ਸਲਮਾਨ ਖਾਨ ਨੂੰ ਬਿਸ਼ਨੋਈ ਭਾਈਚਾਰੇ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ: ਅਨੂਪ ਜਲੋਟਾ
ਮੁੰਬਈ:
ਗਾਇਕ ਤੇ ਸੰਗੀਤਕਾਰ ਅਨੂਪ ਜਲੋਟਾ ਨੇ ਕਿਹਾ ਹੈ ਕਿ ਬੌਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਨੂੰ ਬਿਸ਼ਨੋਈ ਭਾਈਚਾਰੇ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਦੋਸਤਾਂ ਜਾਂ ਪਰਿਵਾਰ ਦਾ ਕੋਈ ਨੁਕਸਾਨ ਹੋਵੇ। ਜ਼ਿਕਰਯੋਗ ਹੈ ਕਿ ਸਲਮਾਨ ’ਤੇ ਦੋਸ਼ ਹੈ ਕਿ ਉਸ ਨੇ ਕਾਲੇ ਹਿਰਨ ਦਾ ਸ਼ਿਕਾਰ ਕੀਤਾ ਹੈ ਜਿਸ ਨੂੰ ਬਿਸ਼ਨੋਈ ਭਾਈਚਾਰੇ ਵੱਲੋਂ ਪਵਿੱਤਰ ਮੰਨਿਆ ਜਾਂਦਾ ਹੈ। ਇਹ ਘਟਨਾ 1998 ਵਿੱਚ ਰਾਜਸਥਾਨ ਦੇ ਜੋਧਪੁਰ ਵਿੱਚ ਫ਼ਿਲਮ ‘ਹਮ ਸਾਥ ਸਾਥ ਹੈਂ’ ਦੀ ਸ਼ੂਟਿੰਗ ਦੌਰਾਨ ਵਾਪਰੀ ਸੀ। ਇਸ ਕਾਰਨ ਸਲਮਾਨ ਨੂੰ ਕਈ ਵਾਰ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਸਿਆਸਤਦਾਨ ਬਾਬਾ ਸਿੱਦੀਕੀ ਦੇ ਕਤਲ ਅਤੇ ਸੁਪਰਸਟਾਰ ਨੂੰ ਮਿਲ ਰਹੀਆਂ ਧਮਕੀਆਂ ਬਾਰੇ ਗੱਲ ਕਰਦਿਆਂ, ਜਲੋਟਾ ਨੇ ਕਿਹਾ ਕਿ ਸਲਮਾਨ ਖਾਨ ਨੂੰ ਸਭ ਤੋਂ ਪਹਿਲਾਂ ਪਹਿਲੀ ਉਡਾਣ ਲੈ ਕੇ ਬਿਸ਼ਨੋਈ ਮੰਦਰ ਜਾਣਾ ਚਾਹੀਦਾ ਹੈ ਅਤੇ ਸਮਾਜ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਭਾਵੇਂ ਉਸ ਨੇ ਅਜਿਹਾ ਕੀਤਾ ਹੈ ਜਾਂ ਨਹੀਂ। ਉਸ ਨੇ ਕਿਹਾ ਕਿ ਉਹ ਨਹੀਂ ਚਾਹੁੰਦਾ ਕਿ ਉਸ ਦੇ ਦੋਸਤਾਂ ਜਾਂ ਉਸ ਦੇ ਪਰਿਵਾਰ ਦਾ ਕੋਈ ਨੁਕਸਾਨ ਹੋਵੇ। ਇਸ ਲਈ ਮੁਆਫ਼ੀ ਮੰਗਣਾ ਸਹੀ ਹੈ। ਜਲੋਟਾ ਨੇ ਅੱਗੇ ਕਿਹਾ ਕਿ ਮੁਆਫ਼ੀ ਮੰਗਣ ਨਾਲ ਇਨਸਾਨ ਵੱਡਾ ਹੁੰਦਾ ਹੈ। -ਆਈਏਐੱਨਐੱਸ