ਸਲਮਾਨ ਰਸ਼ਦੀ ਦਾ ਹੌਸਲਾ
ਸਲਮਾਨ ਰਸ਼ਦੀ ਨੇ ਬਿਨਾਂ ਸ਼ੱਕ ਇਹ ਸਾਬਿਤ ਕੀਤਾ ਹੈ ਕਿ ਕਲਮ ਦੀ ਧਾਰ ਤਲਵਾਰ ਜਾਂ ਕਹਿ ਲਈਏ ਕਿ ਚਾਕੂ ਤੋਂ ਤਿੱਖੀ ਹੁੰਦੀ ਹੈ। ਨਿਊਯਾਰਕ ’ਚ ਮੰਚ ’ਤੇ ਇਕ ਨੌਜਵਾਨ ਵੱਲੋਂ ਚਾਕੂ ਨਾਲ ਕੀਤਾ ਹਮਲਾ ਸਹਾਰਨ ਤੋਂ ਕਰੀਬ ਡੇਢ ਸਾਲ ਬਾਅਦ ਲੇਖਕ ਇਸ ਘਟਨਾ ’ਤੇ ਆਧਾਰਿਤ ਆਪਣੀ ਰਚਨਾ ‘ਨਾਈਫ: ਮੈਡੀਟੇਸ਼ਨਸ ਆਫਟਰ ਐਨ ਅਟੈਂਪਟੇਡ ਮਰਡਰ’ ਲੈ ਕੇ ਆਇਆ ਹੈ। ਆਪਣੇ ਵਿਸ਼ੇਸ਼ ਪਰ ਡਰਾਉਣੇ ਮਜ਼ਾਕੀਆ ਲਹਿਜ਼ੇ ’ਚ ਰਸ਼ਦੀ ਚੇਤੇ ਕਰਦਾ ਹੈ ਕਿ ਜਦੋਂ ਉਨ੍ਹਾਂ ਦੀ ਖੱਬੀ ਅੱਖ ‘ਉੱਬਲੇ ਆਂਡੇ’ ਵਾਂਗ ਚਿਹਰੇ ਉੱਤੇ ਲਟਕਣ ਲੱਗੀ ਤਾਂ ਉਨ੍ਹਾਂ ਸੋਚਿਆ ਉਹ ਮਰ ਰਹੇ ਹਨ। ਬੁੱਕਰ ਪੁਰਸਕਾਰ ਜੇਤੂ ਮੁੰਬਈ ਦੇ ਜੰਮਪਲ ਇਸ ਲੇਖਕ ਜਿਸ ਨੇ ਆਪਣੇ 1981 ਦੇ ਨਾਵਲ ‘ਮਿਡਨਾਈਟ’ਸ ਚਿਲਡਰਨ’ ਲਈ ‘ਬੁੱਕਰ ਆਫ ਬੁੱਕਰਜ਼’ ਸਨਮਾਨ ਵੀ ਜਿੱਤਿਆ ਸੀ, ’ਤੇ 12 ਅਗਸਤ 2022 ਨੂੰ ਹਾਦੀ ਮਾਤਰ ਨੇ ਚਾਕੂ ਨਾਲ 12 ਵਾਰ ਕੀਤੇ ਸਨ।
ਰਸ਼ਦੀ ਨੂੰ ਇਸ ਹਮਲੇ ਤੋਂ ਕੋਈ ਬਹੁਤੀ ਹੈਰਾਨੀ ਨਹੀਂ ਹੋਈ। ਹੱਤਿਆ ਦਾ ਖ਼ਤਰਾ ਉਸ ਦੇ ਸਿਰ ’ਤੇ ਅੱਸੀਵਿਆਂ ਤੋਂ ਹੀ ਤਲਵਾਰ ਵਾਂਗ ਲਟਕ ਰਿਹਾ ਸੀ ਜਦੋਂ ਇਰਾਨ ਦੇ ਤਤਕਾਲੀ ਸਰਬਰਾਹ ਆਇਤੁੱਲ੍ਹਾ ਖਮੀਨੀ ਨੇ ਉਸ ਦੇ ਖਿਲਾਫ਼ ਉਸ ਦੇ ਵਿਵਾਦ ਵਾਲੇ ਨਾਵਲ ‘ਦਿ ਸੈਟੇਨਿਕ ਵਰਸਿਜ਼’ ਲਈ ਫ਼ਤਵਾ ਜਾਰੀ ਕੀਤਾ ਸੀ। ਉਸ ਨੂੰ ਕਈ ਸਾਲ ਲੁਕ-ਛਿਪ ਕੇ ਰਹਿਣ ਲਈ ਮਜਬੂਰ ਹੋਣਾ ਪਿਆ; ਕਿਤਾਬ ਦਾ ਜਾਪਾਨੀ ਭਾਸ਼ਾ ਵਿੱਚ ਤਰਜਮਾ ਕਰਨ ਵਾਲੇ ਹਿਤੋਸ਼ੀ ਇਗਾਰਾਸ਼ੀ ਦੀ ਜੁਲਾਈ 1991 ਵਿੱਚ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਸੇ ਸਾਲ ਦੇ ਸ਼ੁਰੂ ਵਿੱਚ ਨਾਵਲ ਦੇ ਇਤਾਲਵੀ ਤਰਜਮਾਕਾਰ ਅਤੋਰੇ ਕਾਪਰੀਓਲੋ ਉੱਤੇ ਵੀ ਮਿਲਾਨ ਵਿਚਲੇ ਉਸ ਦੇ ਘਰ ਵਿੱਚ ਹਮਲਾ ਹੋਇਆ ਪਰ ਉਹ ਕਿਸੇ ਤਰ੍ਹਾਂ ਬਚ ਗਿਆ। ਕਿਤਾਬ ਦੇ ਨਾਰਵਿਆਈ ਪ੍ਰਕਾਸ਼ਕ ਵਿਲੀਅਮ ਨੇਗਾਰਡ ’ਤੇ ਅਕਤੂਬਰ 1993 ਵਿਚ ਓਸਲੋ ’ਚ ਗੋਲੀ ਚਲਾਈ ਗਈ ਸੀ; ਉਹ ਵਾਲ-ਵਾਲ ਬਚ ਗਏ। ਸੁਭਾਵਿਕ ਤੌਰ ’ਤੇ ਇਨ੍ਹਾਂ ਸਾਰੀਆਂ ਘਟਨਾਵਾਂ ਨੇ ਰਸ਼ਦੀ ਦੇ ਮਨ ਵਿੱਚ ਡਰ ਪੈਦਾ ਕੀਤਾ ਕਿ ਇਕ ਦਿਨ ਸ਼ਾਇਦ ਕੋਈ ‘ਸਰੋਤਿਆਂ ਵਿਚੋਂ ਉੱਠ ਕੇ’ ਹਮਲਾ ਕਰ ਦੇਵੇਗਾ ਤੇ ਬਿਲਕੁਲ ਅਜਿਹਾ ਹੀ ਹੋਇਆ ਜਦ ਨਾਵਲ ‘ਦਿ ਸੈਟੇਨਿਕ ਵਰਸਿਜ਼’ ਪ੍ਰਕਾਸ਼ਿਤ ਹੋਣ (1988) ਤੋਂ ਵੀ ਕਰੀਬ ਦਹਾਕੇ ਬਾਅਦ ਜਨਮੇ ਹਾਦੀ ਮਾਤਰ ਨੇ ਉਸ ’ਤੇ ਕਾਤਲਾਨਾ ਹਮਲਾ ਕਰ ਦਿੱਤਾ ਸੀ।
ਪ੍ਰਸ਼ੰਸਾਯੋਗ ਹੈ ਕਿ ਮੌਤ ਨੂੰ ਬਿਲਕੁਲ ਨੇਡਿ਼ਓਂ ਦੇਖਣ ਦੇ ਬਾਵਜੂਦ ਇਹ ਲੇਖਕ ਪ੍ਰਗਟਾਵੇ ਦੀ ਆਜ਼ਾਦੀ ਦਾ ਪੱਖ ਲਗਾਤਾਰ ਪੂਰੇ ਜੋਸ਼ ਨਾਲ ਪੂਰ ਰਿਹਾ ਹੈ। ਆਪਣੀ ਨਵੀਂ ਕਿਤਾਬ ਦੀ ਘੁੰਡ ਚੁਕਾਈ ਤੋਂ ਪਹਿਲਾਂ ਉਸ ਨੇ ਕਿਹਾ, “ਬੋਲਣ ਜਾਂ ਪ੍ਰਗਟਾਵੇ ਦੀ ਆਜ਼ਾਦੀ ਦਾ ਪੂਰਾ ਮਤਲਬ ਇਹ ਹੈ ਕਿ ਜਿਨ੍ਹਾਂ ਸ਼ਬਦਾਂ ਨਾਲ ਤੁਸੀਂ ਸਹਿਮਤ ਨਹੀਂ ਵੀ ਹੋ, ਉਨ੍ਹਾਂ ਨੂੰ ਵੀ ਜ਼ਾਹਿਰ ਹੋਣ ਦਿੱਤਾ ਜਾਵੇ।” ਉਸ ਦੀ ਦ੍ਰਿੜਤਾ ਤੇ ਬਗਾਵਤ ’ਚੋਂ ਝਲਕਦਾ ਹੈ ਕਿ ਉਹ ਕੱਟੜਵਾਦੀਆਂ ਤੇ ਨਫ਼ਰਤ ਪੈਦਾ ਕਰਨ ਵਾਲਿਆਂ ਦੀਆਂ ਧਮਕੀਆਂ ਅਤੇ ਹਮਲਿਆਂ ਤੋਂ ਡਰ ਕੇ ਪਿੱਛੇ ਨਹੀਂ ਹਟੇਗਾ। ਸਪੱਸ਼ਟ ਤੌਰ ’ਤੇ ਰਸ਼ਦੀ ਨੂੰ ਮਰਨ ਦੀ ਕੋਈ ਕਾਹਲੀ ਨਹੀਂ ਹੈ- ਨਾ ਤਾਂ ਸਰੀਰਕ ਤੌਰ ਉੱਤੇ ਤੇ ਨਾ ਹੀ ਬੌਧਿਕ ਤੌਰ ’ਤੇ।