ਪਿਆਰੇ ਮਿੱਤਰ ਦੀ ਯਾਦ ’ਚ ਬਣਿਆ ਸਲਾਰਜੰਗ ਗੇਟ
ਇਕਬਾਲ ਸਿੰਘ ਹਮਜਾਪੁਰ
ਪਾਣੀਪਤ ਤਿੰਨ ਇਤਿਹਾਸਕ ਲੜਾਈਆਂ ਕਾਰਨ ਪ੍ਰਸਿੱਧ ਹੈ। ਇੱਥੇ ਤਿੰਨਾਂ ਲੜਾਈਆਂ ਨਾਲ ਜੁੜੀਆਂ ਨਿਸ਼ਾਨੀਆਂ ਅੱਜ ਵੀ ਮੌਜੂਦ ਹਨ। ਲੜਾਈਆਂ ਦੀਆਂ ਨਿਸ਼ਾਨੀਆਂ ਤੋਂ ਬਿਨਾਂ ਇੱਥੇ ਹੋਰ ਵੀ ਮਸਜਿਦਾਂ, ਮੀਨਾਰਾਂ, ਮਜ਼ਾਰਾਂ ਤੇ ਇਤਿਹਾਸਕ ਇਮਾਰਤਾਂ ਸਥਿਤ ਹਨ ਜਿਨ੍ਹਾਂ ਦੇ ਦਰਸ਼ਨਾਂ ਲਈ ਵਿਰਾਸਤ ਪ੍ਰੇਮੀ ਸਾਰਾ ਸਾਲ ਢੁਕਦੇ ਹਨ।
ਪਾਣੀਪਤ ਦੀਆਂ ਇਤਿਹਾਸਕ ਇਮਾਰਤਾਂ ਵਿੱਚ ਸਲਾਰਜੰਗ ਗੇਟ ਵੀ ਸ਼ੁਮਾਰ ਹੈ। ਅਤੀਤ ਵਿੱਚ ਗੇਟ ਸ਼ੋਭਾ ਲਈ, ਸੁਰੱਖਿਆ ਲਈ ਜਾਂ ਫਿਰ ਕਿਸੇ ਆਪਣੇ ਦੀ ਯਾਦ ਵਿੱਚ ਬਣਾਏ ਜਾਂਦੇ ਸਨ। ਇਹ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਸਲਾਰਜੰਗ ਗੇਟ ਨੂੰ ਸ਼ੋਭਾ ਤੇ ਸੁਰੱਖਿਆ ਦੇ ਨਾਲ-ਨਾਲ ਆਪਣੇ ਦੀਆਂ ਯਾਦਾਂ ਨੂੰ ਤਾਜ਼ਾ ਰੱਖਣ ਲਈ ਵੀ ਬਣਾਇਆ ਗਿਆ ਸੀ।
ਸਲਾਰਜੰਗ ਗੇਟ ਪਾਣੀਪਤ ਦੇ ਨਵਾਬ ਸਾਦਿਕ ਅਲੀ ਨੇ ਬਣਵਾਇਆ ਸੀ। ਸਲਾਰਜੰਗ ਦੇ ਨਾਂ ਨਾਲ ਪ੍ਰਸਿੱਧ ਮੀਰ ਤੁਰਾਬ ਅਲੀ ਖ਼ਾਨ ਦਾ ਜਨਮ 1829 ਈਸਵੀ ਵਿੱਚ ਬੀਜਾਪੁਰ ਵਿਖੇ ਹੋਇਆ। ਉਸ ਦੇ ਪੁਰਖੇ ਆਦਿਲ ਸ਼ਾਹੀ ਵੰਸ਼, ਮੁਗ਼ਲ ਕਾਲ ਅਤੇ ਫਿਰ ਨਿਜ਼ਾਮਾਂ ਦੇ ਰਾਜ ਦੌਰਾਨ ਵੱਡੇ ਅਹੁਦਿਆਂ ’ਤੇ ਰਹੇ। ਮੀਰ ਆਲਮ ਉਸ ਦਾ ਦਾਦਾ ਅਤੇ ਸੱਯਦ ਕਾਜ਼ਿਮ ਅਲੀ ਖ਼ਾਨ ਉਸ ਦਾ ਨਾਨਾ ਸੀ। ਸਲਾਰਜੰਗ ਨੂੰ 1847 ਵਿੱਚ ਅੱਠ ਮਹੀਨਿਆਂ ਲਈ ਤਾਲੁਕਦਾਰ ਦਾ ਅਹੁਦਾ ਮਿਲਿਆ। ਫਿਰ 1853 ਵਿੱਚ ਤੇਈ ਸਾਲ ਦੀ ਉਮਰੇ ਉਹ ਹੈਦਰਾਬਾਦ ਦੀ ਰਿਆਸਤ ਦੇ ਨਿਜ਼ਾਮ ਦਾ ਪ੍ਰਧਾਨ ਮੰਤਰੀ ਬਣਿਆ। 1883 ਵਿੱਚ ਫ਼ੌਤ ਹੋਣ ਤੱਕ ਉਹ ਇਸ ਅਹੁਦੇ ’ਤੇ ਰਿਹਾ। 1869 ਤੋਂ 1883 ਤੱਕ ਉਹ ਛੇਵੇਂ ਨਿਜ਼ਾਮ ਆਸਫ਼ ਜਾਹ ਛੇਵੇਂ ਦਾ ਸਰਪ੍ਰਸਤ ਰਿਹਾ। ਉਸ ਨੇ ਆਪਣੇ ਕਾਰਜਕਾਲ ਦੌਰਾਨ ਹੈਦਰਾਬਾਦ ਰਿਆਸਤ ਦੇ ਪ੍ਰਸ਼ਾਸਨ ਵਿੱਚ ਕਈ ਸੁਧਾਰ ਕੀਤੇ ਜਿਨ੍ਹਾਂ ਵਿੱਚ ਮਾਲੀਆ ਅਤੇ ਨਿਆਂ ਪ੍ਰਣਾਲੀ ਦਾ ਪੁਨਰਗਠਨ, ਰਿਆਸਤ ਨੂੰ ਜ਼ਿਲ੍ਹਿਆਂ ਵਿੱਚ ਵੰਡਣ, ਡਾਕ ਸੇਵਾ ਦੀ ਸ਼ੁਰੂਆਤ, ਆਧੁਨਿਕ ਸਿੱਖਿਆ ਅਦਾਰਿਆਂ ਦੀ ਸਥਾਪਨਾ, ਮੁੱਢਲੇ ਰੇਲ ਅਤੇ ਟੈਲੀਗ੍ਰਾਫ ਢਾਂਚੇ ਦੀ ਉਸਾਰੀ ਸ਼ੁਮਾਰ ਸਨ। ਉਸ ਦੇ ਕਾਰਜਕਾਲ ਦੌਰਾਨ 1857 ਦੀ ਪਹਿਲੀ ਬਗ਼ਾਵਤ ਦੀ ਛੋਟੀ ਜਿਹੀ ਚੰਗਿਆੜੀ ਹੈਦਰਾਬਾਦ ਵਿੱਚ ਵੀ ਭੜਕੀ। ਉਹ ਹੈਦਰਾਬਾਦ ਦੇ ਪ੍ਰਸਿੱਧ ਸਲਾਰਜੰਗ ਖ਼ਾਨਦਾਨ ਦੇ ਪੰਜ ਪ੍ਰਧਾਨ ਮੰਤਰੀਆਂ ਵਿੱਚੋਂ ਇੱਕ ਸੀ। ਉਸ ਦੀ ਧੀ ਦਾ ਨਿਕਾਹ ਆਸਫ਼ ਜਾਹ ਛੇਵੇਂ ਨਾਲ ਹੋਇਆ। ਇਉਂ ਉਹ ਹੈਦਰਾਬਾਦ ਦੇ ਆਖ਼ਰੀ ਨਿਜ਼ਾਮ ਮੀਰ ਉਸਮਾਨ ਅਲੀ ਖ਼ਾਨ ਦਾ ਨਾਨਾ ਸੀ।
ਪ੍ਰਧਾਨ ਮੰਤਰੀ ਸਲਾਰਜੰਗ, ਸਾਦਿਕ ਅਲੀ ਦਾ ਮਿੱਤਰ ਤੇ ਪ੍ਰਸ਼ੰਸਕ ਸੀ। ਸਾਦਿਕ ਅਲੀ, ਸਲਾਰਜੰਗ ਦੀ ਮਿੱਤਰਤਾ ਤੇ ਨੇੜਤਾ ਤੋਂ ਬੇਹੱਦ ਪ੍ਰਭਾਵਿਤ ਸੀ। ਉਸ ਨੇ ਆਪਣੇ ਮਿੱਤਰ ਸਲਾਰਜੰਗ ਦੇ ਨਾਂ ’ਤੇ ਗੇਟ ਹੀ ਬਣਵਾ ਦਿੱਤਾ ਸੀ।
ਬੱਸ ਅੱਡੇ ਦੇ ਪਿਛਲੇ ਪਾਸੇ ਸਥਿਤ ਸਲਾਰਜੰਗ ਗੇਟ ਪਾਣੀਪਤ ਦੇ ਚੁਫ਼ੇਰੇ ਬਣੇ ਪੰਜ ਗੇਟਾਂ ਵਿੱਚੋਂ ਇੱਕ ਸੀ। ਲਖੌਰੀ ਇੱਟਾਂ ਤੇ ਲਾਲ ਪੱਥਰ ਨਾਲ ਬਣੇ ਸਲਾਰਜੰਗ ਗੇਟ ਦੀ ਸ਼ੋਭਾ ਵੇਖਿਆਂ ਹੀ ਪਤਾ ਚਲਦੀ ਹੈ। ਇਸ ਦੇ ਅੰਦਰਲੇ ਪਾਸੇ ਲਾਲ ਪੱਥਰ ਤੇ ਬਾਹਰ ਲਖੌਰੀ ਇੱਟਾਂ ਵਰਤੀਆਂ ਗਈਆਂ ਹਨ। ਸਲਾਰਜੰਗ ਗੇਟ ਇਸਲਾਮੀ ਭਵਨ ਨਿਰਮਾਣ ਕਲਾ ਦਾ ਉੱਤਮ ਨਮੂਨਾ ਹੈ। ਇਸ ਨੂੰ ਦੋਵਾਂ ਪਾਸਿਆਂ ਤੋਂ ਬਾਹਰ ਵੱਲ ਨੂੰ ਵਧਾ ਕੇ ਮਨਮੋਹਕ ਬਣਾਇਆ ਗਿਆ ਹੈ। ਮਹਿਰਾਬਦਾਰ ਗੇਟ ਨੂੰ ਮਜ਼ਬੂਤੀ ਦੇਣ ਲਈ ਇਸ ਵਿੱਚ ਥਾਂ-ਥਾਂ ਬੁਰਜੀਆਂ ਖੜ੍ਹੀਆਂ ਕੀਤੀਆਂ ਗਈਆਂ ਹਨ।
1737 ਈਸਵੀ ਵਿੱਚ ਬਣਿਆ ਇਹ ਗੇਟ ਉੱਤਰ-ਦੱਖਣ ਦਿਸ਼ਾ ਵਿੱਚ ਸ਼ੇਰਸ਼ਾਹ ਸੂਰੀ ਮਾਰਗ ਦੇ ਬਿਲਕੁਲ ਸਮਾਨਾਂਤਰ ਖੜ੍ਹਾ ਹੈ। ਇਹ ਗੇਟ ਭਾਰਤੀ ਪੁਰਾਤਤਵ ਵਿਭਾਗ ਦੇ ਰਾਸ਼ਟਰੀ ਮਹੱਤਵ ਦੇ ਸਮਾਰਕਾਂ ਸਬੰਧੀ ਕਾਨੂੰਨ ਅਧੀਨ ਸੁਰੱਖਿਅਤ ਹੈ। ਸਰਸਰੀ ਨਜ਼ਰ ਮਾਰਿਆਂ ਇਸ ਗੇਟ ਦੇ ਦੋਵੇਂ ਪਾਸੇ ਇੱਕੋ ਜਿਹੇ ਜਾਪਦੇ ਹਨ, ਪਰ ਧਿਆਨ ਨਾਲ ਵੇਖਿਆਂ ਫ਼ਰਕ ਦਿਸਦਾ ਹੈ। ਸਲਾਰਜੰਗ ਗੇਟ ਦੇ ਬਾਹਰਲੇ ਪਾਸੇ ਵਾਲੀਆਂ ਦੋ ਬੁਰਜੀਆਂ ਨੂੰ ਵਧਾ ਕੇ ਮੀਨਾਰਾਂ ਦੀ ਸ਼ਕਲ ਦਿੱਤੀ ਗਈ ਹੈ। ਇਸ ਦੀ ਛੱਤ ਉੱਪਰ ਬਾਹਰਲੇ ਪਾਸੇ ਵੱਲ ਇੱਟਾਂ ਨਾਲ ਹੀ ਕਿੰਗਰਿਆਂ ਵਾਲੀ ਵਾੜ ਬਣਾਈ ਗਈ ਹੈ, ਜਿਸ ਨੂੰ ਦੂਰੋਂ ਵੇਖਿਆਂ ਕਿਸੇ ਮਹਿਲ ਦਾ ਝਾਉਲਾ ਪੈਂਦਾ ਹੈ। ਗੇਟ ਦੇ ਪੂਰਬ ਤੇ ਪੱਛਮ ਵਾਲੇ ਪਾਸਿਓਂ ਇਸ ਉੱਪਰ ਚੜ੍ਹਨ ਵਾਸਤੇ ਪੌੜੀਆਂ ਬਣੀਆਂ ਹੋਈਆਂ ਹਨ। ਇਹ ਪੌੜੀਆਂ ਉਂਜ ਤਾਂ ਛੱਤ ਤੱਕ ਜਾਂਦੀਆਂ ਹਨ, ਲੇਕਿਨ ਇਨ੍ਹਾਂ ਦੇ ਵਿਚਕਾਰ ਕਰਕੇ ਆਲ਼ੇ ਨੁਮਾ ਵੱਡੇ ਵੱਡੇ ਝਰੋਖੇ ਬਣਾਏ ਗਏ ਹਨ। ਇਹ ਝਰੋਖੇ ਪੌੜੀਆਂ ਵਿੱਚ ਰੋਸ਼ਨੀ ਕਰਨ ਦੇ ਮਕਸਦ ਨਾਲ ਬਣਾਏ ਗਏ ਜਾਪਦੇ ਹਨ। ਅਤੀਤ ਵਿੱਚ ਇਹ ਝਰੋਖੇ ਦੂਰ ਤੱਕ ਨਿਗਰਾਨੀ ਕਰਨ ਲਈ ਵੀ ਵਰਤੇ ਜਾਂਦੇ ਹੋਣਗੇ। ਇਹ ਝਰੋਖੇ ਸਲਾਰਜੰਗ ਗੇਟ ਦੇ ਅੰਦਰਲੇ ਪਾਸੇ ਹਨ, ਬਾਹਰਲੇ ਪਾਸੇ ਨਹੀਂ। ਬਾਹਰਲੇ ਪਾਸੇ ਇੱਟਾਂ ਨਾਲ ਸਿਰਫ਼ ਝਰੋਖਿਆਂ ਦਾ ਡਿਜ਼ਾਈਨ ਬਣਾਇਆ ਗਿਆ ਹੈ। ਇਸ ਗੇਟ ਉੱਪਰ ਬਾਹਰਲੇ ਪਾਸੇ ਇੱਕ ਸ਼ਿਲਾਲੇਖ ਵੀ ਲੱਗਾ ਹੋਇਆ ਹੈ। ਇਸ ਸ਼ਿਲਾਲੇਖ ਉੱਪਰ ਉਰਦੂ ਵਿੱਚ ‘ਬਾਬ-ਏ-ਫੈਜ਼’ ਲਿਖਿਆ ਹੋਇਆ ਹੈ। ਸਥਾਨਕ ਲੋਕ ‘ਬਾਬ-ਏ-ਫੈਜ਼’ ਤੋਂ ਭਾਵ ‘ਲਾਭ ਦਾ ਦਰਵਾਜ਼ਾ’ ਦੱਸਦੇ ਹਨ। ਹੋ ਸਕਦਾ ਹੈ ਕਿ ਨਵਾਬ ਸਾਦਿਕ ਨੇ ਕਿਸੇ ਤਰ੍ਹਾਂ ਦੇ ਲਾਭ ਹੋਣ ਦੀ ਖ਼ੁਸ਼ੀ ਵਿੱਚ ਇਹ ਗੇਟ ਬਣਵਾਇਆ ਹੋਵੇ ਤੇ ਪ੍ਰਧਾਨ ਮੰਤਰੀ ਸਲਾਰਜੰਗ ਨੂੰ ਸਮਰਪਿਤ ਕਰ ਦਿੱਤਾ ਹੋਵੇ। ਸ਼ਿਲਾਲੇਖ ਉੱਪਰ ਇਸਲਾਮੀ ਅਤੇ ਹਿਜਰੀ ਕੈਲੰਡਰ ਅਨੁਸਾਰ ਇਸ ਗੇਟ ਨੂੰ ਬਣਾਉਣ ਦੀ ਸੰਨ ਵੀ ਪਾਈ ਹੋਈ ਹੈ।
ਸਲਾਰਜੰਗ ਗੇਟ ਨੂੰ ਧਿਆਨ ਨਾਲ ਵੇਖਦਿਆਂ ਇੰਝ ਲੱਗਦਾ ਹੈ ਕਿ ਕਦੇ ਇਸ ਦੇ ਦੋਵੇਂ ਪਾਸੇ ਕਿਵਾੜ ਵੀ ਲੱਗੇ ਹੋਣਗੇ। ਹਨੇਰਾ ਹੋਣ ਸਾਰ ਇਹ ਕਿਵਾੜ ਬੰਦ ਹੋ ਜਾਂਦੇ ਹੋਣਗੇ। ਸਲਾਰਜੰਗ ਗੇਟ ਨੂੰ ਅੱਜਕੱਲ੍ਹ ਲੋਕਾਈ ਸਲਾਰਗੰਜ ਗੇਟ ਕਰਕੇ ਵਧੇਰੇ ਜਾਣਦੀ ਹੈ। ਲੋਕਾਂ ਨੇ ਸ਼ਬਦ ‘ਜੰਗ’ ਦੀ ਥਾਂ ‘ਗੰਜ’ ਵਰਤਣਾ ਸ਼ੁਰੂ ਕਰ ਦਿੱਤਾ ਹੈ। ਵਪਾਰੀਆਂ ਤੇ ਦੁਕਾਨਦਾਰਾਂ ਨੇ ਗੇਟ ਉੱਪਰ ਇਸ਼ਤਿਹਾਰ, ਬੈਨਰ ਤੇ ਹੋਰ ਬੋਰਡ ਲਗਾ-ਲਗਾ ਕੇ ਇਸ ਦੀ ਆਭਾ ਤੇ ਸ਼ੋਭਾ ਨੂੰ ਲੁਕਾ ਦਿੱਤਾ ਹੈ। ਗੇਟ ਆਲੇ-ਦੁਆਲੇ ਗੰਦਗੀ ਦੇ ਢੇਰ ਵੀ ਇਸ ਦੇ ਦਰਸ਼ਨਾਂ ਲਈ ਆਉਣ ਵਾਲੇ ਵਿਰਾਸਤ ਪ੍ਰੇਮੀਆਂ ਤੇ ਇਤਿਹਾਸ ਪ੍ਰੇਮੀਆਂ ਨੂੰ ਮਾਯੂਸ ਕਰ ਦਿੰਦੇ ਹਨ। ਗੇਟ ਉੱਪਰ ਉੱਗੇ ਅਣਚਾਹੇ ਪਿੱਪਲ ਵੀ ਇਸ ਨੂੰ ਨੁਕਸਾਨ ਪਹੁੰਚਾ ਰਹੇ ਹਨ। ਸਥਾਨਕ ਪ੍ਰਸ਼ਾਸਨ ਨੂੰ ਗੇਟ ਦੀ ਸਾਂਭ-ਸੰਭਾਲ ਵਿੱਚ ਭਾਰਤੀ ਪੁਰਾਤਤਵ ਵਿਭਾਗ ਦਾ ਸਹਿਯੋਗ ਕਰਨਾ ਚਾਹੀਦਾ ਹੈ। ਇਸ ਦੇ ਆਲ਼ੇ-ਦੁਆਲ਼ੇ ਸਫਾਈ ਰੱਖਣੀ ਚਾਹੀਦੀ ਹੈ।
ਸੰਪਰਕ: 94165-92149