ਜ਼ਖ਼ਮਾਂ ’ਤੇ ਲੂਣ
ਹਰਿਆਣਾ ਦੇ ਭਾਜਪਾ ਰਾਜ ਸਭਾ ਮੈਂਬਰ ਰਾਮ ਚੰਦਰ ਜਾਂਗੜਾ ਦੀਆਂ ਪਹਿਲਗਾਮ ਦਹਿਸ਼ਤੀ ਹਮਲੇ ਦੇ ਪੀੜਤਾਂ ਬਾਰੇ ਟਿੱਪਣੀਆਂ- ਔਰਤਾਂ ਨੂੰ ‘ਬਹਾਦਰੀ’ ਨਾ ਦਿਖਾਉਣ ਲਈ ਦੋਸ਼ੀ ਠਹਿਰਾਉਣਾ ਅਤੇ ਇਸ ਨੂੰ ਜਜ਼ਬੇ ਦੀ ਘਾਟ ਨਾਲ ਜੋੜਨਾ- ਬਹੁਤ ਹੀ ਮਾੜੀਆਂ, ਗ਼ੈਰ-ਸੰਵੇਦਨਸ਼ੀਲ ਤੇ ਸ਼ਰਮਨਾਕ ਹਨ। ਕਿਸੇ ਮੌਜੂਦਾ ਸੰਸਦ ਮੈਂਬਰ ਦਾ 26 ਜਾਨਾਂ ਲੈਣ ਵਾਲੀ ਤ੍ਰਾਸਦੀ ਨੂੰ ਇਸ ਤਰ੍ਹਾਂ ਦੇਖਣਾ ਤੇ ਪੀੜਤਾਂ ਨਾਲ ਅਫ਼ਸੋਸ ਕਰਨ ਦੀ ਬਜਾਏ ਉਨ੍ਹਾਂ ਨੂੰ ਅਪਮਾਨਿਤ ਕਰਨਾ ਦਰਸਾਉਂਦਾ ਹੈ ਕਿ ਜਨਤਕ ਚਰਚਾਵਾਂ ਅੰਦਰ ਸੰਵੇਦਨਾ ਨੂੰ ਖ਼ੋਰਾ ਲੱਗ ਰਿਹਾ ਹੈ।
ਰਾਮ ਚੰਦਰ ਜਾਂਗੜਾ ਦੀਆਂ ਟਿੱਪਣੀਆਂ ਅਜਿਹੇ ਸਿਆਸੀ ਸਭਿਆਚਾਰ ਦੀਆਂ ਪ੍ਰਤੀਕ ਹਨ ਜਿੱਥੇ ਗੁੱਸੇ ਨੂੰ ਹਥਿਆਰ ਬਣਾ ਕੇ ਵਰਤਿਆ ਜਾਂਦਾ ਹੈ ਕਿਉਂਕਿ ਇਸ ਤਰ੍ਹਾਂ ਦਾ ਇਹ ਕੋਈ ਇਕੱਲਾ ਮਾਮਲਾ ਸਾਹਮਣੇ ਨਹੀਂ ਆਇਆ ਹੈ। ਅਸੀਂ ਅਜਿਹਾ ਰੁਝਾਨ ਦੇਖ ਰਹੇ ਹਾਂ ਜਿੱਥੇ ਸੱਤਾਧਾਰੀ ਪਾਰਟੀ ਦੇ ਨੇਤਾ ਕੋਈ ਸਜ਼ਾ ਨਾ ਮਿਲਣ ਦਾ ਫ਼ਾਇਦਾ ਚੁੱਕਦਿਆਂ ਪੀੜਤਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਭੜਕਾਊ ਅਤੇ ਬੇਰਹਿਮ ਬਿਆਨ ਦੇ ਰਹੇ ਹਨ। ਕੁਝ ਦਿਨ ਪਹਿਲਾਂ ਮੱਧ ਪ੍ਰਦੇਸ਼ ਦੇ ਸਾਬਕਾ ਭਾਜਪਾ ਨੇਤਾ ਕੁੰਵਰ ਵਿਜੇ ਸ਼ਾਹ ਨੇ ਇਹ ਅਪਮਾਨਜਨਕ ਟਿੱਪਣੀ ਕੀਤੀ ਸੀ। ਇਸ ਆਗੂ ਨੇ ਮਹਿਲਾ ਫ਼ੌਜੀ ਅਧਿਕਾਰੀ- ਜਿਸ ਨੂੰ ਅਪਰੇਸ਼ਨ ਸਿੰਧੂਰ ਦੌਰਾਨ ਮੀਡੀਆ ਨੂੰ ਜਾਣਕਾਰੀ ਦੇਣ ਦਾ ਜ਼ਿੰਮਾ ਸੌਂਪਿਆ ਗਿਆ ਸੀ- ਨੂੰ ਅਤਿਵਾਦੀਆਂ ਦੀ ‘ਭੈਣ’ ਆਖ ਦਿੱਤਾ ਸੀ, ਸਿਰਫ਼ ਉਸ ਦੇ ਧਰਮ ਕਰ ਕੇ। ਅਜਿਹੇ ਫ਼ਿਰਕੂ ਸੰਕੇਤ, ਖ਼ਾਸ ਕਰ ਕੇ ਰਾਸ਼ਟਰੀ ਸੋਗ ਦੇ ਪਲ ਵਿੱਚ, ਸਵੀਕਾਰਨਯੋਗ ਨਹੀਂ ਹਨ ਅਤੇ ਕਈ ਅਜਿਹੀਆਂ ਆਵਾਜ਼ਾਂ ਜ਼ਹਿਰ ਉਗ਼ਲ ਕੇ ਵੀ ਬਚ ਰਹੀਆਂ ਹਨ, ਜਦੋਂਕਿ ਹੋਰਾਂ ਨੂੰ ਇਸ ਤੋਂ ਕਿਤੇ ਘੱਟ ਇਲਜ਼ਾਮਾਂ ਲਈ ਚੁੱਪ ਕਰਾ ਦਿੱਤਾ ਜਾਂਦਾ ਹੈ। ਹਰਿਆਣਾ ਦੀ ਅਸ਼ੋਕਾ ਯੂਨੀਵਰਸਿਟੀ ਦੇ ਪ੍ਰੋਫੈਸਰ ਅਲੀ ਖਾਨ ਮਹਿਮੂਦਾਬਾਦ ਨੂੰ ਸੋਸ਼ਲ ਮੀਡੀਆ ਪੋਸਟ ਲਈ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ (ਤੇ ਚਾਰ ਦਿਨਾਂ ਬਾਅਦ ਜ਼ਮਾਨਤ ਮਿਲ ਗਈ) ਜੋ ਨਾ ਤਾਂ ਹਿੰਸਾ ਭੜਕਾਉਂਦੀ ਸੀ ਅਤੇ ਨਾ ਹੀ ਦੁਰਭਾਵਨਾ ਨਾਲ ਭਰੀ ਸੀ, ਪਰ ਇਸ ਨੂੰ ਅਜਿਹੀ ਸੱਤਾਧਾਰੀ ਧਿਰ ਵੱਲੋਂ ਅਪਮਾਨਜਨਕ ਮੰਨਿਆ ਗਿਆ ਜੋ ਅਸਹਿਮਤੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਦੀ। ਇਸ ਤੋਂ ਵੱਧ ਦੋਗਲਾਪਨ ਕੋਈ ਹੋਰ ਨਹੀਂ ਹੋ ਸਕਦਾ।
ਕੀ ਇਹੀ ‘ਨਿਊ ਨਾਰਮਲ’ ਹੈ? ਬਸ ਦੂਰੀ ਬਣਾ ਲੈਣਾ (ਜਿਵੇਂ ਰਾਮ ਚੰਦਰ ਜਾਂਗੜਾ ਦੇ ਮਾਮਲੇ ਵਿੱਚ) ਜਾਂ ਜਵਾਬਦੇਹੀ ਤੋਂ ਬਿਨਾਂ ਅੱਧੀ-ਅਧੂਰੀ ਮੁਆਫੀ (ਜਿਵੇਂ ਸ਼ਾਹ ਵੱਲੋਂ ਮੰਗੀ ਗਈ) ਕਾਫ਼ੀ ਨਹੀਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਦਿਖਾਉਣ ਲਈ ਨਹੀਂ, ਬਲਕਿ ਉਸ ਗਣਰਾਜ ਦਾ ਮਾਣ ਰੱਖਣ ਲਈ ਲਈ ਜਿਸ ਦੀ ਸੇਵਾ ’ਚ ਉਹ ਲੱਗੇ ਹੋਏ ਹਨ। ਜੇ ਸ਼ਰਮ ਕਰ ਕੇ ਹੁਣ ਕੋਈ ਨਹੀਂ ਰੁਕਦਾ ਅਤੇ ਬੇਹੂਦਗੀ ਨੂੰ ਚੁੱਪ ਰਹਿ ਕੇ ਸਨਮਾਨਿਆ ਜਾਂਦਾ ਹੈ ਤਾਂ ਇਹ ਖ਼ਰਾਬੀ ਸਿਰਫ਼ ਵਿਅਕਤੀਆਂ ਵਿੱਚ ਹੀ ਨਹੀਂ ਬਲਕਿ ਪੂਰੇ ਤੰਤਰ ਅੰਦਰ ਵੜ ਚੁੱਕੀ ਹੈ ਅਤੇ ਅੱਜ ਦੇ ਸਮਿਆਂ ਵਿੱਚ ਹੁਣ ਇਹ ਸਾਧਾਰਨ ਗੱਲ ਨਹੀਂ ਰਹੀ। ਇਸ ਨਾਲ ਸਾਡਾ ਸਿਆਸੀ ਪਿੜ ਹੀ ਨਹੀਂ ਬਲਕਿ ਸਮਾਜਿਕ ਤਾਣਾ-ਬਾਣਾ ਵੀ ਬਹੁਤ ਜਿ਼ਆਦਾ ਪ੍ਰਭਾਵਿਤ ਹੋ ਰਿਹਾ ਹੈ, ਸਦਭਾਵਨਾ ਨੂੰ ਵੀ ਠੇਸ ਪੁੱਜ ਰਹੀ ਹੈ। ਇਸ ਲਈ ਹੁਣ ਹੀ ਉਹ ਵਕਤ ਹੈ ਜਦੋਂ ਸਾਨੂੰ ਸਾਰਿਆਂ ਨੂੰ ਇਸ ਬਾਰੇ ਫ਼ਿਕਰ ਕਰਨ ਦੀ ਲੋੜ ਹੈ ਤਾਂ ਕਿ ਅਜਿਹੀਆਂ ਕਾਰਵਾਈਆਂ ਨੂੰ ਤੁਰੰਤ ਠੱਲ੍ਹ ਪਾਈ ਜਾ ਸਕੇ।