For the best experience, open
https://m.punjabitribuneonline.com
on your mobile browser.
Advertisement

ਸਾਲਮਨ ਮੱਛੀਆਂ ਦਾ ਪਰਵਾਸ

07:24 AM Oct 16, 2024 IST
ਸਾਲਮਨ ਮੱਛੀਆਂ ਦਾ ਪਰਵਾਸ
Advertisement

ਹਰਜੀਤ ਸਿੰਘ
ਮੈਂ ਟੋਰਾਂਟੋ ਏਅਰਪੋਰਟ ’ਤੇ ਬੈਠਾ ਆਪਣੀ ਫਲਾਈਟ ਦਾ ਇੰਤਜ਼ਾਰ ਕਰ ਰਿਹਾ ਸੀ। ਨੇੜੇ ਹੀ ਟਿਮ ਹੌਰਟਨ’ਜ਼ ਸੀ। ਕੌਫ਼ੀ ਦੀ ਮਹਿਕ ਨੇ ਕੌਫ਼ੀ ਪੀਣ ਲਈ ਮਜਬੂਰ ਕਰ ਦਿੱਤਾ। ਦੋ ਕੱਪ ਕੌਫ਼ੀ (ਆਪਣੇ ਅਤੇ ਆਪਣੀ ਪਤਨੀ ਲਈ) ਦਾ ਆਰਡਰ ਕੀਤਾ। ਪੈਸੇ ਦੇ ਕੇ ਜਦੋਂ ਮੁੜਨ ਲੱਗਿਆ ਤਾਂ ਕਾਊਂਟਰ ’ਤੇ ਬੈਠੀ ਪੰਜਾਬੀ ਕੁੜੀ ਨੇ ਦੋ ਡੋਨਟ ਫੜਾ ਦਿੱਤੇ। ਮੈਂ ਪੈਸੇ ਪੁੱਛੇ ਤਾਂ ਅੱਗੋਂ ਜਵਾਬ ਮਿਲਿਆ, ‘‘ਲੈ ਜਾਓ ਅੰਕਲ ਜੀ, ਤੁਹਾਡੇ ਵਾਸਤੇ ਮੇਰੇ ਵੱਲੋਂ ਫਰੀ ਗਿਫਟ ਹੈ।’’ ਇਹ ਆਖ ਕੇ ਉਸ ਨੇ ਮੂੰਹ ਦੂਜੇ ਪਾਸੇ ਕਰ ਲਿਆ। ਸ਼ਾਇਦ ਉਹ ਮੇਰੇ ਜ਼ਰੀਏ ਕਿਸੇ ਆਪਣੇ ਨੂੰ ਲੱਭ ਰਹੀ ਸੀ। ਮੈਂ ਵੀ ਕੁਝ ਉਦਾਸ ਹੋ ਕੇ ਤੁਰ ਪਿਆ। ਵਾਪਸ ਆ ਕੇ ਇੱਕ ਕੱਪ ਆਪਣੀ ਪਤਨੀ ਨੂੰ ਫੜਾ ਦਿੱਤਾ। ਦੋਵੇਂ ਕੌਫ਼ੀ ਪੀਣ ਲੱਗ ਪਏ।
ਲਾਗੇ ਬੈਠੀ ਔਰਤ ਨੇ ਪੁੱਛਿਆ, ‘‘ਚਾਹ ਕਿੱਥੋਂ ਮਿਲਦੀ ਹੈ?’’
‘‘ਆਹ ਪਿਛਲੇ ਪਾਸੇ ਵੇਖੋ ਟਿਮ ਹੌਰਟਨ’ਜ਼ ਹੈ।’’ ਮੈਂ ਜਵਾਬ ਦਿੱਤਾ।
‘‘ਤੁਸੀਂ ਮੈਨੂੰ ਇੱਕ ਚਾਹ ਦਾ ਕੱਪ ਲਿਆ ਦੇਵੋਗੇ? ਮੇਰਾ ਚਾਹ ਪੀਣ ਨੂੰ ਬਹੁਤ ਜੀ ਕਰਦਾ ਹੈ, ਪਰ ਮੈਨੂੰ ਸਮਝ ਨਹੀਂ ਕੀ ਕਹਿਣਾ ਹੈ।’’ ਉਸ ਨੇ ਆਖਿਆ। ‘‘ਕੋਈ ਨਹੀਂ, ਮੈਂ ਕੌਫ਼ੀ ਪੀ ਕੇ ਲਿਆ ਦਿੰਦਾ ਹਾਂ।’’
ਜਦੋਂ ਤੁਰਨ ਲੱਗਾ ਤਾਂ ਉਸ ਨੇ ਪਰਸ ਵਿੱਚੋਂ ਪੰਜ ਡਾਲਰ ਕੱਢੇ। ‘‘ਆਹ ਲਓ, ਮੇਰੀ ਧੀ ਨੇ ਦੋ ਦੇ, ਪੰਜ ਦੇ ਅਤੇ ਦਸ, ਵੀਹ ਦੇ ਡਾਲਰ ਮੇਰੇ ਪਰਸ ਵਿੱਚ ਪਾ ਦਿੱਤੇ ਸਨ। ਕਹਿੰਦੀ ਸੀ ਰਾਹ ਵਿੱਚ ਜੀ ਕਰੇ ਤਾਂ ਕੁਝ ਖਾ ਲੈਣਾ।’’ ਮੈਂ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ, ਪਰ ਉਸ ਨੇ ਬਦੋਬਦੀ ਪੰਜ ਡਾਲਰ ਮੈਨੂੰ ਫੜਾ ਦਿੱਤੇ। ਮੈਂ ਚਾਹ ਲੈ ਆਇਆ ਤੇ ਬਾਕੀ ਪੈਸੇ ਉਸ ਨੂੰ ਫੜਾ ਦਿੱਤੇ।
‘‘ਕੈਨੇਡਾ, ਕਿੱਥੇ ਕਿੱਥੇ ਘੁੰਮੇ, ਕੀ ਕੁਝ ਵੇਖਿਆ?’’ ਮੈਂ ਉਸ ਨੂੰ ਸਵਾਲ ਕੀਤਾ। ‘‘ਘੁੰਮਣਾ ਕਿੱਥੇ ਸੀ ਵੀਰ ਜੀ! ਮੈਂ ਤਾਂ ਘਰ ਦੇ ਤਿੰਨ ਕਮਰਿਆਂ ਅਤੇ ਰਸੋਈ ਵਿੱਚ ਹੀ ਸਫ਼ਰ ਕਰਦੀ ਰਹੀ। ਭਾਈ ਪਿੰਦਰਪਾਲ ਸਿੰਘ ਦੀਆਂ ਕੈਸੇਟਾਂ ਸੁਣ ਕੇ ਸਮਾਂ ਬਤੀਤ ਕਰਦੀ ਰਹੀ। ਮੈਂ ਨਾਨੀ ਬਣ ਗਈ ਸੀ। ਛੇ ਮਹੀਨੇ ਦੋਹਤੇ ਨੂੰ ਸੰਭਾਲ ਕੇ ਵਾਪਸ ਪਿੰਡ ਜਾ ਰਹੀ ਹਾਂ। ਹੁਣ ਉਸ ਦੀ ਦਾਦੀ ਆ ਜਾਵੇਗੀ।’’ ਉਸ ਨੇ ਆਖਿਆ।
ਕੈਨੇਡਾ ਵਿੱਚ ਰਹਿ ਰਹੇ ਬਹੁਤੇ ਬਜ਼ੁਰਗਾਂ ਦੀ ਦਸ਼ਾ ਇਸ ਨਾਲ ਮਿਲਦੀ-ਜੁਲਦੀ ਹੈ, ਪਰ ਇਸ ਗੱਲੋਂ ਮੈਂ ਬਹੁਤ ਖ਼ੁਸ਼ਕਿਸਮਤ ਹਾਂ। ਮੇਰੇ ਬੱਚੇ, ਮੇਰਾ ਪੂਰਾ ਧਿਆਨ ਰੱਖਦੇ ਹਨ, ਖ਼ੂਬ ਘੁੰਮਾਉਂਦੇ ਹਨ। ਦੁਨੀਆ ਦੇ ਸੱਤ ਅਜੂਬਿਆਂ ਵਿੱਚੋਂ ਇੱਕ ਨਿਆਗਰਾ ਫਾਲ ਸਰਦੀਆਂ ਅਤੇ ਗਰਮੀਆਂ ਦੋਵੇਂ ਮੌਸਮਾਂ ਵਿੱਚ ਵੇਖਿਆ ਹੈ। ਦੋਵੇਂ ਮੌਸਮਾਂ ਵਿੱਚ ਇਸ ਦਾ ਰੂਪ ਵੱਖਰਾ ਲੱਗਾ ਹੈ। ਬਲਿਊ ਮਾਊਂਟੇਨ, ਸੀਐੱਨਐੱਨ ਟਾਵਰ...ਸ਼ਾਇਦ ਹੀ ਕੁਝ ਵੇਖਣ ਵਾਲਾ ਰਹਿ ਗਿਆ ਹੋਵੇ। ਛੁੱਟੀ ਵਾਲੇ ਦਿੱਨ ਬੱਚਿਆਂ ਨੇ ਪਹਿਲਾਂ ਹੀ ਪ੍ਰੋਗਰਾਮ ਬਣਾਇਆ ਹੁੰਦਾ ਸੀ। ਮੈਂ ਉੱਥੇ ਬੈਠਾ-ਬੈਠਾ ਆਪਣੀਆਂ ਘੁੰਮੀਆਂ ਹੋਈਆਂ ਥਾਵਾਂ ਅਤੇ ਬੱਚਿਆਂ ਵੱਲੋਂ ਮਿਲੇ ਪਿਆਰ ਤੇ ਸਤਿਕਾਰ ਨੂੰ ਯਾਦ ਕਰਨ ਲੱਗਾ। ਮੈਨੂੰ ਪਤਾ ਹੀ ਨਾ ਲੱਗਾ ਕਦੋਂ ਮੇਰੀਆਂ ਅੱਖਾਂ ਅੱਗੇ ਹਾਲ ਹੀ ਵਿੱਚ ਦੇਖੀਆਂ ਸਾਲਮਨ ਮੱਛੀਆਂ ਦੇ ਪਰਵਾਸ ਦੀ ਰੀਲ੍ਹ ਘੁੰਮਣ ਲੱਗੀ।

Advertisement


‘‘ਪਾਪਾ, ਸਵੇਰੇ ਦਸ ਵਜੇ ਤੱਕ ਨਾਸ਼ਤਾ ਕਰਕੇ ਤਿਆਰ ਹੋ ਜਾਣਾ, ਅਸੀਂ ਸਾਲਮਨ ਮੱਛੀਆਂ ਵੇਖਣ ਜਾਣਾ ਹੈ। ਉਹ ਟੋਰਾਂਟੋ ਪਹੁੰਚ ਗਈਆਂ ਹਨ।’’ ਇੱਕ ਦਿਨ ਬੱਚਿਆਂ ਨੇ ਆਖਿਆ।
‘‘ਸਾਲਮਨ ਮੱਛੀਆਂ।’’ ਮੈਂ ਹੈਰਾਨੀ ਨਾਲ ਪੁੱਛਿਆ।
‘‘ਹਾਂ, ਹਾਂ... ਸਾਲਮਨ ਮੱਛੀਆਂ। ਤੁਸੀਂ ਡਿਸਕਵਰੀ ਚੈਨਲ ਤਾਂ ਵੇਖਦੇ ਹੀ ਹੋ, ਉਹ ਸਮੁੰਦਰ ਛੱਡ ਆਪਣੀ ਜਨਮ ਭੂਮੀ ਵੱਲ ਤੁਰ ਪਈਆਂ ਹਨ।’’
ਫਿਰ ਅਸੀਂ ਉਨ੍ਹਾਂ ਨੂੰ ਦੇਖਣ ਲਈ ਟੋਰਾਂਟੋ ਪਹੁੰਚ ਗਏ। ਦਰਿਆ ’ਤੇ ਪਹੁੰਚਣ ਲਈ ਸੜਕ ’ਤੇ ਥੋੜ੍ਹੀ ਦੂਰ ਹੀ ਗਏ ਸੀ ਕਿ ਸੜਕ ਟੁੱਟ ਟੁੱਟ ਕੇ ਚੱਲਣ ਜੋਗੀ ਵੀ ਨਹੀਂ ਸੀ ਰਹਿ ਗਈ। ਪਿਛਲੇ ਦਿਨੀਂ ਆਏ ਜ਼ਬਰਦਸਤ ਹੜ੍ਹਾਂ ਨੇ ਦਰਿਆ ਦੇ ਕੰਢਿਆਂ ਨੂੰ ਤਹਿਸ ਨਹਿਸ ਕਰ ਦਿੱਤਾ ਸੀ। ਦੋ-ਤਿੰਨ ਜਣਿਆਂ ਨੂੰ ਪੁੱਛਿਆ, ਸਾਰਿਆਂ ਨੇ ਇਹੋ ਜਵਾਬ ਦਿੱਤਾ ਕਿ ਰਸਤਾ ਬਹੁਤ ਮਾੜਾ ਹੈ, ਇਸ ਲਈ ਜਾਣਾ ਖਤਰੇ ਤੋਂ ਖਾਲੀ ਨਹੀਂ ਹੈ, ਖ਼ਾਸ ਤੌਰ ’ਤੇ ਜਦੋਂ ਤੁਹਾਡੇ ਕੋਲ ਛੋਟਾ ਬੱਚਾ ਹੈ। ਅਸੀਂ ਨਿਰਾਸ਼ ਹੋ ਕੇ ਵਾਪਸ ਮੁੜ ਆਏ। ਬੱਚਿਆਂ ਦੇ ਮਨ ਵਿੱਚ ਮੈਨੂੰ ਸਾਲਮਨ ਮੱਛੀਆਂ ਦਿਖਾਉਣ ਦੀ ਰੀਝ ਅਧੂਰੀ ਰਹਿ ਗਈ, ਪਰ ਉਨ੍ਹਾਂ ਨੇ ਇਸ ਦਾ ਹੱਲ ਲੱਭ ਲਿਆ ਸੀ।
‘‘ਪਾਪਾ, ਮੱਛੀਆਂ ਹੰਬਰ ਦਰਿਆ ਵਿੱਚ ਪਹੁੰਚ ਗਈਆਂ ਹਨ, ਇੱਥੋਂ ਪੌਣੇ ਕੁ ਘੰਟੇ ਦਾ ਰਸਤਾ ਹੈ। ਆਪਾਂ ਕੱਲ੍ਹ ਜਾਵਾਂਗੇੇ।’’ ਕੁਝ ਦਿਨਾਂ ਬਾਅਦ ਬੱਚਿਆਂ ਨੇ ਫਿਰ ਪ੍ਰੋਗਰਾਮ ਦੱਸ ਦਿੱਤਾ। ਨਿਰਧਾਰਤ ਸਮੇਂ ’ਤੇ ਅਸੀਂ ਹੰਬਰ ਦਰਿਆ ਦੇ ਕੰਢੇ ’ਤੇ ਪਹੁੰਚ ਗਏ।
ਸਾਲਮਨ ਮੱਛੀਆਂ ਆਪਣੀ ਜ਼ਿੰਦਗੀ ਤਾਜ਼ੇ ਪਾਣੀ ਵਿੱਚ ਸ਼ੁਰੁੂ ਕਰਦੀਆਂ ਹਨ ਅਤੇ ਫਿਰ ਗਹਿਰੇ ਸਮੁੰਦਰ ਵਿੱਚ ਪਰਵਾਸ ਕਰਦੀਆਂ ਹਨ। ਉੱਥੇ ਵੱਡੀਆਂ ਹੁੰਦੀਆਂ ਹਨ, ਛੋਟੀਆਂ ਮੱਛੀਆਂ ਨੂੰ ਖਾਂਦੀਆਂ ਹਨ। ਜਦੋਂ ਆਂਡੇ ਦੇਣ ਦੇ ਕਾਬਲ ਹੋ ਜਾਂਦੀਆਂ ਹਨ ਤਾਂ ਫਿਰ ਆਪਣੀ ਜਨਮ ਭੂਮੀ ਵੱਲ ਪਰਤਦੀਆਂ ਹਨ। ਉੱਥੇ ਆ ਕੇ ਆਪਣੀ ਨਸਲ ਨੂੰ ਕਾਇਮ ਰੱਖਣ ਲਈ ਆਂਡੇ ਦਿੰਦੀਆਂ ਹਨ ਅਤੇ ਫਿਰ ਮਰ ਜਾਂਦੀਆਂ ਹਨ। ਇੱਕ ਮੱਛੀ 1500 ਤੋਂ 10000 ਆਂਡੇ ਦਿੰਦੀ ਹੈ ਜਿਨ੍ਹਾਂ ਵਿੱਚੋਂ ਸਿਰਫ਼ 0-10 ਹੀ ਬਚਦੇ ਹਨ। ਉਨ੍ਹਾਂ ਵਿੱਚ ਆਂਡੇ ਦੇਣ ਉਪਰੰਤ ਵਾਪਸ ਜਾਣ ਯੋਗ ਤਾਕਤ ਬਚਦੀ ਹੀ ਨਹੀਂ ਤਾਂ ਇਹ ਮਰ ਜਾਂਦੀਆਂ ਹਨ। ਰਸਤੇ ਵਿੱਚ ਦੂਜੇ ਜਾਨਵਰ ਜਿਵੇਂ ਰਿੱਛ ਅਤੇ ਪੰਛੀ ਇਨ੍ਹਾਂ ਨੂੰ ਖਾ ਜਾਂਦੇ ਹਨ। ਇਹ ਪਰਵਾਸ ਸਤੰਬਰ ਤੋਂ ਨਵੰਬਰ ਤੱਕ ਹੁੰਦਾ ਹੈ। ਮਰੀਆਂ ਹੋਈਆਂ ਮੱਛੀਆਂ ਪਾਣੀ ਨੂੰ ਪੋਸ਼ਣ ਪ੍ਰਦਾਨ ਕਰਦੀਆਂ ਹਨ। ਮਰੀਆਂ ਹੋਈਆਂ ਮੱਛੀਆਂ ਨੂੰ ਮਨੁੱਖ ਨਹੀਂ ਖਾਂਦੇ। ਸਾਲਮਨ ਮੱਛੀਆਂ ਦੀਆਂ ਪੰਜ ਕਿਸਮਾਂ ਹਨ। ਚਿਨੂਕ, ਚਮ, ਕੋਹੋ, ਸੋਕੀ ਅਤੇ ਪਿੰਕ। ਉਹ ਵਾਸ਼ਿੰਗਟਨ ਦੇ ਪਾਣੀਆਂ ਵਿੱਚ ਰਹਿੰਦੀਆਂ ਹਨ। ਚਿਨੂਕ ਅਤੇ ਕੋਹੋ ਮੱਛੀਆਂ ਨੂੰ ਓਂਟਾਰੀਓ ਝੀਲ ਵਿੱਚ ਪਾਇਆ ਗਿਆ ਅਤੇ ਹੁਣ ਇਹ ਟੋਰਾਂਟੋ ਦੇ ਦਰਿਆਵਾਂ ਵਿੱਚ ਵੇਖੀਆਂ ਜਾ ਸਕਦੀਆਂ ਹਨ।
ਸਾਲਮਨ ਮੱਛੀਆਂ ਪਾਣੀ ਦੇ ਵਹਾਅ ਦੇ ਉਲਟ ਤਾਜ਼ੇ ਪਾਣੀਆਂ ਵਿੱਚ 3000 ਤੋਂ ਵੱਧ ਕਿਲੋਮੀਟਰ ਦਾ ਸਫ਼ਰ ਤੈਅ ਕਰਦੀਆਂ ਹਨ। ਇੱਕ ਦਿਨ ਵਿੱਚ ਇਹ 50 ਕਿਲੋਮੀਟਰ ਦਾ ਸਫ਼ਰ ਤੈਅ ਕਰਦੀਆਂ ਹਨ। ਹੰਬਰ ਦਰਿਆ ਵਿੱਚ ਕੁਝ ਕੁਝ ਦੂਰੀ ’ਤੇ ਫਾਲ/ਡੈਮ ਜਾਂ ਠੋਕਰਾਂ ਬਣਾਈਆਂ ਗਈਆਂ ਹਨ। ਸਾਲਮਨ ਮੱਛੀਆਂ ਨੂੰ ਆਪਣੇ ਟਿਕਾਣੇ ’ਤੇ ਪਹੁੰਚਣ ਲਈ ਪਾਣੀ ਦੇ ਵਹਾਅ ਦੇ ਉਲਟ ਛਾਲ ਮਾਰ ਕੇ ਫਾਲ/ਡੈਮ /ਠੋਕਰਾਂ ਨੂੰ ਪਾਰ ਕਰਨਾ ਹੁੰਦਾ ਹੈ। ਦੋ ਤਿੰਨ ਘੰਟੇ ਇਨ੍ਹਾਂ ਨੂੰ ਵਾਚਣ ’ਤੇ ਸਿਰਫ਼ ਇੱਕ ਹੀ ਮੱਛੀ ਨੂੰ ਫਾਲ ਦੇ ਪਰਲੇ ਪਾਸੇ ਜਾਂਦੇ ਵੇਖਿਆ, ਬਾਕੀ ਸਾਰੀਆਂ ਵਾਪਸ ਪਾਣੀ ਵਿੱਚ ਡਿੱਗਦੀਆਂ ਹੀ ਵੇਖੀਆਂ। ਦਰਿਆ ਵਿੱਚ ਪਾਣੀ ਘੱਟ ਸੀ। ਦਰਿਆ ਵਿੱਚ ਪੱਥਰ ਵੀ ਦਿਖਾਈ ਦਿੰਦੇ ਸਨ ਜਿਨ੍ਹਾਂ ਨਾਲ ਟਕਰਾ ਕੇ ਇਨ੍ਹਾਂ ਦੀ ਮੌਤ ਵੀ ਆਪਣੀ ਜਨਮ ਭੂਮੀ ’ਤੇ ਪਹੁੰਚਣ ਤੋਂ ਪਹਿਲਾਂ ਹੀ ਹੋ ਜਾਂਦੀ ਹੈ।
ਇਨ੍ਹਾਂ ਨੂੰ ਕਿਸ ਤਰ੍ਹਾਂ ਪਤਾ ਲੱਗ ਜਾਂਦਾ ਹੈ ਕਿ ਕਿਸ ਰਸਤੇ ਜਾਣਾ ਹੈ। ਵਿਗਿਆਨੀਆਂ ਅਨੁਸਾਰ ਇਹ ਧਰਤੀ ਦੇ ਮੈਗਨੈਟਿਕ ਸਿਸਟਮ ਕੰਪਾਸ ਦੀ ਵਰਤੋਂ ਕਰਦੀਆਂ ਹਨ। ਜਦੋਂ ਇਨ੍ਹਾਂ ਨੂੰ ਵਾਪਸ ਜਾਣ ਲਈ ਨਦੀ ਜਾਂ ਦਰਿਆ ਮਿਲ ਜਾਂਦਾ ਹੈ ਤਾਂ ਫਿਰ ਇਹ ਗੰਧ ਦੀ ਵਰਤੋਂ ਕਰਦੀਆਂ ਹਨ। ਜੇਕਰ ਕੋਈ ਮੱਛੀ ਆਪਣਾ ਰਸਤਾ ਨਹੀਂ ਲੱਭ ਸਕੀ ਤਾਂ ਉਹ ਆਪਣੀ ਪੂਰੀ ਤਾਕਤ ਰਸਤਾ ਲੱਭਣ ਲਈ ਲਗਾ ਦਿੰਦੀ ਹੈ ਅਤੇ ਅੰਤ ਵਿੱਚ ਮਰ ਜਾਂਦੀ ਹੈ। ਦੂਜੀਆਂ ਸਾਲਮਨ ਮੱਛੀਆਂ ਦੇ ਉਲਟ ਐਟਲਾਂਟਿਕ ਸਾਲਮਨ ਮੱਛੀਆਂ ਆਂਡੇ ਦੇਣ ਉਪਰੰਤ ਵਾਪਸ ਝੀਲ/ਸਮੁੰਦਰ ਵਿੱਚ ਆ ਜਾਂਦੀਆਂ ਹਨ, ਪਰ ਉਹ ਏਨੀਆਂ ਕਮਜ਼ੋਰ ਹੋ ਚੁੱਕੀਆਂ ਹੁੰਦੀਆਂ ਹਨ ਕਿ ਸਿਰਫ਼ ਹੱਡੀਆਂ ਹੀ ਬਾਕੀ ਬਚੀਆਂ ਹੁੰਦੀਆਂ ਹਨ। ਜਿਹੜੀਆਂ ਇਨਸਾਨਾਂ ਦੇ ਖਾਣ ਦੇ ਲਾਇਕ ਬਚਦੀਆਂ ਹੀ ਨਹੀਂ।
ਇਨ੍ਹਾਂ ਮੱਛੀਆਂ ਦਾ ਜੀਵਨ ਜਨਮ ਤੋਂ ਮਰਨ ਤੱਕ ਸੰਘਰਸ਼ਮਈ ਹੁੰਦਾ ਹੈ। ਜਨਮ ਤਾਜ਼ੇ ਪਾਣੀ ਵਿੱਚ, ਜਵਾਨੀ ਖਾਰੇ ਪਾਣੀ ਵਿੱਚ ਅਤੇ ਆਪਣੇ ਬੱਚਿਆਂ ਨੂੰ ਜਨਮ ਦੇਣ ਲਈ ਵਾਪਸ ਤਾਜ਼ੇ ਪਾਣੀ ਵਿੱਚ ਆਉਣਾ ਹੁੰਦਾ ਹੈ। ਰਸਤੇ ਵਿੱਚ ਸਮੁੰਦਰੀ ਜੀਵ ਇਨ੍ਹਾਂ ਦਾ ਸ਼ਿਕਾਰ ਕਰਦੇ ਹਨ। ਤਾਜ਼ੇ ਪਾਣੀ ਵਿੱਚ ਕੁੰਡੀਆਂ ਲਾ ਕੇ ਬੈਠੇ ਮਨੁੱਖ, ਪਾਣੀ ਦੇ ਵਹਾਅ ਦੇ ਉਲਟ ਚੱਲਣਾ, ਦਰਿਆ ਵਿਚਲੇ ਪੱਥਰ ਆਦਿ ਇਨ੍ਹਾਂ ਦੇ ਦੁਸ਼ਮਣ ਹਨ। ਇਹ ਮੱਛੀਆਂ, ਮੱੱਛੀ ਸੰਸਾਰ ਦੀਆਂ ਅਸਲ ਰੌਕ ਸਟਾਰ ਹਨ। ਗੋਰੇ ਲੋਕ ਘੰਟਿਆਂ ਬੱਧੀ ਦੂਰਬੀਨ ਲਗਾ ਕੇ ਇਨ੍ਹਾਂ ਨੂੰ ਨਿਹਾਰਦੇ ਰਹਿੰਦੇ ਹਨ।
ਨਿਚੋੜ ਇਹ ਹੈ ਕਿ ਸਿਰਫ਼ ਇਨਸਾਨ ਹੀ ਪਰਵਾਸ ਨਹੀਂ ਕਰਦਾ ਬਲਕਿ ਇਸ ਧਰਤੀ ’ਤੇ ਵਸਦੇ ਜਾਨਵਰ, ਪੰਛੀ ਅਤੇ ਸਮੁੰਦਰ ਵਿੱਚ ਰਹਿਣ ਵਾਲੇ ਜੀਵ-ਜੰਤੂ ਵੀ ਪਰਵਾਸ ਕਰਦੇ ਹਨ। ਜਾਨਵਰ ਅਤੇ ਪੰਛੀ ਭੋਜਨ ਲਈ ਪਰਵਾਸ ਕਰਦੇ ਹਨ। ਮਨੁੱਖ ਵੀ ਆਪਣਾ ਜੀਵਨ ਪੱਧਰ ਉੱਚਾ ਚੁੱਕਣ ਲਈ ਪਰਵਾਸ ਕਰਦਾ ਹੈ। ਜਾਨਵਰ, ਪੰਛੀ ਤੇ ਜੀਵ ਜੰਤੂ ਪਰਵਾਸ ਤੋਂ ਬਾਅਦ ਆਪਣੀ ਜਨਮ ਭੁੂਮੀ ’ਤੇ ਮੁੜ ਆਉਂਦੇ ਹਨ। ਪੰਜਾਬ ਦੇ ਹਰੀਕੇ ਵਿਖੇ ਵੱਡੀ ਗਿਣਤੀ ਵਿੱਚ ਪੰਛੀ ਹਜ਼ਾਰਾਂ ਮੀਲਾਂ ਦਾ ਸਫ਼ਰ ਕਰਕੇ ਪਹੁੰਚਦੇ ਹਨ ਅਤੇ ਫਿਰ ਮੌਸਮ ਦੇ ਬਦਲਣ ਨਾਲ ਵਾਪਸ ਚਲੇ ਜਾਂਦੇ ਹਨ। ਗੁਰਬਾਣੀ ਵਿੱਚ ਵੀ ਕੂੰਜਾਂ ਦਾ ਜ਼ਿਕਰ ਆਉਂਦਾ ਹੈ।
ਸੰਪਰਕ: 92177-01415 (ਵਟਸਐਪ)

Advertisement

Advertisement
Author Image

Advertisement