ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਘਟੀ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਅਪਰੈਲ
ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਯੂਟੀ ਪ੍ਰਸ਼ਾਸਨ ਵੱਲੋਂ ਗੈਰ ਇਲੈਕਟ੍ਰਿਕ ਵਾਹਨਾਂ ਦੀ ਰਜਿਸਟਰੇਸ਼ਨ ’ਤੇ ਲਗਾਈ ਪਾਬੰਦੀ ਹਟਾਉਣ ਕਰਕੇ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਘੱਟ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਵਿੱਚ ਪਿਛਲੇ ਪੰਜ ਮਹੀਨਿਆਂ ਦੌਰਾਨ ਇਲੈਕਟ੍ਰਿਕ ਵਾਹਨ ਸਿਰਫ਼ 1408 ਰਜਿਸਟਰ ਹੋਏ ਹਨ, ਜਦੋਂ ਕਿ ਗੈਰ ਇਲੈਕਟ੍ਰਿਕ ਵਾਹਨ 15844 ਰਜਿਸਟਰ ਹੋਏ ਹਨ। ਇਸ ਵਿੱਚ 839 ਇਲੈਕਟ੍ਰਿਕ ਦੋ ਪਹੀਆਂ ਅਤੇ 569 ਇਲੈਕਟ੍ਰਿਕ ਚਾਰ ਪਹੀਆਂ ਵਾਹਨ ਸ਼ਾਮਲ ਹਨ। ਜਦੋਂ ਕਿ ਗੈਰ ਇਲੈਕਟ੍ਰਿਕ ਦੋ ਪਹੀਆਂ ਵਾਹਨ 7886 ਅਤੇ 7956 ਚਾਰ ਪਹੀਆਂ ਵਾਹਨ ਸ਼ਾਮਲ ਹਨ। ਯੂਟੀ ਪ੍ਰਸ਼ਾਸਨ ਨੇ ਚੰਡੀਗੜ੍ਹ ਵਿੱਚ ਸਤੰਬਰ 2022 ਨੂੰ ਸਿਟੀ ਬਿਊਟੀਫੁੱਲ ਨੂੰ ਮਾਡਲ ਈਵੀ ਸਿਟੀ ਵਜੋਂ ਵਿਕਸਿਤ ਕਰਨ ਲਈ ਇਲੈਕਟ੍ਰਿਕ ਵਹੀਕਲ ਪਾਲਸੀ ਦਾ ਐਲਾਨ ਕੀਤਾ ਸੀ। ਇਸ ਪਾਲਸੀ ਤਹਿਤ ਸ਼ਹਿਰ ਵਿੱਚ 2027 ਤੱਕ ਸਾਰੇ ਗੈਰ ਇਲੈਕਟ੍ਰਿਕ ਦੋ ਪਹੀਆ ਵਾਹਨਾਂ ਦੀ ਰਜਿਸਟਰੇਸ਼ਨ ’ਤੇ ਪਾਬੰਦੀ ਲਗਾਉਣ ਦਾ ਟੀਚਾ ਮਿਥਿਆ ਗਿਆ ਸੀ। ਇਸ ਕਰਕੇ ਹਰੇਕ ਸਾਲ ਸੀਮਤ ਗੈਰ ਇਲੈਕਟ੍ਰਿਕ ਵਾਹਨਾਂ ਦੀ ਰਜਿਸਟਰੇਸ਼ਨ ਕਰਨ ਦਾ ਫੈਸਲਾ ਕੀਤਾ ਸੀ। ਪਰ ਨਵੰਬਰ 2023 ਵਿੱਚ ਵਪਾਰੀਆਂ ਦੇ ਦਬਾਅ ਕਾਰਨ ਪੰਜਾਬ ਦੇ ਰਾਜਪਾਲ ਤੇ ਯੂਟੀ ਪ੍ਰਸ਼ਾਸਕ ਸ੍ਰਈ ਬਨਵਾਰੀ ਲਾਲ ਪੁਰੋਹਿਤ ਨੇ ਗੈਰ ਇਲੈਕਟ੍ਰਿਕ ਵਾਹਨਾਂ ਦੀਆਂ ਰਜਿਸਟਰੇਸ਼ਨ ’ਤੇ ਲਗਾਈ ਪਾਬੰਦੀਆਂ ਨੂੰ ਹਟਾ ਦਿੱਤਾ ਸੀ। ਯੂਟੀ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਵਿੱਚ ਅਪਰੈਲ 2023 ਤੋਂ ਅਕਤੂਬਰ 2023 ਤੱਕ 1109 ਇਲੈਕਟ੍ਰਿਕ ਦੋ ਪਹੀਆਂ ਤੇ 15588 ਗੈਰ ਇਲੈਕਟ੍ਰਿਕ ਦੋ ਪਹੀਆਂ ਵਾਹਨ ਰਜਿਸਟਰ ਹੋਏ ਹਨ। ਇਸ ਤੋਂ ਇਲਾਵਾ ਅਪਰੈਲ ਤੋਂ ਅਕਤੂਬਰ 2023 ਤੱਕ 592 ਇਲੈਕਟ੍ਰਿਕ ਚਾਰ ਪਹੀਆਂ ਵਾਹਨ ਅਤੇ 18485 ਗੈਰ ਇਲੈਕਟ੍ਰਿਕ ਚਾਰ ਪਹੀਆਂ ਵਾਹਨ ਰਜਿਸਟਰ ਹੋਏ ਹਨ।