ਸ਼ੰਭੂ ਬਾਰਡਰ ’ਤੇ ਕਿਸਾਨਾਂ ਦੇ ਧਰਨੇ ਵਿਚ ਪੁੱਜੀ ਸਾਕਸ਼ੀ ਮਲਿਕ
ਟ੍ਰਿਬਿਊਨ ਨਿਊਜ਼ ਸਰਵਿਸ/ਖੇਤਰੀ ਪ੍ਰਤੀਨਿਧ
ਪਟਿਆਲਾ, 8 ਮਾਰਚ
ਸ਼ੰਭੂ ਬਾਰਡਰ ’ਤੇ ਅੱਜ ਕਿਸਾਨਾਂ ਦੀ ਹਮਾਇਤ ਵਿੱਚ ਪਹਿਲਵਾਨ ਸਾਕਸ਼ੀ ਮਲਿਕ ਨੇ ਸੰਘਰਸ਼ ਵਿਚ ਸ਼ਮੂਲੀਅਤ ਕੀਤੀ। ਉਸ ਨੇ ਮਹਿਲਾ ਦਿਵਸ ਮੌਕੇ ਪ੍ਰਦਰਸ਼ਨ ਕਰਦੀਆਂ ਔਰਤਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦਿਆਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਜਤਾਇਆ। ਉਸ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਸਮੱਸਿਆਵਾਂ ਜਲਦੀ ਹੱਲ ਕਰਨੀਆਂ ਚਾਹੀਦੀਆਂ ਹਨ ਕਿਉਂਕਿ ਕਿਸਾਨਾਂ ਦੀਆਂ ਮੰਗਾਂ ਵਾਜਬ ਹਨ। ਉਸ ਨੇ ਸ਼ੁਭਕਰਨ ਦੀ ਹੱਤਿਆ ’ਤੇ ਰੋਸ ਜਤਾਉਂਦਿਆਂ ਕਿਹਾ ਕਿ ਸ਼ੁਭਕਰਨ ਦੀ ਮੌਤ ਅਜਾਈਂ ਨਹੀਂ ਜਾਵੇਗੀ ਤੇ ਕਿਸਾਨ ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਹਾਸਲ ਕਰਨ ਤੋਂ ਬਿਨਾਂ ਪਿੱਛੇ ਨਹੀਂ ਹਟਣਗੇ। ਉਸ ਨੇ ਸ਼ਾਂਤੀਪੂਰਵਕ ਮਾਰਚ ਕਰਦੇ ਕਿਸਾਨਾਂ ’ਤੇ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਤਸ਼ੱਦਦ ਕਰਨ ਦੀ ਨਿਖੇਧੀ ਕੀਤੀ। ਉਸ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੀਆਂ ਔਰਤਾਂ ਨੇ ਜਿੱਥੇ ਦਿੱਲੀ ਵਿਚਲੇ ਅੰਦੋਲਨ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ ਸੀ ਉੱਥੇ ਹੀ ਹੁਣ ਦੇ ਅੰਦੋਲਨ ਵਿੱਚ ਵੀ ਔਰਤਾਂ ਵੱਡੀ ਗਿਣਤੀ ਵਿਚ ਸ਼ਿਰਕਤ ਕਰ ਰਹੀਆਂ ਹਨ। ਸਾਕਸ਼ੀ ਨੇ ਕਿਹਾ ਕਿ ਉਨ੍ਹਾਂ ਨੇ ਵੀ ਕੇਂਦਰ ਸਰਕਾਰ ਖ਼ਿਲਾਫ਼ ਦਿੱਲੀ ਦੇ ਜੰਤਰ ਮੰਤਰ ਵਿੱਚ 40 ਦਿਨ ਪ੍ਰਦਰਸ਼ਨ ਕੀਤਾ ਸੀ ਕਿਉਂਕਿ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਉਸ ਵੇਲੇ ਦੇ ਮੁਖੀ ਬ੍ਰਿਜ ਭੂਸ਼ਨ ’ਤੇ ਮਹਿਲਾ ਪਹਿਲਵਾਨਾਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਲੱਗੇ ਸਨ ਤੇ ਉਨ੍ਹਾਂ ਨੇ ਬ੍ਰਿਜ ਭੂਸ਼ਨ ਨੂੰ ਅਹੁਦੇ ਤੋਂ ਹਟਾਉਣ ਲਈ ਸੰਘਰਸ਼ ਕੀਤਾ ਸੀ।