ਸੈਫ਼ ਦਾ ਪੁੱਤਰ ਇਬਰਾਹਿਮ ਧਰਮਾ ਪ੍ਰੋਡਕਸ਼ਨ ਨਾਲ ਕਰੇਗਾ ਅਦਾਕਾਰੀ ਦੀ ਸ਼ੁਰੂਆਤ: ਕਰਨ ਜੌਹਰ
ਨਵੀਂ ਦਿੱਲੀ:
ਫਿਲਮਸਾਜ਼ ਕਰਨ ਜੌਹਰ ਨੇ ਅੱਜ ਇੱਥੇ ਪੁਸ਼ਟੀ ਕੀਤੀ ਕਿ ਅਦਾਕਾਰ ਸੈਫ ਅਲੀ ਖਾਨ ਅਤੇ ਅੰਮ੍ਰਿਤਾ ਸਿੰਘ ਦਾ ਪੁੱਤਰ ਇਬਰਾਹਿਮ ਅਲੀ ਖਾਨ ਧਰਮਾ ਪ੍ਰੋਡਕਸ਼ਨ ਵੱਲੋਂ ਸਮਰਥਨ ਪ੍ਰਾਪਤ ਫ਼ਿਲਮ ਨਾਲ ਜਲਦੀ ਹੀ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਇੰਸਟਾਗ੍ਰਾਮ ’ਤੇ ਇੱਕ ਲੰਬੀ ਪੋਸਟ ਵਿੱਚ ਜੌਹਰ ਨੇ ਕਿਹਾ ਉਹ ਪਰਿਵਾਰ ਨੂੰ 40 ਸਾਲਾਂ ਤੋਂ ਜਾਣਦੇ ਹਨ ਅਤੇ ਇਬਰਾਹਿਮ ਨੂੰ ਵੱਡੇ ਪਰਦੇ ’ਤੇ ਪੇਸ਼ ਕਰਨ ਲਈ ਕਾਫ਼ੀ ਉਤਸ਼ਾਹਿਤ ਹਨ। ਉਨ੍ਹਾਂ ਕਿਹਾ ਕਿ ਇਸ ਪਰਿਵਾਰ ਦੀਆਂ ਰਗਾਂ ਵਿੱਚ ਫ਼ਿਲਮਾਂ ਦੌੜਦੀਆਂ ਹਨ। ਪਰਿਵਾਰ ਨਵੀਂ ਪ੍ਰਤਿਭਾ ਨੂੰ ਲਾਂਚ ਕਰਨ ਲਈ ਬੇਹੱਦ ਉਤਸ਼ਾਹਤ ਹੈ। ਹਾਲਾਂਕਿ ਜੌਹਰ ਨੇ ਇਬਰਾਹਿਮ ਦੇ ਪਹਿਲੇ ਪ੍ਰਾਜੈਕਟ ਦੇ ਨਾਮ ਅਤੇ ਬਾਕੀ ਕਲਾਕਾਰਾਂ ਸਣੇ ਕਿਸੇ ਵੀ ਵੇਰਵੇ ਦਾ ਖੁਲਾਸਾ ਨਹੀਂ ਕੀਤਾ। ਇਬਰਾਹਿਮ ਨੇ ਇਸ ਤੋਂ ਪਹਿਲਾਂ ਜੌਹਰ ਵੱਲੋਂ 2023 ਵਿੱਚ ਬਣਾਈ ਫ਼ਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਵਿੱਚ ਇੱਕ ਸਹਾਇਕ ਵਜੋਂ ਕੰਮ ਕੀਤਾ ਸੀ। ਫ਼ਿਲਮ ਨਿਰਮਾਤਾ ਨੇ ਇਬਰਾਹਿਮ ਦੀ ਮਾਂ ਅੰਮ੍ਰਿਤਾ ਨਾਲ ਮੁਲਾਕਾਤ ਨੂੰ ਯਾਦ ਕੀਤਾ ਜਦੋਂ ਉਹ ਮਹਿਜ਼ 12 ਸਾਲ ਦਾ ਸੀ। ਕਰਨ ਨੇ ਕਿਹਾ ਕਿ ਉਸ ਨੇ ਮੇਰੇ ਪਿਤਾ ਨਾਲ ਇੱਕ ਫਿਲਮ ‘ਦੁਨੀਆ’ ਕੀਤੀ ਸੀ। ਕਰਨ ਨੇ ਕਿਹਾ ਕਿ ਸੈਫ਼ ਅਤੇ ਅੰਮ੍ਰਿਤਾ ਸਿੰਘ ਤੋਂ ਲੈ ਕੇ ਉਨ੍ਹਾਂ ਦੀ ਧੀ ਸਾਰਾ ਅਲੀ ਖ਼ਾਨ ਨਾਲ ਕੰਮ ਕਰਨ ਦਾ ਉਨ੍ਹਾਂ ਨੂੰ ਕਾਫ਼ੀ ਤਜਰਬਾ ਹੈ। -ਪੀਟੀਆਈ