਅਧਿਆਪਕਾਂ ਨੂੰ ‘ਜੇਲ੍ਹ ਭਰੋ’ ਲਈ ਤਿਆਰ ਕੀਤਾ। ਅੰਦੋਲਨ ਲੰਮਾ ਹੁੰਦਾ ਅਤੇ ਦਮ ਤੋੜਦਾ ਦੇਖ ਕੇ ਵੋਟ ਰਾਹੀਂ ਚੁਣੀ ਸਾਂਝੀ ਗੌਰਮਿੰਟ ਟੀਚਰਜ਼ ਯੂਨੀਅਨ ਨੇ ਰੈਗੂਲਰ ਅਧਿਆਪਕ ਜੇਲ੍ਹ ਭੇਜਣੇ ਸ਼ੁਰੂ ਕਰ ਦਿੱਤੇ। ਦੋ ਮਹੀਨੇ ਚੌਵੀ ਦਿਨ ਬਾਅਦ ਸਾਰੀਆਂ ਮੰਗਾਂ ਮੰਨਵਾ ਕੇ ਅੰਦੋਲਨ ਸਫਲ ਹੋ ਨਬਿੜਿਆ। ਸਾਡੀਆਂ ਮੰਗਾਂ ਨਾਲ ਰੈਗੂਲਰ ਅਧਿਆਪਕਾਂ ਦਾ ਕੋਈ ਸਿੱਧਾ ਸਬੰਧ ਨਾ ਹੋਣ ਦੇ ਬਾਵਜੂਦ ਰੈਗੂਲਰ ਅਧਿਆਪਕਾਂ ਦਾ ਜੇਲ੍ਹੀਂ ਜਾਣਾ ਵੱਡੇ ਸਾਹਸ, ਤਿਆਗ ਅਤੇ ਜਥੇਬੰਦਕ ਅਨੁਸ਼ਾਸਨ ਦੀ ਮਿਸਾਲ ਸੀ। ਜੇਲ੍ਹੀਂ ਗਏ ਅਜਿਹੇ ਅਧਿਆਪਕਾਂ ਦੇ ਘਰੀਂ ਜਾਣਾ ਅਤੇ ਪਰਿਵਾਰਾਂ ਨੂੰ ਮਿਲਣਾ ਮੇਰੇ ਲਈ ਤੀਰਥ ਯਾਤਰਾ ਬਣ ਗਈ। ਹਰਭਜਨ ਸਿੰਘ ਵੀ ਅਜਿਹਾ ਹੀ ਜੇਲ੍ਹ ਜਾਣ ਵਾਲਾ ਰੈਗੂਲਰ ਅਧਿਆਪਕ ਸੀ। ਜਦੋਂ ਪਤਾ ਲੱਗਾ, ਉਹ ਵਧੀਆ ਅਧਿਆਪਕ ਵੀ ਹੈ, ਮੈਂ ਆਉਂਦੇ ਐਤਵਾਰ ਉਸ ਦਾ ਘਰ ਲੱਭ ਲਿਆ। ਪੱਚੀ-ਤੀਹ ਕਿਲੋਮੀਟਰ ਦਾ ਫ਼ਾਸਲਾ ਹੀ ਤਾਂ ਸੀ! ਖੁੱਲ੍ਹਾ ਵਿਹੜਾ, ਗੇਟ ਵੜਦਿਆਂ ਬਰਾਂਡਾ ਦੂਰ ਸੀ। ਬੇਬੇ ਬਰਾਂਡੇ ਵਿੱਚ ਸਬਜ਼ੀ ਲਈ ਲਸਣ ਅਦਰਕ ਤਿਆਰ ਕਰ ਰਹੀ ਸੀ। ਇੱਕ ਨਵੀਂ ਵਿਆਹੀ ਆਈ ਲਗਦੀ ਮੁਟਿਆਰ ਨੇ ਸਾਨੂੰ ‘ਸਤਿ ਸ੍ਰੀ ਅਕਾਲ’ ਕਹਿੰਦਿਆਂ ਪਾਣੀ ਦੀ ਸੇਵਾ ਕੀਤੀ। ਇੰਨੇ ਨੂੰ ਪਿੰਡ ਦਾ ਕੋਈ ਬੰਦਾ ਗੇਟ ਲੰਘ ਕੇ ਸਿੱਧਾ ਬੇਬੇ ਕੋਲ ਜਾ ਖੜ੍ਹਾ ਹੋਇਆ। “ਪਵਨ, ਪੁੱਤ ਅੰਦਰੋਂ ਦੋ ਸੌ ਰੁਪਿਆ ਲਿਆ ਕੇ ਇਹਨੂੰ ਦੇ ਦੇ।” ਬੇਬੇ ਨੇ ਨਵੀਂ ਵਿਆਹੁਤਾ ਨੂੰ ਕਿਹਾ ਸੀ।
ਪਰਿਵਾਰ ਵਿੱਚ ਹਰਭਜਨ ਸਿੰਘ ਦੀ ਘਰਵਾਲੀ, ਵੱਡੀ ਭਰਜਾਈ, ਦੋਨਾਂ ਦੇ ਬੱਚੇ ਸਨ। ਬੇਬੇ ਦੀਆਂ ਦੋਨੋਂ ਨੂੰਹਾਂ ਅਤੇ ਬਾਲੜੀਆਂ ਦੇ ਨਾਵਾਂ ਨਾਲ ‘ਕੌਰ’ ਲਗਦਾ ਸੀ। ਪਰਿਵਾਰ ਵਿੱਚ ‘ਪਵਨ’ ਕੌਣ ਹੋਵੇ?... ਵਕਫ਼ੇ ਬਾਅਦ ਜਾਣਾ ਹੋਇਆ ਤਾਂ ਪਵਨ ਦੀ ਗੋਦ ’ਚ ਬੱਚੀ ਸੀ। ਤਿੰਨ ਕੁ ਸਾਲ ਬਾਅਦ ਪਵਨ ਪੁੱਤਰ ਦੀ ਮਾਂ ਵੀ ਬਣ ਚੁੱਕੀ ਸੀ। ਪਵਨ ਕੌਣ ਹੈ? ਇਸ ਦੇ ਘਰਵਾਲ਼ਾ ਕੌਣ ਹੈ? ਕਿੱਥੇ ਹੈ? ਹੁਣ ਇਹ ਪ੍ਰਸ਼ਨ ਅਮੋੜ ਹੋ ਗਏ। ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਲਈ ਹੀ ਇੱਕ ਦਿਨ ਹਰਭਜਨ ਸਿੰਘ ਦੇ ਘਰ ਜਾਣ ਦਾ ਪ੍ਰੋਗਰਾਮ ਬਣਾ ਲਿਆ। ਚਾਹ-ਪਾਣੀ ਪੀ ਕੇ ਆਪਣੀ ਜਗਿਆਸਾ ਹਰਭਜਨ ਸਿੰਘ ਮੂਹਰੇ ਰੱਖ ਦਿੱਤੀ। ਹਰਭਜਨ ਸਿੰਘ ਮੁਸਕਰਾਇਆ, ਮੇਰੇ ਸਿਰ ਉੱਤੋਂ ਅਕਾਸ਼ ਵੱਲ ਦੇਖ ਕੇ ਨਜ਼ਰਾਂ ਮੇਰੇ ਨਾਲ ਮਿਲਾ ਲਈਆਂ ਤੇ ਮੈਨੂੰ ਉੱਤਰ ਮਿਲਣਾ ਸ਼ੁਰੂ ਹੋ ਗਿਆ: “ਵੱਡੇ ਭਰਾ ਨੂੰ ਫ਼ੌਜ ਵਿੱਚੋਂ ਸੇਵਾ-ਮੁਕਤ ਹੋ ਕੇ ਫ਼ੌਜੀ ਕੰਟੀਨ ਮਿਲ ਗਈ। ਕੋਈ ਅੱਲ੍ਹੜ ਜਿਹਾ ਮੁੰਡਾ ਅਵਾਰਾ ਘੁੰਮਦਾ ਉਸ ਦੀ ਨਜ਼ਰੀਂ ਪਿਆ। ਪੁੱਛਣ ’ਤੇ ਮੁੰਡੇ ਨੇ ਦੱਸਿਆ ਕਿ ਉਹ ਹਿਮਾਚਲ ਤੋਂ ਹੈ ਅਤੇ ਘਰ ਦੱਸੇ ਬਿਨਾਂ ਦੌੜ ਆਇਆ ਹੈ। ਕੁਝ ਮਹੀਨਿਆਂ ਬਾਅਦ ਮੁੰਡੇ ਨੂੰ ਲੈ ਕੇ ਜਦੋਂ ਉਹ ਪਿੰਡ ਆਇਆ ਤਾਂ ਉਸ ਨੇ ਮੁੰਡੇ ਦੀ ਵਿਥਿਆ ਸੁਣਾਉਂਦਿਆਂ ਪਰਿਵਾਰ ਨੂੰ ਕਿਹਾ ਕਿ ਇਹ ਮੁੰਡਾ ਹੁਣ ਮੇਰੇ ਲਈ ਹਰਭਜਨ ਸਿੰਘ ਵਾਂਗ ਛੋਟੇ ਭਰਾ ਜਿਹਾ ਹੀ ਹੈ। ਬੇਬੇ ਜਿਹੜੀ ਹੁਣ ਤੱਕ ਚੁੱਪ-ਚਾਪ ਸੁਣ ਰਹੀ ਸੀ, ਨੇ ਚੁੱਪ ਤੋੜਦਿਆਂ ਕਿਹਾ ਕਿ ਇਹ ਮੁੰਡਾ ਹੁਣ ਮੇਰੇ ਤੀਜੇ ਪੁੱਤਰ ਵਰਗਾ ਨਹੀਂ ਸਗੋਂ ਤੀਜਾ ਪੁੱਤਰ ਹੈ। ਮੁੰਡਾ ਜਵਾਨ ਹੋਇਆ ਤਾਂ ਬੇਬੇ ਨੇ ਉਸ ਦਾ ਵਿਆਹ ਪੂਰੇ ਸ਼ਗਨਾਂ ਨਾਲ ਕੀਤਾ। ਇਹੀ ਪਵਨ ਹੈ। ਪਵਨ ਦੇ ਦੋਹਾਂ ਬੱਚਿਆਂ ਦੇ ਜਣੇਪੇ ਬੇਬੇ ਨੇ ਆਪਣੇ ਘਰੇ ਹੀ ਕਰਵਾਏ। ਮੁੰਡੇ ਦਾ ਨਾਂ ਮਨੋਹਰ ਹੈ। ਹੁਣ ਵੀ ਉਹ ਭਰਾ ਦੇ ਨਾਲ ਹੀ ਹੈ।”
ਮਨੋਹਰ ਨੂੰ ਲਿਆਉਣ ਵਾਲਾ ਬੇਬੇ ਦਾ ਵੱਡਾ ਪੁੱਤਰ ਪੂਰਾ ਹੋ ਗਿਆ। ਬੇਬੇ ਨੇ ਆਪਣੀ ਸਿਹਤ ਵਿਗੜਦੀ ਦੇਖ ਮਨੋਹਰ ਨੂੰ ਆਪਣੇ ਘਰ ਦੇ ਸਾਹਮਣੇ ਸੜਕ ਉੱਤੇ ਜੱਦੀ ਪਲਾਟ ਦੇ ਦਿੱਤਾ। ਮਨੋਹਰ ਨੇ ਉਸ ਪਲਾਟ ਉੱਤੇ ਦੁਕਾਨ ਅਤੇ ਮਕਾਨ ਬਣਾ ਲਿਆ। ਬੇਬੇ ਸਦੀਵੀ ਵਿਛੋੜਾ ਦੇ ਗਈ। ਹੁਣ ਤਾਂ ਹਰਭਜਨ ਸਿੰਘ ਵੀ ਸਦੀਵੀ ਅਲਵਿਦਾ ਕਰ ਗਏ ਹਨ। ਬੇਬੇ ਦੀਆਂ ਤਿੰਨਾਂ ਨੂੰਹਾਂ ਦਾ ਆਪਸੀ ਪਿਆਰ, ਬੇਬੇ ਦੀ ਰੂਹ ਵਿੱਚ ਮੋਹ-ਪਿਆਰ ਅਤੇ ਹਰਭਜਨ ਸਿੰਘ ਦਾ ਤਿਆਗ ਮੇਰੇ ਦਿਲੋ-ਦਿਮਾਗ਼ ਉੱਤੇ ਸਦੀਵੀ ਉਕਰੇ ਪਏ ਹਨ। ਇਹ ਤਿਆਗ ਹੀ ਸੀ ਕਿ ਇਸ ਪਰਿਵਾਰ ਨੇ ਪਿੰਡ ਵਿੱਚ ਪ੍ਰਾਇਮਰੀ ਸਕੂਲ ਖੁੱਲ੍ਹਵਾਉਣ ਲਈ ਵੀ ਵਹਿੰਦੜ ਜ਼ਮੀਨ ਦਾਨ ਕਰ ਦਿੱਤੀ ਸੀ।
ਡਾ. ਗਿਆਨ ਸਿੰਘ ਦੀ ਬੇਬੇ ਦੇ ਲਿਆਂਦੇ ਪੁੱਤਰ ਦੀ ਯਾਦ ’ਚ ਪਰਿਵਾਰ ਨੇ ਪਿੰਡ ’ਚ ਆਪਣੇ ਪਲਾਟ ਉੱਤੇ ਕਮਿਊਨਿਟੀ ਸੈਂਟਰ, ਲਾਇਬ੍ਰੇਰੀ ਅਤੇ ਸਕਿੱਲ-ਸੈਂਟਰ ਵਾਲੀ ਵੱਡ-ਅਕਾਰੀ ਇਮਾਰਤ ਉਸਾਰ ਦਿੱਤੀ। ਹਰਭਜਨ ਸਿੰਘ ਵਾਲੀ ‘ਬੇਬੇ’ ਨੇ ਭਟਕ ਰਹੇ ਬੱਚੇ ਨੂੰ ਪਰਿਵਾਰ ਦਾ ਅੰਗ ਬਣਾਇਆ, ਉਸ ਦਾ ਘਰ-ਪਰਿਵਾਰ ਵਸਦਾ ਕੀਤਾ। ਦੋਨੋਂ ਬੇਬਿਆਂ ਨੂੰ ਸਲਾਮ!
ਸੰਪਰਕ: 94176-52947