ਸ਼ੂਟਿੰਗ ਦੌਰਾਨ ਜ਼ਖ਼ਮੀ ਹੋਏ ਸੈਫ਼ ਦੀ ਕੂਹਣੀ ਦੀ ਸਰਜਰੀ ਹੋਈ
ਮੁੰਬਈ: ਅਦਾਕਾਰ ਸੈਫ਼ ਅਲੀ ਖ਼ਾਨ ਆਪਣੀ ਨਵੀਂ ਫਿਲਮ ਦੀ ਸ਼ੂਟਿੰਗ ਦੌਰਾਨ ਇੱਕ ਐਕਸ਼ਨ ਸੀਨ ਫਿਲਮਾਉਣ ਮੌਕੇ ਜ਼ਖ਼ਮੀ ਹੋ ਗਿਆ ਜਿਸ ਕਾਰਨ ਉਸ ਦੀ ਕੂਹਣੀ ਦੀ ਇੱਕ ਪੁਰਾਣੀ ਸੱਟ ਮੁੜ ਹਰੀ ਹੋ ਗਈ। ਇਸ ਮਗਰੋਂ ਅਦਾਕਾਰ ਨੂੰ ਸਥਾਨਕ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਥੇ ਉਸ ਦੀ ਕੂਹਣੀ ਦੀ ਸਰਜਰੀ ਕੀਤੀ ਗਈ ਹੈ। ਸਰਜਰੀ ਮਗਰੋਂ ਅਦਾਕਾਰ ਨੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ। ਸੈਫ਼ ਨੇ ਕਿਹਾ, ‘ਮੈਨੂੰ ਖੁਸ਼ੀ ਹੈ ਕਿ ਇੰਨੇ ਮਾਹਿਰ ਡਾਕਟਰਾਂ ਦੇ ਹੱਥਾਂ ਵਿੱਚ ਮੇਰਾ ਇਲਾਜ ਹੋਇਆ ਹੈ। ਇਹ ਸੱਟ ਇੱਕ ਅਜਿਹਾ ਮੁੱਲ ਹੈ ਜੋ ਅਸੀਂ ਅਦਾਕਾਰ ਆਪਣਾ ਕੰਮ ਕਰਨ ਲਈ ਅਦਾ ਕਰਦੇ ਹਾਂ।’ ਜ਼ਿਕਰਯੋਗ ਹੈ ਕਿ 2017 ਵਿੱਚ ਵਿਸ਼ਾਲ ਭਾਰਦਵਾਜ ਦੀ ਫ਼ਿਲਮ ‘ਰੰਗੂਨ’ ਦੀ ਸ਼ੂਟਿੰਗ ਦੌਰਾਨ ਅਦਾਕਾਰ ਨੂੰ ਪਹਿਲਾਂ ਕੂਹਣੀ ’ਤੇ ਸੱਟ ਲੱਗੀ ਸੀ। ਫਿਲਮਾਂ ਦੀ ਗੱਲ ਕਰੀਏ ਤਾਂ ਸੈਫ਼ ਅਲੀ ਖ਼ਾਨ ਛੇਤੀ ਹੀ ਜੁੂਨੀਅਰ ਐੱਨਟੀਆਰ ਤੇ ਜਾਹਨਵੀ ਕਪੂਰ ਨਾਲ ਪੈਨ-ਇੰਡੀਆ ਦੀ ਫਿਲਮ ‘ਦੇਵਾਰਾ’ ਵਿੱਚ ਦਿਖਾਈ ਦੇਵੇਗਾ। ਹਾਲ ਹੀ ਵਿੱਚ ‘ਦੇਵਾਰਾ’ ਦੇ ਨਿਰਮਾਤਾਵਾਂ ਵੱਲੋਂ ਫਿਲਮ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ ਸੀ, ਜਿਸ ਵਿੱਚ ਜੂਨੀਅਰ ਐੱਨਟੀਆਰ ਗੰਭੀਰ ਅੰਦਾਜ਼ ਵਿੱਚ ਖੜ੍ਹਾ ਦਿਖਾਈ ਦੇ ਰਿਹਾ ਹੈ। ਇਸ ਫਿਲਮ ਦਾ ਨਿਰਦੇਸ਼ਨ ਕੋਰਾਤਾਲਾ ਸਿਵਾ ਵੱਲੋਂ ਕੀਤਾ ਗਿਆ ਹੈ। -ਪੀਟੀਆਈ