ਬੋਲਣ ਦੀ ਆਜ਼ਾਦੀ ਦਾ ਝੰਡਾਬਰਦਾਰ ਸਲਮਾਨ ਰਸ਼ਦੀ
ਕ੍ਰਿਸ਼ਨ ਕੁਮਾਰ ਰੱਤੂ
'ਪਿਛਲੇ ਦੋ ਦਹਾਕਿਆਂ ਤੋਂ ਮੈਂ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਲਟਕਦਾ ਹੋਇਆ ਇੱਕ ਅਜਿਹਾ ਕਿਰਦਾਰ ਬਣ ਗਿਆ ਹਾਂ ਕਿ ਮੇਰੀ ਕਹਾਣੀ
ਹੁਣ ਦੁਨੀਆ ਦੇ ਉਨ੍ਹਾਂ ਲੇਖਕਾਂ ਦੀ ਕਹਾਣੀ ਹੈ ਜਿਨ੍ਹਾਂ ਨੇ ਜ਼ਿੰਦਗੀ ਦਾ ਯਥਾਰਥ ਬਿਲਕੁਲ ਨੇੜੇ ਹੋ ਕੇ ਵੇਖਿਆ ਹੈ।’
ਇਹ ਲਫ਼ਜ਼ ਸੰਸਾਰ ਸਾਹਿਤ ਦੇ ਪ੍ਰਸਿੱਧ ਅੰਗਰੇਜ਼ੀ ਲੇਖਕ ਤੇ ਭਾਰਤੀ ਮੂਲ ਦੀ ਚਰਚਿਤ ਸ਼ਖ਼ਸੀਅਤ ਸਲਮਾਨ ਰਸ਼ਦੀ ਨੇ ਇੱਕ ਮੁਲਾਕਾਤ ਵਿੱਚ ਪ੍ਰਸਿੱਧ ਐਂਕਰ ਮੇਗਨ ਲਿਮ ਤੇ ਮੇਰੀ ਲੁਈਸ ਕੈਲੀ ਨਾਲ ਆਪਣੇ ਜੀਵਨ ਬਾਰੇ ਅਤੇ ਆਪਣੇ ਉੱਤੇ ਹੋਏ ਜਾਨਲੇਵਾ ਹਮਲੇ ਦਾ ਬਿਰਤਾਂਤ ਦੱਸਦਿਆਂ ਆਖੇ ਸਨ।
ਸਲਮਾਨ ਰਸ਼ਦੀ ਦੁਨੀਆ ਦੇ ਉਨ੍ਹਾਂ ਕੁਝ ਲੇਖਕਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਅਕਸਰ ਵਿਵਾਦਾਂ ਵਿੱਚ ਘਿਰੇ ਰਹਿਣ ਦੇ ਬਾਵਜੂਦ ਬੇਹੱਦ ਇੱਜ਼ਤ ਮਿਲੀ ਹੈ। ਅੱਜਕੱਲ੍ਹ ਉਹ ਇਸ ਲਈ ਚਰਚਾ ਵਿੱਚ ਹੈ ਕਿ ਉਸ ਦਾ ਸੱਜਰਾ ਨਾਵਲ ‘ਨਾਈਫ: ਮੈਡੀਟੇਸ਼ਨਜ਼ ਆਫਟਰ ਐਨ ਅਟੈਂਪਟਡ ਮਰਡਰ’ ਪੜ੍ਹਨ ਲਈ ਉਪਲੱਬਧ ਹੋ ਗਿਆ ਹੈ। ਦੁਨੀਆ ਭਰ ਦੇ ਸਾਹਿਤ ਰਸੀਆਂ ਨੂੰ ਪਤਾ ਹੈ ਕਿ ਸਲਮਾਨ ਰਸ਼ਦੀ ਉੱਘਾ ਲੇਖਕ ਤੇ ਨਾਵਲਕਾਰ ਹੈ।
2022 ਵਿੱਚ ਇੱਕ ਨੌਜਵਾਨ ਨੇ ਸਲਮਾਨ ਰਸ਼ਦੀ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ ਜਿਸ ਵਿੱਚ ਉਹ ਮਰਦਾ-ਮਰਦਾ ਬਚਿਆ ਸੀ। ਉਸ ਨੇ ਆਪਣੇ ਹਥਲੇ ਨਾਵਲ ‘ਨਾਈਫ’ ਰਾਹੀਂ ਉਸ ਘਟਨਾ ਨੂੰ ਐਨ ਪ੍ਰਤੱਖ ਦਿਖਾ ਦਿੱਤਾ ਹੈ। ਇਸ ਘਟਨਾ ਨੂੰ ਬਿਆਨ ਕਰਦਿਆਂ ਉਸ ਨੇ ਦੱਸਿਆ ਕਿ ਅਸੀਂ ਸਟੇਜ ਉੱਤੇ ਕੁਰਸੀਆਂ ’ਤੇ ਬੈਠੇ ਸੀ, ਸਾਡੇ ਵਿਚਕਾਰ ਇੱਕ ਛੋਟਾ ਜਿਹਾ ਮੇਜ਼ ਸੀ ਅਤੇ ਇਹ ਆਦਮੀ ਦਰਸ਼ਕਾਂ ਵਿੱਚੋਂ ਉੱਠ ਕੇ ਸਟੇਜ ਵੱਲ ਆ ਰਿਹਾ ਸੀ।
ਦਰਅਸਲ, ਸਲਮਾਨ ਰਸ਼ਦੀ ਇਸ ਘਟਨਾ ਦਾ ਹਵਾਲਾ ਦੇ ਰਿਹਾ ਹੈ ਜਿਸ ਦਾ ਕਾਰਨ ਉਸ ਦੇ 1988 ਦੇ ਨਾਵਲ ‘ਦਿ ਸੈਟੇਨਿਕ ਵਰਸਿਜ਼’ (ਸ਼ੈਤਾਨੀ ਆਇਤਾਂ) ਦੇ ਪ੍ਰਤੀਕਰਮ ਵਜੋਂ ਜਾਰੀ ਹੋਇਆ ਫ਼ਤਵਾ ਬਣਿਆ। ਇਰਾਨ ਦੇ ਪ੍ਰਮੁੱਖ ਆਗੂ ਆਇਤੁੱਲ੍ਹਾ ਖੋਮੇਨੀ ਨੇ ਫਰਵਰੀ 1989 ਵਿੱਚ ਫ਼ਤਵਾ ਜਾਰੀ ਕਰਕੇ ਮੁਸਲਮਾਨਾਂ ਨੂੰ ਰਸ਼ਦੀ ਨੂੰ ਮਾਰਨ ਲਈ ਕਿਹਾ ਸੀ। ਉਸ ਤੋਂ ਬਾਅਦ ਉਹ ਹਰ ਵੇਲੇ ਪੁਲੀਸ ਦੀ ਸੁਰੱਖਿਆ ਹੇਠ ਰਹਿ ਰਿਹਾ ਹੈ।
ਇੰਟਰਵਿਊ ਵਿੱਚ ਉਸ ਦੀ ਜ਼ਿੰਦਗੀ ਬਾਰੇ ਪੁੱਛੇ ਗਏ ਸਵਾਲ ਦਾ ਰਸ਼ਦੀ ਨੇ ਇਹ ਜਵਾਬ ਦਿੱਤਾ ਕਿ ਉਹ ਸਾਲ 2000 ਦੇ ਸ਼ੁਰੂ ਵਿੱਚ ਨਿਊਯਾਰਕ ਵਿੱਚ ਰਹਿਣ ਲਈ ਆਇਆ ਸੀ ਅਤੇ ਉਦੋਂ ਤੋਂ ਇੱਥੇ ਹੀ ਰਹਿੰਦਾ ਹੈ। ਉਹ ਬੜੀ ਬੇਬਾਕੀ ਨਾਲ ਆਪਣੀ ਨਵੀਂ ਕਿਤਾਬ ‘ਨਾਈਫ’ ਬਾਰੇ ਦੱਸਦਾ ਹੈ। ਜਾਪਦਾ ਹੈ ਜਿਵੇਂ ਉਹ ਸਮਿਆਂ ਦੇ ਆਰ-ਪਾਰ ਸਫ਼ਰ ਕਰਦਿਆਂ ਅਤੀਤ ਵਿੱਚੋਂ ਉੱਭਰ ਰਿਹਾ ਹੋਵੇ। ਉਸ ਨੇ ਸੋਚਿਆ ਕਿ ਨੌਜਵਾਨ ਨੇ ਉਸ ਨੂੰ ਮਾਰਿਆ ਹੈ। ਉਸ ਦੇ ਹੱਥ ਵਿੱਚ ਕੋਈ ਹਥਿਆਰ ਹੋਣ ਬਾਰੇ ਸਲਮਾਨ ਰਸ਼ਦੀ ਨੂੰ ਉਦੋਂ ਹੀ ਪਤਾ ਲੱਗਿਆ ਜਦੋਂ ਉਸ ਨੇ ਖ਼ੂਨ ਨਿਕਲਦਾ ਦੇਖਿਆ। ਮੌਤ ਨਾਲ ਸਾਹਮਣਾ ਹੋਣ ਦਾ ਵਰਣਨ ਕਰਦਿਆਂ ਰਸ਼ਦੀ ਨੇ ਕਿਹਾ ਕਿ ਉਸ ਦੀ ਸੱਜੀ ਅੱਖ ਦੀ ਰੋਸ਼ਨੀ ਵਾਪਸ ਨਹੀਂ ਆ ਰਹੀ। ਮੌਤ ਦਾ ਵਾਲ ਜਿੰਨੇ ਫਾਸਲੇ ਤੋਂ ਛੂਹ ਕੇ ਗੁਜ਼ਰ ਜਾਣਾ ਮਨੁੱਖ ਨੂੰ ਜੀਵਨ ਦੇ ਹਰ ਦਿਨ, ਹਰ ਪਲ ਦੀ ਕੀਮਤ ਬਾਰੇ ਬਹੁਤ ਜ਼ਿਆਦਾ ਸੂਝ ਦਿੰਦਾ ਹੈ।
ਸਲਮਾਨ ਰਸ਼ਦੀ ਦੀਆਂ ਲਿਖਤਾਂ ਵਿੱਚ ਹਰ ਤਰ੍ਹਾਂ ਦੇ ਚਮਤਕਾਰ ਵਾਪਰਦੇ ਹਨ। ਸਾਹਿਤਕ ਰੂਪ ਵਜੋਂ ਯਥਾਰਥਵਾਦ ਸੰਸਾਰ ਦੇ ਪਾਗਲਪਣ ਦਾ ਵਰਣਨ ਕਰਨ ਲਈ ਕਾਫ਼ੀ ਨਹੀਂ ਹੈ। ਸੰਸਾਰ ਅਤਿ-ਯਥਾਰਥ ਹੈ ਅਤੇ ਉਸ ਨੂੰ ਅਤਿ-ਯਥਾਰਥਵਾਦ, ਅਸਲ ਦੇ ਨੇੜੇ ਜਾਪਦਾ ਹੈ। ਉਸ ਨੇ ਆਪਣੀ ਕਿਤਾਬ ਦਾ ਸਿਰਲੇਖ ‘ਨਾਈਫ’ ਰੱਖਿਆ ਹੈ ਹਾਲਾਂਕਿ ਇਹ ਕਿਸੇ ਚਾਕੂ ਬਾਰੇ ਨਹੀਂ ਹੈ। ਸਲਮਾਨ ਰਸ਼ਦੀ ਮੁਤਾਬਿਕ ਜ਼ਿੰਦਗੀ ਪਰਛਾਵੇਂ ਅਤੇ ਸੂਰਜ ਦੀ ਰੋਸ਼ਨੀ ਨਿਆਈਂ ਹੈ।
ਨਾਵਲ ‘ਨਾਈਫ’ ਇਸ ਵੇਲੇ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅੰਗਰੇਜ਼ੀ ਭਾਸ਼ਾ ਦੀ ਆਲੋਚਕ ਰੇਚਲ ਕੁੱਕ ਆਖਦੀ ਹੈ ਕਿ
2022 ਵਿੱਚ ਹੋਏ ਜਾਨਲੇਵਾ ਹਮਲੇ ਬਾਰੇ ਲੇਖਕ ਦਾ ਬਿਆਨ ਬੋਲਣ ਦੀ ਆਜ਼ਾਦੀ ਦੀ ਦਲੇਰਾਨਾ ਮਿਸਾਲ ਹੈ ਪਰ ਸਵੈ-ਸਤਿਕਾਰ ਦੀ ਭਾਵਨਾ ਨਾਲ ਕੀਤੀ ਰਚਨਾ ਹੋਣ ਕਾਰਨ ਕਿਤੇ ਕਿਤੇ ਇਸ ਪੁਸਤਕ ਦੀ ਸ਼ਲਾਘਾ ਕਰਨੀ ਔਖੀ ਹੈ।
ਮੇਰੀ ਜਾਚੇ ਸਲਮਾਨ ਰਸ਼ਦੀ ਦੇ ਇਸ ਨਾਵਲ ਦਾ ਹਰ ਪੰਨਾ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਉਸ ਤੋਂ ਇਲਾਵਾ ਕੋਈ ਹੋਰ ਅਜਿਹੀ ਰਚਨਾ ਨਹੀਂ ਕਰ ਸਕਦਾ। ਇਹ ਲਿਖਤ ਉਸ ਦੀਆਂ ਪਹਿਲੀਆਂ ਲਿਖਤਾਂ ਜਿੰਨੀ ਚੰਗੀ ਵੀ ਹੈ ਅਤੇ (ਕਈ ਵਾਰ) ਮਾੜੀ ਵੀ। ਉਹ ਬੋਲਣ ਦੀ ਆਜ਼ਾਦੀ ’ਤੇ ਪਹਿਰਾ ਦੇਣ ਵਾਲੇ ਦਲੇਰ ਵਿਅਕਤੀ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ।
ਉਸ ਅਨੁਸਾਰ ਉਹ ‘ਕਲਾ ਨਾਲ’ ਨਫ਼ਰਤ ਦਾ ਸਾਹਮਣਾ ਕਰੇਗਾ। ਇਸੇ ਲਈ ਪੁਸਤਕ ‘ਨਾਈਫ’ ਦਾ ਜਨਮ ਹੋਇਆ। ਹਮਲਾਵਰ ਨਾਲ ਅਤਿ ‘ਨੇੜਤਾ’ ਤੇ ਹਿੰਸਾ ਦੇ ਪਲਾਂ ਦਾ ਜ਼ਿਕਰ ਕਰਦਿਆਂ ਉਹ ਉਸ ਦਾ ਨਾਮ ਲੈਣਾ ਵੀ ਪਸੰਦ ਨਹੀਂ ਕਰਦਾ। ਉਹ ਉਸ ਨੂੰ ‘ਏ’ ਕਹਿੰਦਾ ਹੈ। ਭੈੜੇ ਸੁਫ਼ਨਿਆਂ ਅਤੇ ਭੁਲੇਖਿਆਂ ਦੀ ਭੀੜ ਅੰਦਰ। ਉਹ ਚਾਹੁੰਦਾ ਹੈ ਕਿ ਨਾਵਲ ‘ਚਾਕੂ’ ਚੁਣੌਤੀਪੂਰਨ ਹੋਣ ਦੇ ਨਾਲ-ਨਾਲ ਦਿਲਾਸਾ ਦੇਣ ਵਾਲਾ ਵੀ ਹੋਵੇ। ਉਹ ਦੱਸਦਾ ਹੈ ਕਿ ਉਸ ਦਾ ਗੁੱਸਾ ਘਟ ਗਿਆ ਹੈ। ਉਸ ਦੀ ਜ਼ਿੰਦਗੀ ਹੁਣ ਜਿਵੇਂ ਕਿਸੇ ਕੋਲ ਗਹਿਣੇ ਪਈ ਅਮਾਨਤ ਹੋਵੇ।
ਪਾਠਕਾਂ ਨੂੰ ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ। ਮੈਂ ਉਮੀਦ ਕਰਦਾ ਹਾਂ ਕਿ ਉਹ ਪੜ੍ਹਨਗੇ, ਖ਼ਾਸ ਤੌਰ ’ਤੇ ਉਹ ਜਿਹੜੇ ਅਜੋਕੇ ਹਾਲਾਤ ਵਿੱਚ ਹਿੰਮਤ ਕਰਨਾ ਚਾਹੁੰਦੇ ਹਨ ਪਰ ਹਾਲੀਆ ਸਮਿਆਂ ਵਿੱਚ ਬਹੁਤ ਸਾਰੀਆਂ ਚੀਜ਼ਾਂ ਬਾਰੇ ਚੁੱਪ ਰਹਿਣਾ ਚੁਣਿਆ ਹੈ। ਰਸ਼ਦੀ ਦੀ ਸਾਹਿਤਕ ਰੋਸ਼ਨੀ ਬੇਅੰਤ ਹੈ। ਨਾਵਲ ‘ਨਾਈਫ’ ਰਾਹੀਂ ਵੀ ਸਲਮਾਨ ਰਸ਼ਦੀ ਨੇ ਨੌਜਵਾਨਾਂ ਨੂੰ ਬੋਲਣ ਦੀ ਆਜ਼ਾਦੀ ਦੀ ਕਦਰ ਨਾ ਭੁੱਲਣ ਦੀ ਚਿਤਾਵਨੀ ਦਿੱਤੀ ਹੈ।
ਉਹ ਆਖਦਾ ਹੈ: ‘ਮੈਂ ਇਸ ਦੀ ਵਿਆਖਿਆ ਨਹੀਂ ਕਰ ਸਕਦਾ’।
ਇਸ ਸਮੇਂ ਸਲਮਾਨ ਰਸ਼ਦੀ ਦੀ ਇੱਕ ਅੱਖ ਦੀ ਨਜ਼ਰ ਅਤੇ ਇੱਕ ਹੱਥ ਦੀ ਹਰਕਤ ਖ਼ਤਮ ਹੋ ਗਈ ਹੈ। ਉਸ ਦਾ ਕਹਿਣਾ ਹੈ ਕਿ ਜੇਕਰ ਅਸੀਂ ਬੋਲਣ ਦੀ ਆਜ਼ਾਦੀ ਦੀ ਰੱਖਿਆ ਨਹੀਂ ਕਰਦੇ ਤਾਂ ਅਸੀਂ ਜ਼ੁਲਮ ਵਿੱਚ ਰਹਿੰਦੇ ਹਾਂ। ਉਸ ਨੇ ਦਿਖਾਇਆ ਹੈ ਕਿ ਜ਼ਿੰਦਗੀ ਕਿਵੇਂ ਸਿਦਕ, ਇਮਾਨ ਤੇ ਸਿਰੜ ਨਾਲ ਜੀਵੀ ਜਾ ਸਕਦੀ ਹੈ।
* ਉੱਘਾ ਬ੍ਰਾਡਕਾਸਟਰ ਅਤੇ ਸਾਬਕਾ ਉਪ ਮਹਾਨਿਰਦੇਸ਼ਕ, ਦੂਰਦਰਸ਼ਨ।
ਸੰਪਰਕ: 94787-30156