For the best experience, open
https://m.punjabitribuneonline.com
on your mobile browser.
Advertisement

ਸਲਾਮੀ

06:19 AM Jan 30, 2024 IST
ਸਲਾਮੀ
Advertisement

ਪਾਲੀ ਰਾਮ ਬਾਂਸਲ

Advertisement

“ਲਓ ਜੀ, ਚੱਲਿਆ ਪੰਜਾਬ ਪੁਲੀਸ ਦਾ ਰੇਡਰ, ਬਾਜੇਖਾਨੇ ਦਾ ਹਰਜੀਤ। ਤਕੜਾ ਜੁੱਸਾ, ਗੁੰਦਮਾ ਸਰੀਰ, ਇਹਦੇ ਡੌਲੇ ਦੇਖ ਕੇ ਮੈਨੂੰ ਆਪਣੇ ਪੱਟਾਂ ’ਤੇ ਸ਼ਰਮ ਆਈ ਜਾਂਦੀ ਐ। ਜਵਾਨ ਦੇ ਡੌਲੇ ਤੇ ਮੇਰੇ ਪੱਟਾਂ ਦਾ ਮੁਕਾਬਲਾ ਕਰੀਏ ਤਾਂ ਇਸ ਗੱਭਰੂ ਦੇ ਡੌਲੇ ਚਾਰ ਇੰਚ ਮੋਟੇ ਨੇ। ਓਧਰ ਬਿਜਲੀ ਬੋਰਡ ਦੇ 4 ਜਾਫੀ। ਉਹ ਵੀ ਮੱਛਰੇ ਫਿਰਦੇ ਨੇ ਜੱਫਾ ਲਾਉਣ ਨੂੰ। ਬਿਜਲੀ ਬੋਰਡ ਦੇ ਜਾਫੀ ਕਾਲਾ, ਕਾਲਾ ਗਾਜੀਆਣਾ ਨੇ 1100 ਵੋਲਟ ਦੀ ਧੌਲ ਮਾਰ ਕੇ ਰੋਕਣ ਦੀ ਕੋਸ਼ਿਸ਼ ਕੀਤੀ, ਓਧਰੋਂ ਹਰਜੀਤ ਨੇ ਵੀ ਪੰਜਾਬ ਪੁਲੀਸ ਦੇ ‘ਆਣ ਮਿਲੋ ਸੱਜਣਾ’ ਦੇ ਪਟੇ ਵਰਗੀ ਮਾਰ ਕੇ ਧੌਲ ਕਾਲੇ ਨੂੰ ਥੱਲੇ ਸੁੱਟਿਆ ਪਰ ਕਾਲੇ ਵੱਲੋਂ ਵੀ ਲੱਤ ਫੜ ਕੇ ਪਾਲੇ ’ਤੇ ਜਾਣ ਤੋਂ ਰੋਕਣ ਦੀ ਕੋਸ਼ਿਸ਼ ਪਰ 5911 ਟਰੈਕਟਰ ਵਾਂਗੂ ਲੈ ਗਿਆ ਖਿੱਚ ਕੇ ਹਰਜੀਤ।... ਹਰਜੀਤ ਲਾ ਗਿਆ ਹੱਥ ਪਾਲੇ ਨੂੰ... ਨੰਬਰ ਮਿਲ ਗਿਆ ਮੇਰੇ ਸਾਲ਼ੇ ਨੂੰ। ਪਹਿਲਾ ਨੰਬਰ ਪੰਜਾਬ ਪੁਲੀਸ ਦੇ ਖਾਤੇ ’ਚ।” ਪੇਂਡੂ ਕਬੱਡੀ ਟੂਰਨਾਮੈਂਟ ਦੌਰਾਨ ਸਟੇਜ ਤੋਂ ਕੁਮੈਂਟਰੀ ਕਰਦੇ ਹੋਏ ਮੈਂ ਆਪਣੇ ਅੰਦਾਜ਼ ’ਚ ਤੇਜ਼-ਤਰਾਰ ਕੁਮੈਂਟਰੀ ਕਰਦੇ ਹੋਏ ਕਿਹਾ ਸੀ ਤੇ ‘ਸਾਲ਼ਾ’ ਲਫਜ਼ ਸੁਣ ਕੇ ਹਰਜੀਤ ਸਵਾਲੀਆ ਅੰਦਾਜ਼ ’ਚ ਹੱਥ ਮਾਰ ਕੇ ਮੇਰੇ ਵੱਲ ਝਾਕਿਆ ਸੀ।
“ਆਹੋ ਹਰਜੀਤ, ਆਹੋ ਬਾਈ ਮੈਂ ਪ੍ਰਾਹੁਣਾ ਹਾਂ ਤੁਹਾਡੇ ਪਿੰਡ ਦਾ। ਸੇਠ ਰੂਪ ਚੰਦ ਦਾ ਜਵਾਈ?” ਮੈਂ ਮਜ਼ਾਕੀਆ ਲਹਿਜੇ ’ਚ ਜਵਾਬ ਦਿੱਤਾ। ਹਰਜੀਤ ਨੇ ਸਹਿਮਤੀ ਭਰੇ ਲਹਿਜੇ ’ਚ ਮੁਸਕਰਾਹਟ ਬਿਖੇਰੀ। “ਅਗਲੀ ਰੇਡ ਬਿਜਲੀ ਬੋਰਡ ਦੀ, ਰੇਡਰ ਭੀਮੇ ਦੀ। ਭੀਮਾ, ਭੀਮਾ ਲਗਦੈ ਜਿਵੇਂ ਮਹਾਂਭਾਰਤ ਵਾਲਾ ਭੀਮ ਆ ਗਿਆ ਹੋਵੇ ਗਰਾਊਂਡ ’ਚ। ਧੱਕੀ ਤੁਰਿਆ ਜਾਂਦੈ ਚਾਰ ਜਾਫੀਆਂ ਨੂੰ ਤੇ ਉਹ ਵੀ ਪੰਜਾਬ ਪੁਲੀਸ ਵਾਲਿਆਂ ਨੂੰ। ਕੰਨੀ ’ਤੇ ਖੜ੍ਹੇ ਜਾਫੀ ਨੂੰ ਲਾ ਕੇ ਹੱਥ, ਵੱਟ’ਤੀ ਛੂਟ ਪਾਲੇ ਵੱਲ ਭੀਮ ਨੇ। ਨੰਬਰ ਬਿਜਲੀ ਬੋਰਡ ਦੇ ਖਾਤੇ ’ਚ।” ਮੇਰੀ ਕੁਮੈਂਟਰੀ ਜਾਰੀ ਸੀ।
“ਇੱਕ ਵਾਰ ਫਿਰ ਰੇਡ ਹਰਜੀਤ ਵੱਲੋਂ। ਹਰਜੀਤ, ਹਰਜੀਤ ਬਾਜਾਖਾਨਾ, ਲੱਤਾਂ ਚੌੜੀਆਂ ਕਰ ਕੇ ਪਾ’ਤੀ ਪੈਲ ਮੋਰ ਵਾਂਗੂ। ਬਿਜਲੀ ਬੋਰਡ ਦੇ ਜਗਤਾਰ ਧਨੌਲੇ ਵੱਲੋਂ ਸਾਥੀਆਂ ਨੂੰ ਸਾਵਧਾਨ ਕੀਤਾ ਜਾ ਰਿਹੈ ਕਿ ਹਰਜੀਤ ਬਾਰੀਕ ਟੱਚ ਕਰੂ ਕਿਸੇ ਨਾ ਕਿਸੇ ਨੂੰ, ਬਚ ਕੇ ਰਿਹੋ। ਹਰਜੀਤ ਨੇ ਜਗਤਾਰ ਨੂੰ ਹੀ ਹੱਥ ਲਾਇਆ। ਜਗਤਾਰ ਵੱਲੋਂ ਗਿੱਟਾ ਫੜ ਕੇ ਰੋਕਣ ਦੀ ਕੋਸ਼ਿਸ਼। ਦੇਖੀਂ ਹਰਜੀਤ ਕਿਤੇ ਰਹਿ ਜਾਵੇ; ਨਹੀਂ ਤਾਂ ਤੇਰੀ ਭੈਣ ਨੇ ਮੈਨੂੰ ਰਾਤ ਨੂੰ ਰੋਟੀ ਨ੍ਹੀਂ ਦੇਣੀ ਕਿ ਮੇਰੇ ਭਰਾ ਨੂੰ ਜੱਫਾ ਲਾ ਕੇ ਰੁਕਵਾ’ਤਾ ਆਪਣੇ ਇਲਾਕੇ ’ਚ ਬੁਲਾ ਕੇ।... ਗਿੱਟਾ ਛੁਡਵਾ ਕੇ ਲਾ’ਤੀ ਰੇਸ ਹਰਜੀਤ ਨੇ ਪਾਲੇ ਵੱਲ ਤੇ ਨੰਬਰ ਪੰਜਾਬ ਪੁਲੀਸ ਦੇ ਖਾਤੇ ’ਚ।” ਮੈਂ ਕੁਮੈਂਟਰੀ ਕਰਦੇ ਕਰਦੇ ਫਿਰ ਟਿੱਚਰ ਕਰ ਗਿਆ ਸੀ। ਹਰਜੀਤ ਫਿਰ ਮੁਸਕਰਾਹਟ ਬਿਖੇਰਦਾ ਮੇਰੇ ਵੱਲ ਦੇਖ ਰਿਹਾ ਸੀ।
... 1994 ਦੀ ਗੱਲ ਹੈ। ਮੈਂ ਮਾਲਵਾ ਗ੍ਰਾਮੀਣ ਬੈਂਕ ਦੀ ਖਨਾਲ ਕਲਾਂ ਬ੍ਰਾਂਚ ਵਿਚ ਬਤੌਰ ਮੈਨੇਜਰ ਸੇਵਾ ਨਿਭਾ ਰਿਹਾ ਸੀ। ਨੇੜਲੇ ਪਿੰਡ ਦਿਆਲਗੜ੍ਹ ਜੇਜੀਆ ਦੇ ਇੱਕ ਨੌਜਵਾਨ ਕਬੱਡੀ ਖਿਡਾਰੀ ਦੀ ਅਚਾਨਕ ਮੌਤ ਹੋ ਗਈ। ਭੋਗ ਦੀ ਰਸਮ ਸਮੇਂ ਮੈਂ ਉਸ ਨੌਜਵਾਨ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਐਲਾਨ ਕਰ ਦਿੱਤਾ ਕਿ ਇਸ ਖਿਡਾਰੀ ਦੀ ਯਾਦ ਵਿਚ ਵੱਡਾ ਟੂਰਨਾਮੈਂਟ ਕਰਵਾਇਆ ਜਾਵੇਗਾ। ਉਨ੍ਹਾਂ ਦਿਨਾਂ ਵਿਚ ਬੈਂਕ ਮੈਨੇਜਰ ਦੀ ਕਾਫ਼ੀ ਵੁਕਅਤ ਹੁੰਦੀ ਸੀ। ਨੇੜਲੇ 14 ਪਿੰਡਾਂ ਨੇ ਰਲ ਕੇ ਬਾਬਾ ਕੁਬਾਢਾ ਖੇਤਰੀ ਕਲੱਬ ਬਣਾ ਕੇ ਕਬੱਡੀ ਦਾ ਤਿੰਨ ਰੋਜ਼ਾ ਟੂਰਨਾਮੈਂਟ ਕਰਵਾਇਆ। ਟੂਰਨਾਮੈਂਟ ਬਹੁਤ ਸਫਲ ਰਿਹਾ ਤੇ ਇਹ ਮੈਚ ਆਖਿ਼ਰੀ ਦਿਨ ਦਾ ਆਖਿ਼ਰੀ ਮੈਚ ਪੰਜਾਬ ਪੁਲੀਸ ਅਤੇ ਪੰਜਾਬ ਰਾਜ ਬਿਜਲੀ ਬੋਰਡ ਦਰਮਿਆਨ ਬਹੁਤ ਫਸਵਾਂ ਸੀ।
“ਲਓ ਜੀ, ਮੈਚ ਸਮਾਪਤ। ਜੇਤੂ ਟੀਮ ਪੰਜਾਬ ਪੁਲੀਸ। ‘ਪਲੇਅਰ ਆਫ ਦਿ ਟੂਰਨਾਮੈਂਟ’ ਐਲਾਨਿਆ ਜਾਂਦਾ ਹੈ ਮੇਰੀ ਘਰਵਾਲੀ ਦੇ ਵੀਰ ਹਰਜੀਤ ਨੂੰ।” ਮੈ ਫਿਰ ਹਰਜੀਤ ਨੂੰ ਛੇੜਿਆ ਸੀ।
ਖ਼ੈਰ! ਇਨਾਮ ਵੰਡ ਸਮਾਰੋਹ ਸ਼ੁਰੂ ਹੋਇਆ। ਮੁੱਖ ਮਹਿਮਾਨ ਉਸ ਸਮੇਂ ਦੇ ਵਜ਼ੀਰ ਜਸਬੀਰ ਸਿੰਘ ਜੀ ਸਨ।
“ਪਲੇਅਰ ਆਫ ਦਿ ਟੂਰਨਾਮੈਂਟ, ਹਰਜੀਤ ਬਾਜਾਖਾਨਾ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਉਹ ਅੱਜ ਦੇ ਮੁੱਖ ਮਹਿਮਾਨ ਸਾਹਿਬ ਤੋਂ ਆਪਣਾ ਇਨਾਮ ਲੈਣ ਦੀ ਕ੍ਰਿਪਾਲਤਾ ਕਰਨ।” ਮੈਂ ਸਟੇਜ ਤੋਂ ਐਲਾਨ ਕੀਤਾ।
ਮੁੱਖ ਮਹਿਮਾਨ ਵੱਲ ਜਾਣ ਤੋਂ ਪਹਿਲਾਂ ਹਰਜੀਤ ਮੇਰੇ ਕੋਲ ਆਇਆ ਤੇ ਘੁੱਟ ਕੇ ਜੱਫੀ ਪਾ ਕੇ ਕਹਿੰਦਾ, “ਪ੍ਰਾਹੁਣਿਆ, ਨਜ਼ਾਰਾ ਲਿਆ’ਤਾ ਕੁਮੈਂਟਰੀ ਵਾਲਾ। ਆਹ ਲੈ ਸਲਾਮੀ (ਸ਼ਗਨ)।” ਹਰਜੀਤ ਨੇ ਮੈਨੂੰ ਆਪਣੇ ਪਿੰਡ ਦੇ ਜਵਾਈ ਦੇ ਤੌਰ ’ਤੇ ਸਤਿਕਾਰ ਵਜੋਂ 100 ਦਾ ਨੋਟ ਫੜਾਉਂਦਿਆਂ ਫਿਰ ਜੱਫੀ ਪਾ ਲਈ।
ਪੰਜਾਬ ਕਬੱਡੀ ਦਾ ਇਹ ਹੀਰਾ ਕੁਝ ਸਾਲ ਬਾਅਦ ਹੀ ਦੁਰਘਟਨਾ ਵਿਚ ਇਸ ਜਹਾਨ ਤੋਂ ਰੁਖ਼ਸਤ ਹੋ ਗਿਆ। ਅੱਜ ਵੀ ਜਦੋਂ ਸਹੁਰੇ ਘਰ ਬਾਜਾਖਾਨਾ ਜਾਂਦਾ ਹਾਂ ਤੇ ਹਰਜੀਤ ਦੇ ਜੱਦੀ ਘਰ ਮੂਹਰਦੀ ਲੰਘਦਾ ਹਾਂ ਤਾਂ ਹਰਜੀਤ ਦਾ ਉਹ ਹੱਸਦਾ ਚਿਹਰਾ ਸਾਹਮਣੇ ਆ ਜਾਂਦਾ ਹੈ ਜਦੋਂ ਉਸ ਨੇ ਕਿਹਾ ਸੀ- “ਪ੍ਰਾਹੁਣਿਆ, ਆਹ ਲੈ ਸਲਾਮੀ!”
ਸੰਪਰਕ: 81465-80919

Advertisement

Advertisement
Author Image

joginder kumar

View all posts

Advertisement