ਸੈਣੀ ਵੱਲੋਂ ਪੰਚਕੂਲਾ ਦੇ ਸਰਕਾਰੀ ਹਸਪਤਾਲ ’ਚ ਛਾਪਾ
ਪੀਪੀ ਵਰਮਾ
ਪੰਚਕੂਲਾ, 22 ਅਕਤੂਬਰ
ਹਰਿਆਣਾ ਦੇ ਨਵੇਂ ਬਣੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਚਕੂਲਾ ਦੇ ਸਰਕਾਰੀ ਜਨਰਲ ਹਸਪਤਾਲ ਵਿੱਚ ਛਾਪਾ ਮਾਰਿਆ। ਉਨ੍ਹਾਂ ਵੱਖ-ਵੱਖ ਵਾਰਡਾਂ ਵਿੱਚ ਜਾ ਕੇ ਮਰੀਜ਼ਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਮਰੀਜ਼ਾਂ ਅਤੇ ਉਨ੍ਹਾਂ ਦੇ ਸਕੇ ਸਬੰਧੀਆਂ ਤੋਂ ਸਰਕਾਰ ਵੱਲੋਂ ਮੁਫ਼ਤ ਮਿਲਣ ਵਾਲੀਆਂ ਸਿਹਤ ਸੇਵਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਲੋੜਵੰਦਾਂ ਨੂੰ ਇਨ੍ਹਾਂ ਸਕੀਮਾਂ ਦਾ ਲਾਭ ਲੈਣ ਲਈ ਕਿਹਾ।
ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਮੁਫ਼ਤ ਡਾਇਲੇਸਿਸ ਸਹੂਲਤ ਦਿੱਤੀ ਗਈ ਹੈ। ਮਰੀਜ਼ਾਂ ਨੇ ਮੁੱਖ ਮੰਤਰੀ ਸੈਣੀ ਨੂੰ ਦੱਸਿਆ ਕਿ ਸਾਰੀਆਂ ਸਹੂਲਤਾਂ ਤਾਂ ਨਹੀਂ ਮਿਲ ਰਹੀਆਂ ਪਰ ਕੁਝ ਸਹੂਲਤਾਂ ਹਸਪਤਾਲ ਪ੍ਰਸ਼ਾਸਨ ਵੱਲੋਂ ਮਿਲ ਰਹੀਆਂ ਹਨ। ਮੁੱਖ ਮੰਤਰੀ ਨੇ ਜਦੋਂ ਅਚਾਨਕ ਹਸਪਤਾਲ ਵਿੱਚ ਛਾਪਾ ਮਾਰਿਆ ਤਾਂ ਉਹ ਹਸਪਤਾਲ ਦੇ ਪ੍ਰਬੰਧਾਂ ਤੋਂ ਖੁਸ਼ ਨਜ਼ਰ ਨਾ ਆਏ। ਉਨ੍ਹਾਂ ਡਾਕਟਰਾਂ ਨੂੰ ਪੁੱਛਿਆ ਕਿ ਮਰੀਜ਼ਾਂ ਨੂੰ ਕਿਹੜੀਆਂ-ਕਿਹੜੀਆਂ ਸੇਵਾਵਾਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਮੁੱਖ ਮੰਤਰੀ ਨੇ ਹਸਪਤਾਲ ਦੇ ਪ੍ਰਬੰਧਾਂ ਵਿੱਚ ਕਈ ਕਮੀਆਂ ਦੇਖੀਆਂ ਜਿਸ ਮਗਰੋਂ ਉਨ੍ਹਾਂ ਸਟਾਫ਼ ਨੂੰ ਤਾੜਨਾ ਵੀ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਉਹ ਦੂਜੀ ਵਾਰ ਇਸ ਹਸਪਤਾਲ ਵਿੱਚ ਦੌਰਾ ਕਰਨ ਆਉਣ ਤਾਂ ਉਨ੍ਹਾਂ ਨੂੰ ਹਸਪਤਾਲ ਵਿੱਚ ਕੋਈ ਕਮੀ ਨਾ ਦਿਸੇ। ਇਸ ਮੌਕੇ ਉਨ੍ਹਾਂ ਡਾਕਟਰਾਂ ਨੂੰ ਕਈ ਦਿਸ਼ਾ ਨਿਰਦੇਸ਼ ਵੀ ਦਿੱਤੇ। ਇਸ ਮੌਕੇ ਸਿਵਲ ਸਰਜਨ ਡਾ. ਮੁਕਤਾ ਕੁਮਾਰ ਅਤੇ ਵੱਡੀ ਗਿਣਤੀ ਵਿੱਚ ਸਟਾਫ਼ ਮਜੂਦ ਸੀ।