ਸਲਾਮ
ਤ੍ਰੈਲੋਚਨ ਲੋਚੀ
ਮੇਰੇ ਦੇਸ਼ ਕੀ ਧਰਤੀ
ਸੋਨਾ ਉਗਲੇ, ਉਗਲੇ ਹੀਰੇ ਮੋਤੀ
ਮੇਰੇ ਦੇਸ਼ ਕੀ ਧਰਤੀ...
ਗੱਡੀ ਵਿਚ ਸਫ਼ਰ ਕਰਦਿਆਂ ਇਹ ਗੀਤ ਵੱਜ ਰਿਹਾ ਸੀ, ਬੜਾ ਹੀ ਮਿੱਠਾ ਤੇ ਪਿਆਰਾ ਗੀਤ। ਗੀਤ ਸੁਣਦਿਆਂ ਬਚਪਨ ਵਿਚ ਸੁਣਿਆ ਇੱਕ ਹੋਰ ਰਸੀਲਾ ਗੀਤ ਚੇਤਿਆਂ ਵਿਚ ਆ ਗਿਆ...
ਐ ਪੰਜਾਬ ਕਰਾਂ ਕੀ ਸਿਫ਼ਤ ਤੇਰੀ
ਸ਼ਾਨਾਂ ਦੇ ਸਭ ਸਾਮਾਨ ਤੇਰੇ!
ਜਲ ਪੌਣ ਤੇਰੀ, ਹਰਿਔਲ ਤੇਰੀ
ਦਰਿਆ, ਪਰਬਤ, ਮੈਦਾਨ ਤੇਰੇ!
ਪੰਜਾਬ ਕਰਾਂ ਕੀ... ...
ਇਨ੍ਹਾਂ ਪਿਆਰੇ ਗੀਤਾਂ ਨੇ ਹੀ ਸਬਬ ਬਣਾਇਆ ਕਿ ਇਨ੍ਹਾਂ ਨੂੰ ਸੁਣਦਿਆਂ ਤੇ ਯਾਦ ਕਰਦਿਆਂ ਕੈਨੇਡਾ ਵਸਦੀ ਪਿਆਰੀ ਤੇ ਜ਼ਹੀਨ ਕੁੜੀ ਕੈਰੀ ਨੈਲਸਨ ਮੇਰੀਆਂ ਯਾਦਾਂ ਵਿਚ ਘੁੰਮਣ ਲੱਗੀ ਜਿਸ ਨੇ ਪੰਜਾਬ ਦੀ ਧਰਤੀ ’ਤੇ ਵਿਚਰਦਿਆਂ ਅਤੇ ਪੰਜਾਬੀ ਲੋਕਾਂ ਦਾ ਖੁੱਲ੍ਹਾ-ਡੁੱਲ੍ਹਾ ਸੁਭਾਅ ਦੇਖ ਕੇ ਬੜੇ ਹੀ ਜੋਸ਼ ਨਾਲ ਕਿਹਾ ਸੀ- “ਜੇ ਦੁਨੀਆ ਵਿਚ ਕਿਤੇ ਸਵਰਗ ਹੈ ਤਾਂ ਉਹ ਪੰਜਾਬ ਦੀ ਧਰਤੀ ਹੈ।”
ਇਹ ਸੱਚੇ ਸੁੱਚੇ ਬੋਲ ਉਸ ਦੇ ਧੁਰ ਅੰਦਰੋਂ ਨਿਕਲੇ ਸਨ।
ਕੈਰੀ ਕੁਝ ਮਹੀਨੇ ਪਹਿਲਾਂ ਆਪਣੇ ਪਿਆਰੇ ਜੀਵਨ ਸਾਥੀ ਮਿਸਟਰ ਰੌਨ ਨਾਲ ਕੇਰਲ, ਤਾਮਿਲ ਨਾਡੂ, ਮਹਾਰਾਸ਼ਟਰ, ਗੁਜਰਾਤ ਤੇ ਰਾਜਸਥਾਨ ਘੁੰਮਣ ਤੋਂ ਬਾਅਦ ਪੰਜਾਬ ਦੀ ਫੇਰੀ ’ਤੇ ਆਈ ਸੀ। ਕੁਦਰਤੀ ਜਿਸ ਦਿਨ ਉਹ ਲੁਧਿਆਣੇ ਪਹੁੰਚੇ, ਉਸ ਤੋਂ ਅਗਲੇ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਦਿਹਾੜਾ ਸੀ। ਜਦੋਂ ਉਸ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਫ਼ਲਸਫ਼ੇ ਬਾਰੇ ਗੱਲ ਹੋਈ ਤਾਂ ਉਸ ਦਾ ਉਤਸ਼ਾਹ ਦੇਖਣ ਵਾਲਾ ਸੀ ਤੇ ਉਸ ਨੇ ਗੁਰਦੁਆਰੇ ਜਾਣ ਅਤੇ ਉਸ ਮਹਾਨ ਸ਼ਖ਼ਸੀਅਤ ਨੂੰ ਨਤਮਸਤਕ ਹੋਣ ਦੀ ਇੱਛਾ ਪ੍ਰਗਟਾਈ। ਉਹ ਪੰਜਾਬ ਵਿਚ ਪਹਿਲੀ ਵਾਰ ਆਈ ਸੀ। ਜਦੋਂ ਅਸੀਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਜਾ ਰਹੇ ਸੀ ਤਾਂ ਰਸਤੇ ਵਿਚ ਜਗ੍ਹਾ ਜਗ੍ਹਾ ’ਤੇ ਗੁਰੂ ਦੇ ਅਤੁੱਟ ਲੰਗਰ ਵਰਤਾਏ ਜਾ ਰਹੇ ਸੀ। ਗੁਰੂ ਦੇ ਸਿੰਘ ਆਉਣ ਜਾਣ ਵਾਲੀਆਂ ਸੰਗਤਾਂ ਨੂੰ ਹੱਥ ਜੋੜ ਕੇ ਗੁਰੂ ਦਾ ਲੰਗਰ ਛਕ ਕੇ ਜਾਣ ਦੀ ਬੇਨਤੀ ਕਰ ਰਹੇ ਸਨ। ਇਹ ਮੰਜ਼ਰ ਦੇਖ ਕੇ ਕੈਰੀ ਹੈਰਾਨ ਵੀ ਹੋ ਰਹੀ ਸੀ ਤੇ ਖੁਸ਼ੀ ਨਾਲ ਉਸ ਦੇ ਚਿਹਰੇ ਦਾ ਰੰਗ ਤੇ ਹਾਵ-ਭਾਵ ਵੀ ਬਦਲ ਰਹੇ ਸੀ। ਉਹ ਹੈਰਾਨ ਹੋਈ, ਖੁਸ਼ੀ ਨਾਲ ਕਹਿ ਰਹੀ ਸੀ, “ਏਨੀ ਸੇਵਾ ਭਾਵਨਾ ਉਸ ਨੇ ਦੁਨੀਆ ਦੇ ਕਿਸੇ ਵੀ ਮੁਲਕ ਵਿਚ ਨਹੀਂ ਦੇਖੀ। ਮੇਰੇ ਲਈ ਤਾਂ ਇਹ ਕਰਾਮਾਤ ਹੈ ਜੋ ਮੈਂ ਪਹਿਲੀ ਵਾਰ ਦੇਖ ਰਹੀ ਹਾਂ।”
ਉਸ ਨੇ ਲੰਗਰ ਛਕਣ ਦੀ ਇੱਛਾ ਜ਼ਾਹਿਰ ਕੀਤੀ ਤਾਂ ਅਸੀਂ ਗੱਡੀ ਪਾਸੇ ਕਰ ਕੇ ਲਾ ਦਿੱਤੀ। ਸਭਨਾਂ ਵੱਲ ਦੇਖ ਕੇ ਕੈਰੀ ਨੇ ਵੀ ਇੱਕ ਸਿੰਘ ਤੋਂ ਪਟਕਾ ਲਿਆ ਅਤੇ ਸਿਰ ਢਕ ਲਿਆ। ਹੁਣ ਉਹ ਭੁੰਜੇ ਬੈਠ ਕੇ ਬਹੁਤ ਹੀ ਪਿਆਰ ਤੇ ਚਾਅ ਨਾਲ ਲੰਗਰ ਛਕ ਰਹੀ ਸੀ। ਗੁਰੂ ਪਿਆਰਿਆਂ ਨੂੰ ਬੜੇ ਹੀ ਮੋਹ ਤੇ ਅਦਬ ਨਾਲ ਲੰਗਰ ਵਰਤਾਉਂਦਿਆਂ ਦੇਖ ਕੇ ਪਤਾ ਨਹੀਂ ਉਹਦੇ ਮਨ ਵਿਚ ਕੀ ਆਈ, ਉਹ ਯਕਦਮ ਉੱਠੀ ਤੇ ਇੱਕ ਸੇਵਾਦਾਰ ਤੋਂ ਪ੍ਰਸ਼ਾਦੇ ਫੜ ਕੇ ਪੰਗਤ ਵਿਚ ਬੈਠੀ ਸੰਗਤ ਨੂੰ ਪ੍ਰਸ਼ਾਦੇ ਵਰਤਾਉਣ ਲੱਗੀ। ਉਹ ਲਗਾਤਾਰ ਦੋ ਘੰਟੇ ਇਹ ਸੇਵਾ ਨਿਭਾਉਂਦੀ ਰਹੀ। ਕਿਸੇ ‘ਮੇਮ’ ਦਾ ਸੰਗਤਾਂ ਪ੍ਰਤੀ ਇੰਨਾ ਮੋਹ ਦੇਖ ਕੇ ਸੰਗਤ ਵੀ ਨਿਹਾਲ ਹੋ ਗਈ।
ਉਸ ਦਿਨ ਉਸ ਅੰਦਰ ਵੱਖਰਾ ਹੀ ਜੋਸ਼ ਭਰਿਆ ਰਿਹਾ। ਸ਼ਾਮ ਨੂੰ ਘਰ ਪਰਤੇ ਤਾਂ ਉਹ ਅੱਧੀ ਰਾਤ ਤਕ ਸਿੱਖ ਧਰਮ ਤੇ ਇਤਿਹਾਸ ਬਾਰੇ ਕਿੰਨੇ ਹੀ ਵੇਰਵੇ ਆਪਣੇ ਡਾਇਰੀ ਵਿਚ ਨੋਟ ਕਰਦੀ ਰਹੀ। ਇਹ ਸਭ ਕੁਝ ਸੁਣਦਿਆਂ ਥਕਾਵਟ ਤੇ ਨੀਂਦ ਕਿਧਰੇ ਵੀ ਉਸ ਦੇ ਨੇੜੇ ਤੇੜੇ ਨਹੀਂ ਸੀ। ਜਦੋਂ ਗੁਰ ਗੋਬਿੰਦ ਸਿੰਘ ਜੀ ਦਾ ਕਿੱਸਾ ਛੋਹਿਆ ਤਾਂ ਉਹ ਭਾਵੁਕ ਹੋ ਉੱਠੀ। ਕੌਮ ਲਈ ਉਨ੍ਹਾਂ ਦੇ ਜਿਗਰ ਦੇ ਟੁਕੜਿਆਂ ਦੀ ਕੁਰਬਾਨੀ ਦੀ ਗਾਥਾ ਸੁਣ ਕੇ ਕੈਰੀ ਦੀਆਂ ਅੱਖਾਂ ਨਮ ਹੋ ਗਈਆਂ। ਉਹ ਵਾਰ ਵਾਰ ਦੋਵੇਂ ਹੱਥ ਜੋੜ ਕੇ ਅੰਬਰ ਵੱਲ ਦੇਖਦੀ ਰਹੀ।
ਅਗਲੇ ਦਿਨ ਉਹਨੇ ਸ਼ਰਧਾ ਤੇ ਚਾਅ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੀਆਂ ਤਸਵੀਰਾਂ ਖਰੀਦੀਆਂ।ੇ ਉਨ੍ਹਾਂ ਤਸਵੀਰਾਂ ਨੂੰ ਉਹ ਬਹੁਤ ਹੀ ਗਹੁ ਨਾਲ ਦੇਖਦੀ ਰਹੀ।
ਉਸ ਤੋਂ ਅਗਲੇ ਦਿਨ ਜਦੋਂ ਉਨ੍ਹਾਂ ਨੇ ਸਾਡੇ ਕੋਲੋਂ ਰੁਖ਼ਸਤ ਹੋਣਾ ਸੀ, ਉਸ ਦਿਨ ਉਹ ਉਦਾਸ ਲੱਗ ਰਹੀ ਸੀ। ਜਦੋਂ ਉਹ ਜਾਣ ਲਈ ਗੱਡੀ ਵਿਚ ਬੈਠੀ ਤਾਂ ਅਸੀਂ ਦੇਖਿਆ ਕਿ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਉਹਨੇ ਬਹੁਤ ਖ਼ੂਬਸੂਰਤ ਕੱਪੜੇ ਵਿਚ ਪੈਕ ਕਰ ਕੇ ਰੱਖੀਆਂ ਹੋਈਆਂ ਸਨ। ਤੁਰਨ ਵੇਲੇ ਉਹਨੇ ਬਹੁਤ ਪਿਆਰ ਨਾਲ ਮੇਰੇ ਹੱਥ ਆਪਣੇ ਹੱਥਾਂ ਵਿਚ ਲੈ ਲਏ ਅਤੇ ਨਿੰਮੇ ਨਿੰਮੇ ਬੋਲ ਝਰਨੇ ਸ਼ੁਰੂ ਹੋ ਗਏ, “ਮੈਂ ਇਨ੍ਹਾਂ ਤਸਵੀਰਾਂ ਨੂੰ ਆਪਣੇ ਘਰ ਵਿਚ ਸਜਾਵਾਂਗੀ, ਇਨ੍ਹਾਂ ਤਸਵੀਰਾਂ ਨਾਲ ਮੇਰਾ ਘਰ ਕਿੰਨਾ ਖ਼ੂਬਸੂਰਤ ਹੋ ਜਾਵੇਗਾ।” ਇੰਨਾ ਕਹਿੰਦਿਆਂ ਉਸ ਦੇ ਚਿਹਰੇ ਦਾ ਨੂਰ ਦੇਖਣ ਵਾਲਾ ਸੀ।
ਉਨ੍ਹਾਂ ਦੀ ਗੱਡੀ ਤੁਰੀ ਤਾਂ ਮੈਂ ਦੇਖਿਆ, ਉਸ ਨੇ ਪੀਲੇ ਪਟਕੇ ਨਾਲ ਆਪਣਾ ਸਿਰ ਫਿਰ ਢਕ ਲਿਆ ਸੀ। ਉਹ ਦੂਰ ਤਕ ਸਾਡੇ ਵੱਲ ਦੇਖਦੀ ਹੱਥ ਹਿਲਾਉਂਦੀ ਗਈ। ਸਾਨੂੰ ਆਪਣਾ ਆਲਾ ਦੁਆਲਾ ਭਰਿਆ ਭਰਿਆ ਲੱਗ ਰਿਹਾ ਸੀ। ਸੋਚ ਰਿਹਾ ਸਾਂ, ਕੈਰੀ ਜਿਹੀਆਂ ਖ਼ੂਬਸੂਰਤ ਤੇ ਮੁਹੱਬਤੀ ਰੂਹਾਂ ਲਈ ਤਾਂ ਲੱਖਾਂ ਸਲਾਮ ਵੀ ਘੱਟ ਨੇ।
ਸੰਪਰਕ: 98142-53315