Saif Ali Khan attacker ਸੈਫ਼ ਅਲੀ ਖ਼ਾਨ ’ਤੇ ਹਮਲਾ ਕਰਨ ਵਾਲਾ ਬੰਗਲਾਦੇਸ਼ੀ ਨਾਗਰਿਕ ਗ੍ਰਿਫ਼ਤਾਰ
ਮੁੰਬਈ, 19 ਜਨਵਰੀ
ਮੁੰਬਈ ਪੁਲੀਸ ਨੇ ਬੌਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ’ਤੇ ਚਾਕੂ ਨਾਲ ਹਮਲਾ ਕਰਨ ਵਾਲੇ ਮੁੱਖ ਮੁਲਜ਼ਮ ਨੂੰ ਗ੍ਰਿਫ਼਼ਤਾਰ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਨੂੰ ਕੋਰਟ ਵਿਚ ਪੇਸ਼ ਕਰਕੇ 24 ਜਨਵਰੀ ਤੱਕ ਰਿਮਾਂਡ ਹਾਸਲ ਕਰ ਲਿਆ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਮਲਾਵਰ, ਜੋ ਬੰਗਲਾਦੇਸ਼ੀ ਨਾਗਰਿਕ ਹੈ, ਇਸ ਗੱਲੋਂ ਅਣਜਾਣ ਸੀ ਕਿ ਉਹ ਬੌਲੀਵੁੱਡ ਅਦਾਕਾਰ ਦੇ ਘਰ ਵਿਚ ਦਾਖ਼ਲ ਹੋਇਆ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁਲਜ਼ਮ ਚੋਰੀ ਕਰਨ ਦੇ ਇਰਾਦੇ ਨਾਲ ਘਰ ਵਿਚ ਵੜਿਆ ਸੀ। ਅਧਿਕਾਰੀ ਨੇ ਕਿਹਾ ਕਿ ਹਮਲਾਵਰ ਨੂੰ ਨਾਲ ਲੱਗਦੇ ਠਾਣੇ ਜ਼ਿਲ੍ਹੇ ਵਿਚ ਗੋਦਬਾਂਦਰ ਰੋਡ ਸਥਿਤ ਹੀਰਾਨੰਦਾਨੀ ਐਸਟੇਟ ਤੋਂ ਕਾਬੂ ਕੀਤਾ ਗਿਆ ਹੈ। ਪੁਲੀਸ ਨੇ ਕਿਹਾ ਕਿ ਉਹ ਇਸ ਹਮਲੇ ਪਿੱਛੇ ਕੌਮਾਂਤਰੀ ਸਾਜ਼ਿਸ਼ ਦੇ ਦਾਅਵੇ ਤੋਂ ਇਨਕਾਰ ਨਹੀਂ ਕਰ ਸਕਦੀ।
ਅਧਿਕਾਰੀ ਮੁਤਾਬਕ ਮੁਲਜ਼ਮ ਦਾ ਅਸਲ ਨਾਮ ਸ਼ਰੀਫੁੱਲ ਇਸਲਾਮ ਸ਼ਹਿਜ਼ਾਦ ਮੁਹੰਮਦ ਰੋਹੀਲਾ ਅਮੀਨ ਫ਼ਕੀਰ ਹੈ ਤੇ ਉਸ ਨੇ ਭਾਰਤ ਵਿਚ ਦਾਖ਼ਲ ਹੋਣ ਮਗਰੋਂ ਆਪਣਾ ਨਾਮ ਬਦਲ ਕੇ ਬਿਜੋਏ ਦਾਸ ਰੱਖ ਲਿਆ ਸੀ। ਮੁਲਜ਼ਮ ਜਿਸ ਦੀ ਉਮਰ 30 ਸਾਲ ਦੇ ਕਰੀਬ ਹੈ, ਬੰਗਲਾਦੇਸ਼ ਦੇ ਝਾਲੋਕਾਟੀ ਦਾ ਰਹਿਣ ਵਾਲਾ ਹੈ। ਉਹ ਪਿਛਲੇ ਪੰਜ ਮਹੀਨਿਆਂ ਤੋਂ ਮੁੰਬਈ ਵਿਚ ਰਹਿ ਰਿਹਾ ਸੀ ਤੇ ਨਿੱਕੇ ਮੋਟੇ ਕੰਮ ਕਰਦਾ ਸੀ। ਪੁਲੀਸ ਮੁਲਜ਼ਮ ਵੱਲੋਂ ਭਾਰਤ ’ਚ ਗੈਰਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਲਈ ਵਰਤੇ ਦਸਤਾਵੇਜ਼ ਇਕੱਤਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਡੀਸੀਪੀ ਦੀਕਸ਼ਿਤ ਗੇਦਾਮ ਨੇ ਕਿਹਾ ਕਿ ‘ਪਹਿਲੀ ਨਜ਼ਰੇ ਮੁਲਜ਼ਮ ਬੰਗਲਾਦੇਸ਼ੀ ਨਾਗਰਿਕ ਹੈ। ਚੇਤੇ ਰਹੇ ਕਿ ਹਮਲਾਵਰ ਨੇ ਬੌਲੀਵੁੱਡ ਅਦਾਕਾਰ ਦੇ ਬਾਂਦਰਾ ਵਿਚ ‘ਸਤਗੁਰੂ ਸ਼ਰਨ’ ਇਮਾਰਤ ’ਚ 12ਵੀਂ ਮੰਜ਼ਿਲ ਵਿਚਲੇ ਅਪਾਰਟਮੈਂਟ ਵਿਚ ਦਾਖ਼ਲ ਹੋ ਕੇ ਖ਼ਾਨ ਉੱਤੇ ਚਾਕੂ ਨਾਲ ਛੇ ਵਾਰ ਕੀਤੇ ਸਨ। ਖ਼ਾਨ ਐਮਰਜੈਂਸੀ ਸਰਜਰੀ ਮਗਰੋਂ ਲੀਲਾਵਤੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਡਾਕਟਰਾਂ ਮੁਤਾਬਕ ਅਦਾਕਾਰ ਦੀ ਹਾਲਤ ਸਥਿਰ ਹੈ ਤੇ ਜਲਦੀ ਹੀ ਉਸ ਨੂੰ ਹਸਪਤਾਲ ’ਚੋਂ ਛੁੱਟੀ ਦੇ ਦਿੱਤੀ ਜਾਵੇਗੀ। -ਪੀਟੀਆਈ