ਸੈਦੋ ਨੌਸ਼ਹਿਰਾ ਵੈੱਲਫੇਅਰ ਕਮੇਟੀ ਨੇ ਪ੍ਰਸ਼ਾਸਨ ਦਾ ਪੁਤਲਾ ਫੂਕਿਆ
ਜਗਜੀਤ ਸਿੰਘ
ਮੁਕੇਰੀਆਂ, 7 ਜੁਲਾਈ
ਨੇੜਲੇ ਪਿੰਡ ਸੈਦੋ ਨੌਸ਼ਹਿਰਾ ਭਲਾਈ ਕਮੇਟੀ ਵੱਲੋਂ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਅਤੇ ਸੜਕਾਂ ਦੀ ਮਾੜੀ ਹਾਲਤ ਦੇ ਵਿਰੁੱਧ ਬੱਸ ਸਟੈਂਡ ਸੈਦੋਂ ਨੌਸ਼ਹਿਰਾ ਵਿੱਚ ਰੋਸ ਪ੍ਰਦਰਸ਼ਨ ਕਰ ਕੇ ਪੁਤਲਾ ਫੂਕਿਆ ਗਿਆ। ਇਸ ਮੌਕੇ ਸੈਦੋਂ ਨੌਸ਼ਹਿਰਾ ਵੈੱਲਫੇਅਰ ਕਮੇਟੀ ਦੇ ਪ੍ਰਧਾਨ ਧਰਮਿੰਦਰ ਸਿੰਘ ਨੇ ਕਿਹਾ ਕਿ ਹਾਜੀਪੁਰ ਤੋਂ ਠਾਕੁਰਦੁਆਰੇ ਨੂੰ ਜਾਂਦੀ ਸੜਕ ਦੀ ਹਾਲਤ ਖਸਤਾ ਹੋਈ ਪਈ ਹੈ। ਸੜਕ ਥੋੜੀ ਜਿਹੀ ਬਰਸਾਤ ਤੋਂ ਬਾਅਦ ਛੱਪੜ ਦਾ ਰੂਪ ਧਾਰਨ ਕਰ ਲੈਂਦੀ ਹੈ। ਇਸ ਸੜਕ ਤੋਂ ਰੋਜ਼ਾਨਾ ਕਰੀਬ 35 ਪਿੰਡਾਂ ਦੇ ਲੋਕ ਲੰਘਦੇ ਹਨ ਅਤੇ ਸੜਕ ਦੀ ਮਾੜੀ ਹਾਲਤ ਕਾਰਨ ਅਕਸਰ ਹਾਦਸਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੂੰ ਸਕੂਲ ਪਹੁੰਚਣ ਵੇਲੇ ਵਧੇਰੇ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਸੜਕ ’ਤੇ ਭਰਿਆ ਗੰਦਾ ਪਾਣੀ ਵੀ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ ਅਤੇ ਬਰਸਾਤ ਦੇ ਮੌਸਮ ਵਿੱਚ ਮਲੇਰੀਆ, ਡੇਂਗੂ ਦਾ ਖਤਰਾ ਬਣਿਆ ਹੋਇਆ ਹੈ। ਪਿੰਡ ਵਾਸੀਆਂ ਨੇ ਸਥਾਨਕ ਬੀਡੀਪੀਓ ਅਤੇ ਲੋਕ ਨਿਰਮਾਣ ਵਿਭਾਗ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਸ ਮਾਮਲੇ ਵੱਲ ਧਿਆਨ ਦਿੱਤਾ ਜਾਵੇ ਅਤੇ ਗੰਦੇ ਪਾਣੀ ਦੀ ਨਿਕਾਸੀ ਅਤੇ ਸੜਕ ਦੀ ਮੁਰੰਮਤ ਦਾ ਯੋਗ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਪਿੰਡ ਸੈਦੋਂ ਨੌਸ਼ਹਿਰਾ ਦੇ ਵਸਨੀਕ ਕੁਲਦੀਪ ਸਿੰਘ ਸੂਬੇਦਾਰ, ਟਹਿਲ ਸਿੰਘ ਸੂਬੇਦਾਰ, ਐਡਵੋਕੇਟ ਰਾਹੁਲ ਬਹਿਲ, ਮਹਿੰਗਾ ਸਿੰਘ, ਗੁਰਵਿੰਦਰ ਸਿੰਘ, ਸੁਖਦਿਆਲ ਸਿੰਘ, ਪ੍ਰੇਮ ਚੰਦ, ਪਰਮਜੀਤ ਸਿੰਘ, ਪੰਕਜ ਕੁਮਾਰ, ਜਰਨੈਲ ਸਿੰਘ ਆਦਿ ਵੀ ਹਾਜ਼ਰ ਸਨ।