ਜਗਤਾਰ ਸਿੰਘ ਲਾਂਬਾਅੰਮ੍ਰਿਤਸਰ, 31 ਮਈਸਾਕਾ ਨੀਲਾ ਤਾਰਾ 6 ਜੂਨ, 1984 ਫ਼ੌਜੀ ਹਮਲੇ ਦੀ ਯਾਦ ਵਿੱਚ ਘੱਲੂਘਾਰਾ ਹਫ਼ਤਾ ਭਲਕੇ 1 ਜੂਨ ਤੋਂ ਸ਼ੁਰੂ ਹੋ ਰਿਹਾ ਹੈ। ਇਸ ਸਬੰਧੀ ਸਿੱਖ ਜਥੇਬੰਦੀਆਂ ਵੱਲੋਂ ਵੱਖ-ਵੱਖ ਪ੍ਰੋਗਰਾਮ ਉਲੀਕੇ ਗਏ ਹਨ। ਦੂਜੇ ਪਾਸੇ ਘੱਲੂਘਾਰਾ ਹਫ਼ਤੇ ਦੀ ਗੰਭੀਰਤਾ ਨੂੰ ਦੇਖਦਿਆਂ ਸਰਕਾਰ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨ ਦੀ ਯੋਜਨਾ ਬਣਾਈ ਗਈ ਹੈ, ਜਿਸ ਤਹਿਤ ਲਗਭਗ ਛ ਹਜ਼ਾਰ ਸੁਰੱਖਿਆ ਕਰਮਚਾਰੀ ਇੱਥੇ ਤੈਨਾਤ ਹੋਣਗੇ।ਲਗਭਗ 41 ਸਾਲ ਪਹਿਲਾਂ ਵਾਪਰੇ ਸਾਕਾ ਨੀਲਾ ਤਾਰਾ ਫ਼ੌਜੀ ਹਮਲੇ ਵਿੱਚ ਮਾਰੇ ਗਏ ਸਮੂਹ ਸਿੱਖਾਂ ਦੀ ਯਾਦ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ ਸ੍ਰੀ ਅਕਾਲ ਤਖਤ ਵਿਖੇ ਘੱਲੂਘਾਰਾ ਦਿਵਸ ਮਨਾਇਆ ਜਾਂਦਾ ਹੈ, ਜਿਸ ਸਮੂਹ ਸ਼ਹੀਦਾਂ ਨਮਿਤ ਅਖੰਡ ਪਾਠ ਦੇ ਭੋਗ ਪਾਏ ਜਾਂਦੇ ਹਨ ਅਤੇ ਅਰਦਾਸ ਕੀਤੀ ਜਾਂਦੀ ਹੈ।ਘੱਲੂਕਾਰਾ ਹਫ਼ਤੇ ਦੀ ਸ਼ੁਰੂਆਤ ਭਲਕੇ 1 ਜੂਨ ਤੋਂ ਹੋਣ ਜਾ ਰਹੀ ਹੈ। ਹਵਾਰਾ ਕਮੇਟੀ ਵੱਲੋਂ ਬੱਬਰ ਖ਼ਾਲਸਾ ਜਥੇਬੰਦੀ ਦੇ ਭਾਈ ਮਹਿੰਗਾ ਸਿੰਘ ਦੀ ਯਾਦ ਵਿੱਚ ਭਲਕੇ ਇੱਕ ਜੂਨ ਨੂੰ ਗੁਰਦੁਆਰਾ ਬਾਬਾ ਅਟੱਲ ਰਾਏ ਵਿਖੇ ਅਖੰਡ ਪਾਠ ਤੇ ਭੋਗ ਪਾਏ ਜਾਣਗੇ। ਇਸ ਸਬੰਧੀ 30 ਮਈ ਨੂੰ ਅਖੰਡ ਪਾਠ ਆਰੰਭ ਕੀਤੇ ਗਏ ਸਨ। ਭਲਕੇ 1 ਜੂਨ ਨੂੰ ਅਖੰਡ ਪਾਠ ਤੇ ਭੋਗ ਮਗਰੋਂ ਜਥੇਬੰਦੀ ਨਾਲ ਸੰਬੰਧਿਤ ਕਾਰਕੂੰਨ ਅਤੇ ਹੋਰ ਜਥੇਬੰਦੀਆਂ ਦੇ ਕਾਰਕੁੰਨ ਇਕੱਠੇ ਹੋ ਕੇ ਸ੍ਰੀ ਅਕਾਲ ਤਖਤ ਵਿਖੇ ਜਾਣਗੇ ਤੇ ਅਰਦਾਸ ਕਰਨਗੇ।ਇਸ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ 4 ਜੂਨ ਨੂੰ ਸ੍ਰੀ ਅਕਾਲ ਤਖਤ ਵਿਖੇ ਅਖੰਡ ਪਾਠ ਆਰੰਭ ਕੀਤੇ ਜਾਣਗੇ, ਜਿਸ ਦੇ ਭੋਗ 6 ਜੂਨ ਨੂੰ ਪਾਏ ਜਾਣਗੇ ਅਤੇ 6 ਜੂਨ ਵਾਲੇ ਦਿਨ ਅਕਾਲ ਤਖਤ ਵਿਖੇ ਅਰਦਾਸ ਮਗਰੋਂ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਆ ਜਾਵੇਗਾ।ਇਸੇ ਤਰ੍ਹਾਂ ਦਮਦਮੀ ਟਕਸਾਲ ਵੱਲੋਂ ਚੌਕ ਮਹਿਤਾ ਸਥਿਤ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਵੱਖਰੇ ਤੌਰ ’ਤੇ ਸ਼ਹੀਦੀ ਸਮਾਗਮ ਕਰਵਾਇਆ ਜਾਵੇਗਾ।ਗਰਮ ਖਿਆਲੀ ਸਿੱਖ ਜਥੇਬੰਦੀ ਦਲ ਖਾਲਸਾ ਵੱਲੋਂ ਘੱਲੂਘਾਰਾ ਦਿਵਸ ਸਬੰਧੀ ਪੰਜ ਜੂਨ ਦੀ ਸ਼ਾਮ ਨੂੰ ਘੱਲੂਘਾਰਾ ਮਾਰਚ ਦਾ ਐਲਾਨ ਕੀਤਾ ਗਿਆ ਹੈ, ਜੋ ਸ਼ਹਿਰ ਵਿੱਚ ਵੱਖ-ਵੱਖ ਬਜ਼ਾਰਾਂ ਵਿੱਚੋਂ ਹੁੰਦਾ ਹੋਇਆ ਅਕਾਲ ਤਖਤ ਵਿਖੇ ਸਮਾਪਤ ਹੋਵੇਗਾ। 6 ਜੂਨ ਨੂੰ ਜਥੇਬੰਦੀ ਵੱਲੋਂ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਹੋਇਆ।ਦੂਜੇ ਪਾਸੇ ਸਰਕਾਰ ਵੱਲੋਂ ਇਸ ਦਿਵਸ ਦੀ ਗੰਭੀਰਤਾ ਅਤੇ ਸੰਵੇਦਨਾ ਨੂੰ ਦੇਖਦਿਆਂ ਸੁਰੱਖਿਆ ਦੇ ਕਰੜੇ ਪ੍ਰਬੰਧ ਕਰਨ ਦੀ ਯੋਜਨਾ ਬਣਾਈ ਗਈ ਹੈ। ਇਸ ਤਹਿਤ ਸ਼ਹਿਰ ਵਿੱਚ ਲਗਭਗ 6000 ਸੁਰੱਖਿਆ ਕਰਮਚਾਰੀ ਤੈਨਾਤ ਕੀਤੇ ਜਾਣਗੇ। ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਅਤੇ ਸ਼ਹਿਰ ਵਿੱਚ ਤੇ ਸ਼ਹਿਰ ਤੋਂ ਬਾਹਰ ਜਾਣ ਵਾਲੇ ਰਸਤਿਆਂ ’ਤੇ ਨਾਕੇਬੰਦੀ ਕੀਤੀ ਜਾਵੇਗੀ।ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਲਗਭਗ 3000 ਸੁਰੱਖਿਆ ਕਰਮਚਾਰੀ ਵੱਖ ਵੱਖ ਜ਼ਿਲ੍ਹਿਆਂ ਤੋਂ ਸੱਦੇ ਜਾਣਗੇ, ਜਿਨ੍ਹਾਂ ਵਿੱਚ ਪੀਏਪੀ ਦੇ ਸੁਰੱਖਿਆ ਕਰਮਚਾਰੀ ਵੀ ਸ਼ਾਮਲ ਹੋਣਗੇ। ਘੱਲੂਘਾਰਾ ਹਫ਼ਤੇ ਦੌਰਾਨ ਲਗਭਗ 6 ਹਜ਼ਾਰ ਪੁਲੀਸ ਕਰਮਚਾਰੀ ਸ਼ਹਿਰ ਵਿੱਚ ਅਤੇ ਸ਼ਹਿਰ ਤੇ ਆਲੇ-ਦੁਆਲੇ ਸੁਰੱਖਿਆ ਪ੍ਰਬੰਧਾਂ ਲਈ ਤੈਨਾਤ ਹੋਣਗੇ। ਉਨ੍ਹਾਂ ਦੱਸਿਆ ਇਸ ਸਬੰਧੀ ਲਗਭਗ 62 ਨਾਕੇ ਲਗਾਏ ਜਾਣਗੇ, ਜਿਸ ਵਿੱਚ 52 ਨਾਕਿਆਂ ’ਤੇ ਦਿਨ-ਰਾਤ ਪੁਲੀਸ ਤੈਨਾਤ ਰਹੇਗੀ, 14 ਨਾਕੇ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ, 20 ਨਾਕੇ ਅੰਦਰੂਨੀ ਸ਼ਹਿਰ ਦੇ ਅੰਦਰ ਅਤੇ ਦਸ ਨਾਕੇ ਸ਼ਹਿਰ ਦੇ ਹੋਰ ਹਿੱਸਿਆਂ ਵਿੱਚ ਲਗਾਏ ਜਾਣਗੇ। ਇਸੇ ਤਰ੍ਹਾਂ ਦਸ ਨਾਕੇ ਸ਼ਹਿਰ ਦੇ ਵਿੱਚ ਦਾਖਲ ਹੋਣ ਅਤੇ ਬਾਹਰ ਜਾਣ ਵਾਲਿਆਂ ਰਸਤਿਆਂ ’ਤੇ ਹੋਣਗੇ। ਉਨ੍ਹਾਂ ਦੱਸਿਆ ਕਿ ਡੀਐੱਸਪੀ ਅਤੇ ਐੱਸਪੀ ਪੱਧਰ ਦੇ ਲਗਭਗ 40 ਅਧਿਕਾਰੀ ਸਮੁੱਚੇ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕਰਨਗੇ। ਉਨ੍ਹਾਂ ਕਿਹਾ ਕਿ ਸਮੁੱਚੀ ਸਥਿਤੀ ’ਤੇ ਨਜ਼ਰ ਰੱਖੀ ਜਾਵੇਗੀ ਅਤੇ ਕਿਸੇ ਨੂੰ ਵੀ ਅਮਨ ਤੇ ਕਾਨੂੰਨ ਦੀ ਵਿਵਸਥਾ ਨੂੰ ਵਿਗਾੜਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।