ਕੋਲਕਾਤਾ ਫਿਲਮ ਫੈਸਟੀਵਲ ਦੇ ਉਦਘਾਟਨੀ ਸਮਾਗਮ ਵਿੱਚ ਪੁੱਜੇ ਸਲਮਾਨ ਖਾਨ
ਕੋਲਕਾਤਾ: ਬੌਲੀਵੁੱਡ ਸੁਪਰਸਟਾਰ ਸਲਮਾਨ ਖਾਨ ਅੱਜ ਸਵੇਰੇ ਕੋਲਕਾਤਾ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਉਦਘਾਟਨ ਸਮਾਰੋਹ ਵਿਚ ਸ਼ਾਮਲ ਹੋਣ ਲਈ ਇੱਥੇ ਪਹੁੰਚੇ। ਇਸ ਮੌਕੇ ਸਲਮਾਨ ਨੇ ਨੀਲੇ ਰੰਗ ਦੀ ਡੈਨਿਮ ਤੇ ਕਾਲੀ ਟੀ-ਸ਼ਰਟ ਪਹਿਨੀ ਹੋਈ ਸੀ। ਜ਼ਿਕਰਯੋਗ ਹੈ ਕਿ ਕੋਲਕਾਤਾ ਇੰਟਰਨੈਸ਼ਨਲ ਫਿਲਮ ਫੈਸਟੀਵਲ 12 ਦਸੰਬਰ ਤੱਕ ਚੱਲੇਗਾ। ਇਹ ਫੈਸਟੀਵਲ ਹਰ ਸਾਲ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਨਿਗਰਾਨੀ ਹੇਠ ਕਰਵਾਇਆ ਜਾਂਦਾ ਹੈ। ਉਦਘਾਟਨੀ ਸਮਾਗਮ ’ਚ ਬੌਲੀਵੁੱਡ ਦੇ ਕਈ ਅਦਾਕਾਰਾਂ ਨੇ ਸ਼ਿਰਕਤ ਕੀਤੀ। ਇਹ ਪਹਿਲੀ ਵਾਰ ਸੀ ਜਦੋਂ ‘ਦਬੰਗ’ ਅਦਾਕਾਰ ਇਸ ਫੈਸਟੀਵਲ ਦੇ ਉਦਘਾਟਨ ’ਚ ਸ਼ਾਮਲ ਹੋਣ ਲਈ ਕੋਲਕਾਤਾ ਆਇਆ। ਇਸ ਮੌਕੇ ਰਾਜ ਮੰਤਰੀ ਅਤੇ ਗਾਇਕ ਬਾਬੁਲ ਸੁਪ੍ਰਿਆ ਨੇ ਹਵਾਈ ਅੱਡੇ ’ਤੇ ਸਲਮਾਨ ਖਾਨ ਦਾ ਸਵਾਗਤ ਕੀਤਾ। ਪਿਛਲੇ ਸਾਲ ਸੁਪਰਸਟਾਰ ਸ਼ਾਹਰੁਖ ਖਾਨ, ਅਮਿਤਾਭ ਬੱਚਨ, ਨਿਰਦੇਸ਼ਕ ਮਹੇਸ਼ ਭੱਟ ਅਤੇ ਰਾਣੀ ਮੁਖਰਜੀ ਫਿਲਮ ਫੈਸਟੀਵਲ ਦੇ ਉਦਘਾਟਨੀ ਸਮਾਗਮ ਵਿੱਚ ਪਹੁੰਚੇ ਸਨ। ਕਾਬਿਲੇਗੌਰ ਹੈ ਕਿ ਸਲਮਾਨ ਆਪਣੀ ਹਾਲ ਹੀ ਵਿਚ ਰਿਲੀਜ਼ ਹੋਈ ਫਿਲਮ ‘ਟਾਈਗਰ 3’ ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ। ਇਸ ਫਿਲਮ ਦਾ ਨਿਰਦੇਸ਼ਨ ਮਨੀਸ਼ ਸ਼ਰਮਾ ਨੇ ਕੀਤਾ ਸੀ ਜਿਸ ਵਿੱਚ ਕੈਟਰੀਨਾ ਕੈਫ ਅਤੇ ਇਮਰਾਨ ਹਾਸ਼ਮੀ ਨੇ ਵੀ ਮੁੱਖ ਭੂਮਿਕਾਵਾਂ ਨਿਭਾਈਆਂ ਸਨ। -ਏਐੱਨਆਈ