For the best experience, open
https://m.punjabitribuneonline.com
on your mobile browser.
Advertisement

ਸਾਈ

08:01 AM Jun 06, 2024 IST
ਸਾਈ
Advertisement

ਹਰਭਿੰਦਰ ਸਿੰਘ ਸੰਧੂ

Advertisement

ਸ਼ਹਿਰ ਵਿੱਚ ਮਠਿਆਈ ਦੀ ਸਭ ਤੋਂ ਵੱਡੀ ਤੇ ਮਸ਼ਹੂਰ ਦੁਕਾਨ ਭਜਨ ਹਲਵਾਈ ਦੀ ਹੀ ਸੀ। ਉਸ ਨੇ ਸ਼ਹਿਰ ਤੋਂ ਕੁਝ ਦਿਨਾਂ ਲਈ ਬਾਹਰ ਜਾਣਾ ਸੀ। ਆਪਣੀ ਗ਼ੈਰਹਾਜ਼ਰੀ ਵਿੱਚ ਉਹ ਦੁਕਾਨ ਦਾ ਸਾਰਾ ਕੰਮ ਆਪਣੇ ਪੁੱਤਰ ਵਿੱਕੀ ਨੂੰ ਸੌਂਪ ਕੇ ਗਿਆ ਸੀ। ਵੋਟਾਂ ਦਾ ਸੀਜ਼ਨ ਚੱਲ ਰਿਹਾ ਸੀ। ਜਿਉਂ ਹੀ ਵੋਟਾਂ ਪੈਣ ਦਾ ਕੰਮ ਮੁੱਕਿਆ ਤਾਂ ਅਗਲੇ ਦਿਨ ਹੀ ਵੱਖ ਵੱਖ ਪਾਰਟੀਆਂ ਦੇ ਆਗੂ ਦੁਕਾਨ ’ਤੇ ਆ ਕੇ ਆਪਣੀ ਜਿੱਤ ਦਾ ਦਾਅਵਾ ਕਰਦਿਆਂ ਲੱਡੂਆਂ ਵਾਸਤੇ ਸਾਈ ਦੇ ਰਹੇ ਸਨ। ਵਿੱਕੀ ਨੂੰ ਚਹੁੰਆਂ ਪਾਰਟੀਆਂ ਦੇ ਆਗੂ ਹੀ ਸਾਈ ਦੇ ਗਏ ਸਨ। ਅਗਲੇ ਦਿਨ ਜਦੋਂ ਭਜਨ ਆਪਣੀ ਦੁਕਾਨ ’ਤੇ ਆਇਆ ਤਾਂ ਉਸ ਨੇ ਦੁਕਾਨ ’ਤੇ ਪਏ ਬੇਸਣ ਅਤੇ ਖੰਡ ਦੇ ਗੱਟੇ ਦੇਖ ਵਿੱਕੀ ਨੂੰ ਪੁੱਛਿਆ, ‘‘ਆਹ ਐਨਾ ਮਾਲ ਕਿਸ ਦਾ ਤਿਆਰ ਕਰਨਾ ਏ?’’ ਜਦੋਂ ਵਿੱਕੀ ਨੇ ਸਾਰੀ ਗੱਲ ਦੱਸੀ ਤਾਂ ਭਜਨ ਹਲਵਾਈ ਆਪਣੇ ਤਜਰਬੇ ਅਨੁਸਾਰ ਬੋਲਿਆ, ‘‘ਓ ਸ਼ੁਦਾਈਆ, ਜਿੱਤਣਾ ਤਾਂ ਇੱਕ ਨੇ ਹੀ ਐ। ਬਾਕੀਆਂ ਨੇ ਲੱਡੂ ਸਿਰ ’ਚ ਮਾਰਨੇ ਐ! ਬੱਸ ਸਾਈਆਂ ਹੀ ਰਹਿ ਜਾਣੀਆਂ ਆਪਣੇ ਕੋਲ।’’ ਹੁਣ ਵਿੱਕੀ ਕਾਰੀਗਰਾਂ ਨੂੰ ਇੱਕ ਪਾਰਟੀ ਵਾਸਤੇ ਹੀ ਲੱਡੂ ਬਣਾਉਣ ਲਈ ਕਹਿ ਰਿਹਾ ਸੀ।
ਸੰਪਰਕ: 97810-81888
* * *

ਗਰੇਟ ਬਾਪੂ

ਰੁਪਿੰਦਰ ਪਾਲ ਸਿੰਘ ਗਿੱਲ

‘‘ਮੈਂ ਕਿਹਾ ਜੀ, ਸਤੀਸ਼ ਦੇ ਵਿਆਹ ਦੇ ਪ੍ਰਬੰਧਾਂ ਬਾਰੇ ਕੁਝ ਸੋਚਿਆ?’’
‘‘ਸੋਚਣਾ ਕੀ ਐ ਚਾਰ ਬੰਦੇ ਜਾਵਾਂਗੇ ਤੇ ਵਿਆਹ ਕੇ ਘਰ ਲੈ ਆਵਾਂਗੇ।’’
‘‘ਮੈਂ ਧਾਰਮਿਕ ਰਸਮਾਂ ਬਾਰੇ ਪੁੱਛਦੀਆਂ। ਕਰਨੀਆਂ ਨੇ ਕਿ ਆਪਣੇ ਵਾਲਾ ਹੀ ਚੰਦ ਚਾੜ੍ਹਨਾ ਐ।’’
‘‘ਉਨ੍ਹਾਂ ਦੀ ਕੀ ਲੋੜ ਐ? ਆਪਾ ਅਗਾਂਹਵਧੂ ਵਿਆਹ ਕਰਨੈ।’’
‘‘ਆਪਾਂ ਹੋਰ ਕੁਝ ਨਹੀਂ ਕਰਨਾ, ਬਰਾਤ ਨਹੀਂ ਲੈ ਕੇ ਜਾਣੀ, ਦਾਜ ਨਹੀਂ ਲੈਣਾ। ਇਹ ਬਹੁਤ ਵਧੀਆ। ਸਾਰੇ ਲੋਕ ਇਸ ਦੀ ਤਾਰੀਫ਼ ਕਰਨਗੇ। ਪਰ ਧਾਰਮਿਕ ਰਸਮਾਂ ਤਾਂ ਕਰ ਹੀ ਲਈਏ, ਲੋਕਾਂ ਦੇ ਨਾਲ ਰਹਿਣਾ ਚਾਹੀਦਾ ਏ।’’
‘‘ਨਹੀਂ ਕੁਲਜਿੰਦਰ, ਮੈਂ ਸਟੇਜਾਂ ’ਤੇ ਭਾਸ਼ਨ ਦਿੰਦਾ ਰਿਹਾ ਕਿ ਇਨ੍ਹਾਂ ਰਸਮਾਂ ਦੀ ਕੋਈ ਲੋੜ ਨਹੀਂ। ਹੁਣ ਮੈਂ ਕਿਵੇਂ ਕਰ ਸਕਦਾ ਹਾਂ? ਲੋਕ ਕੀ ਕਹਿਣਗੇ? ਨਾਲੇ ਸੰਸਥਾ ਦਾ ਪ੍ਰਭਾਵ ਘਟਦਾ ਏ। ਲੋਕ ਕਹਿਣਗੇ ਇਹ ਕਹਿਣੀ ਤੇ ਕਰਨੀ ਦੇ ਇੱਕ ਨਹੀਂ।’’
‘‘ਤੁਸੀਂ ਹੀ ਠੇਕਾ ਲਿਆ ਹੋਇਆ ਏ ਸੰਸਥਾ ਦਾ ਪ੍ਰਭਾਵ ਬਣਾਉਣ ਦਾ। ਹੋਰ ਤਾਂ ਸਾਰੇ ਅਗਲੇ ਸਾਰਾ ਕੁਝ ਕਰਦੇ ਆ। ਨਾਲੇ?’’
‘‘ਕਿਉਂ ਕੀਹਨੇ ਕੀਤਾ?’’
‘‘ਤੁਹਾਡੇ ਵੱਡੇ ਫਿਲਾਸਫ਼ਰ ਸਮਾਜ ਸੁਧਾਰਕ ਨੇ।’’
‘‘ਉਹਨੇ ਧਾਰਮਿਕ ਰਸਮਾਂ ਨੀ ਕੀਤੀਆਂ ਅਤੇ ਨਾਲੇ ਦਾਜ ਵੀ ਨਹੀਂ ਲਿਆ। ਕੁਲਜਿੰਦਰ ਉਹ ਪੱਕਾ ਰਿਹਾ।’’
‘‘ਹਾ ਹਾ ਹਾ... ਪੱਕਾ ਰਿਹਾ। ਧਾਰਮਿਕ ਰਸਮਾਂ ਕੀਤੀਆਂ ਨਹੀਂ। ਦੂਜੇ ਦਿਨ ਕਰਜ਼ਾ ਚੁੱਕ ਕੇ ਜਗੀਰਦਾਰਾਂ ਵਰਗੀ ਪਾਰਟੀ ਕਰਤੀ। ਆਪ ਦਾਜ ਮੰਗਿਆ ਨਹੀਂ। ਸੱਸ ਨੇ ਦਾਜ ਨਾ ਲਿਆਉਣ ਦੇ ਮਿਹਣੇ ਦੇ ਕੇ ਵਿਚਾਰੀ ਦਾ ਜਿਊਣਾ ਦੁੱਭਰ ਕਰ ਦਿੱਤਾ। ਵੱਡਾ ਸਮਾਜ ਸੁਧਾਰਕ!’’
‘‘ਕੁਲਜਿੰਦਰ, ਮੈਂ ਦੋਗਲਾ ਨਹੀਂ ਬਣ ਸਕਦਾ। ਮੈਂ ਤਾਂ ਆਪਣੀ ਸੋਚ ’ਤੇ ਪੱਕਾ ਰਹਾਂਗਾ। ਜੋ ਕਿਹਾ, ਕਰ ਦਿਖਾਵਾਂਗਾ।’’
ਸ਼ਤੀਸ ਆ ਕੇ ਜਤਿੰਦਰ ਨੂੰ ਜੱਫੀ ਪਾ ਲੈਂਦਾ ਹੈ। ਆਖਦਾ ਹੈ, ‘‘ਮਾਈ ਬਾਪੂ ਇਜ਼ ਗਰੇਟ।’’
ਸੰਪਰਕ: 98552-65666
* * *

ਸੇਵਾਮੁਕਤੀ ਦਾ ਦਿਨ

ਰਾਜੇਸ਼ ਰਿਖੀ ਪੰਜਗਰਾਈਆਂ

‘‘ਭਾਵੇਂ ਆਪਾਂ ਜਾਣਦੇ ਹਾਂ ਕਿ ਹਰ ਮਨੁੱਖ ਦਾ ਸੁਭਾਅ ਆਪਣੇ ਪਰਿਵਾਰਕ ਸੰਸਕਾਰਾਂ ਅਤੇ ਵਿਹਾਰਕ ਗਿਆਨ ਅਨੁਸਾਰ ਹੁੰਦਾ ਹੈ ਅਤੇ ਇਨਸਾਨ ਦੇ ਸ਼ਬਦਾਂ ਵਿੱਚੋਂ ਉਸ ਦਾ ਤਜਰਬਾ ਅਤੇ ਪ੍ਰਾਪਤ ਕੀਤਾ ਕਿਤਾਬੀ ਗਿਆਨ ਵੀ ਝਲਕਦਾ ਹੁੰਦਾ ਹੈ। ਆਪਣੇ ਮੈਡਮ ਜਸਵਿੰਦਰ ਕੌਰ ਦੀ ਸਾਰੀ ਉਮਰ ਮਹਿਕਮੇ ਵਿੱਚ ਨਿਕਲ ਗਈ, ਪਰ ਇਨ੍ਹਾਂ ਨੇ ਦੂਜਿਆਂ ਵਿੱਚ ਨੁਕਸ ਕੱਢਣ, ਏਧਰਲੀ ਗੱਲ ਝੱਟ ਓਧਰ ਕਰਨ ਅਤੇ ਬਿਨਾਂ ਕਾਰਨ ਹਰ ਇੱਕ ਦੇ ਮਾਮਲੇ ਵਿੱਚ ਲੱਤ ਅੜਾਉਣ ਤੋਂ ਸਿਵਾਏ ਕੁਝ ਨਹੀਂ ਕੀਤਾ, ਸਾਥੀ ਮੁਲਾਜ਼ਮਾਂ ’ਤੇ ਬਿਨਾਂ ਕਾਰਨ ਦੋਸ਼ ਲਗਾਉਣ ਦੀ ਆਦਤ ਨੇ ਹਰ ਸਮੇਂ ਕਲੇਸ਼ ਹੀ ਰੱਖਿਆ ਸਾਰੀ ਨੌਕਰੀ।’’ ‘‘ਭਰਾਵਾ, ਇਨ੍ਹਾਂ ਨੇ ਆਪਣੀ ਡਿਊਟੀ ਕਿਵੇਂ ਕੀਤੀ ਹੈ ਇਹ ਵੀ ਦੇਖ ਲੈ, ਰੱਜ ਕੇ ਫਰਲੋ ਮਾਰਨੀਆਂ, ਜਦੋਂ ਮਹਿਕਮੇ ਦਾ ਕੋਈ ਕੰਮ ਪੈ ਜਾਵੇ ਤਾਂ ਛੁੱਟੀ ਲੈ ਲਓ ਜਾਂ ਕਲੇਸ਼ ਖੜ੍ਹਾ ਕਰ ਲਓ। ਘਰ ਤੋਂ ਚਾਰ ਕਦਮ ਚੱਲ ਕੇ ਦਫਤਰ ਵੀ ਮੈਡਮ ਜੀ 11 ਵਜੇ ਤੋਂ ਪਹਿਲਾਂ ਨਹੀਂ ਪਹੁੰਚ ਸਕਦੇ ਸੀ। ਜੇ ਕੋਈ ਕੰਮ ਕਰਨ ਵਾਲਾ ਬੰਦਾ ਇਨ੍ਹਾਂ ਦੇ ਖੇਤਰ ਵਿੱਚ ਕੰਮ ਕਰੇ ਤਾਂ ਕਲੇਸ਼ ਪਾ ਲੈਣਾ ਕਿ ਇਹ ਮੇਰੇ ਤੋਂ ਪੁੱਛੇ ਬਿਨਾਂ ਕਿਵੇਂ ਹੋਇਆ?’’ ‘‘ਉਹ ਵਧੀਆ ਹੋਇਆ ਸੇਵਾਮੁਕਤ ਹੋ ਰਹੇ ਨੇ, ਕੋਈ ਵਧੀਆ ਸੋਚ ਵਾਲਾ, ਵਧੀਆ ਕੰਮ ਕਰਨ ਵਾਲਾ ਮੁਲਾਜ਼ਮ ਆਊਗਾ।’’ ਸਰਕਾਰੀ ਹਸਪਤਾਲ ਵਿੱਚ ਬੈਠੇ ਮੂਹਰਲੀ ਕਤਾਰ ਦੇ ਮੁਲਾਜ਼ਮ ਆਗੂ ਭਰਤ ਸਿੰਘ ਤੇ ਸੁਲੱਖਣ ਸਿੰਘ ਮੈਡਮ ਜਸਵਿੰਦਰ ਕੌਰ ਦੀ ਸੇਵਾਮੁਕਤੀ ਦੇ ਸੰਬੰਧ ’ਤੇ ਰੱਖੀ ਜਾਣ ਵਾਲੀ ਵਿਦਾਇਗੀ ਪਾਰਟੀ ਦੀ ਯੋਜਨਾਬੰਦੀ ਲਈ ਬੁਲਾਈ ਮੀਟਿੰਗ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਆਪਸ ਵਿੱਚ ਗੱਲਬਾਤ ਕਰ ਰਹੇ ਸਨ।
ਸਾਰੇ ਪ੍ਰਬੰਧ ਮੁਕੰਮਲ ਹੋਣ ਉਪਰੰਤ ਸੇਵਾਮੁਕਤੀ ਵਿਦਾਇਗੀ ਪਾਰਟੀ ਦਾ ਦਿਨ ਆ ਗਿਆ ਤੇ ਹੁਣ ਆਗੂ ਭਰਤ ਸਿੰਘ ਨੂੰ ਸਟੇਜ ਸੈਕਟਰੀ ਵੱਲੋਂ ਬੋਲਣ ਦਾ ਸਮਾਂ ਦਿੱਤਾ ਗਿਆ। ਉਸ ਨੇ ਸੰਬੋਧਨ ਕਰਨਾ ਸ਼ੁਰੂ ਕੀਤਾ, ‘‘ਮੈਡਮ ਜਸਵਿੰਦਰ ਕੌਰ ਅੱਜ ਮਹਿਕਮੇ ਵਿੱਚੋਂ 33 ਸਾਲ ਦੀ ਬੇਦਾਗ ਸੇਵਾ ਪੂਰੀ ਕਰਕੇ ਸੇਵਾਮੁਕਤ ਹੋ ਰਹੇ ਹਨ। ਇਨ੍ਹਾਂ ਨੇ ਬਹੁਤ ਹੀ ਇਮਾਨਦਾਰੀ ਨਾਲ ਕੰਮ ਕੀਤਾ। ਹਮੇਸ਼ਾ ਸਮੇਂ ਸਿਰ ਡਿਊਟੀ ਆਉਂਦੇ ਤੇ ਸਾਰਾ ਦਿਨ ਕੰਮ ਵਿੱਚ ਹੀ ਲੱਗੇ ਰਹਿੰਦੇ। ਕਦੇ ਕਿਸੇ ਦੀ ਵਾਧੂ ਗੱਲ ਨਹੀਂ ਕਰਦੇ ਸਨ ਤੇ ਸਾਥੀ ਕਰਮਚਾਰੀਆਂ ਨਾਲ ਬਹੁਤ ਰਲ-ਮਿਲ ਕੇ ਕੰਮ ਕਰਦੇ ਸਨ। ਇਨ੍ਹਾਂ ਵਰਗਾ ਮੁਲਾਜ਼ਮ ਮਹਿਕਮੇ ਨੂੰ ਮੁੜ ਮਿਲਣਾ ਮੁਸ਼ਕਿਲ ਹੈ।’’ ਮੁਲਾਜ਼ਮ ਆਗੂ ਦੇ ਮੂੰਹੋਂ ਨਿਕਲ ਰਹੇ ਸ਼ਬਦਾਂ ਨੂੰ ਸੁਣ ਖ਼ੁਦ ਮੈਡਮ ਜਸਵਿੰਦਰ ਕੌਰ ਭਾਵੇਂ ਆਪਣੇ ਪਰਿਵਾਰ ਸਾਹਮਣੇ ਮਾਣ ਨਾਲ ਬੈਠੇ ਸਨ, ਪਰ ਥੱਲੇ ਬੈਠੇ ਬਾਕੀ ਮੁਲਾਜ਼ਮ ਮੁਸ਼ਕੜੀਏਂ ਹੱਸ ਰਹੇ ਸਨ।
ਸੰਪਰਕ: 94644-42300
* * *

ਅੱਕਿਆ ਬੰਦਾ

ਮਹਿੰਦਰ ਸਿੰਘ ਮਾਨ

ਕਸ਼ਮੀਰ ਕੌਰ ਨੇ ਫਗਵਾੜੇ ਆਪਣੇ ਨਵੇਂ ਬਣਾਏ ਘਰ ਵਿੱਚ ਪਰਿਵਾਰ ਸਮੇਤ ਕੁਝ ਦਿਨ ਪਹਿਲਾਂ ਹੀ ਰਹਿਣਾ ਸ਼ੁਰੂ ਕੀਤਾ ਸੀ। ਪੁੱਤ ਨੂੰਹ ਆਪਣੇ ਕੰਮਾਂ-ਕਾਰਾਂ ’ਤੇ ਚਲੇ ਜਾਂਦੇ ਸਨ। ਇਕੱਲੀ ਕਸ਼ਮੀਰ ਕੌਰ ਨੂੰ ਏਡੇ ਵੱਡੇ ਘਰ ਦੀ ਸਫ਼ਾਈ ਕਰਨੀ ਬੜੀ ਔਖੀ ਸੀ। ਇਸ ਲਈ ਉਸ ਨੂੰ ਘਰ ਦੀ ਸਫ਼ਾਈ ਕਰਨ ਲਈ ਇੱਕ ਕੰਮ ਵਾਲੀ ਦੀ ਲੋੜ ਸੀ। ਗੁਆਂਢੀਆਂ ਤੋਂ ਵੀ ਉਸ ਨੇ ਕਿਸੇ ਕੰਮ ਵਾਲੀ ਬਾਰੇ ਪਤਾ ਕੀਤਾ। ਉਨ੍ਹਾਂ ਨੇ ਕੋਈ ਲੜ ਸਿਰਾ ਨਹੀਂ ਸੀ ਫੜਾਇਆ। ਫਿਰ ਇੱਕ ਦਿਨ ਕਿਸੇ ਨੇ ਦਰਵਾਜ਼ੇ ਦੀ ਘੰਟੀ ਦਾ ਬਟਨ ਦੱਬਿਆ। ਬੈੱਲ ਵੱਜਣ ’ਤੇ ਉਸ ਨੇ ਬਾਹਰ ਨਿਕਲ ਕੇ ਗੇਟ ਖੋਲ੍ਹ ਦਿੱਤਾ। ਬਾਹਰ ਤੀਹ ਕੁ ਸਾਲਾਂ ਦੀ ਔਰਤ ਖੜ੍ਹੀ ਸੀ।
‘‘ਹਾਂ, ਦੱਸੋ ਕੀ ਕੰਮ ਐ?’’ ਉਸ ਨੇ ਆਖਿਆ।
‘‘ਆਂਟੀ ਜੀ, ਮੈਂ ਘਰਾਂ ’ਚ ਸਫ਼ਾਈ ਕਰਨ ਦਾ ਕੰਮ ਕਰਦੀ ਆਂ। ਜੇ ਤੁਹਾਨੂੰ ਲੋੜ ਐ ਤਾਂ ਦੱਸੋ।’’ ਉਸ ਔਰਤ ਨੇ ਆਖਿਆ।
‘‘ਹਾਂ, ਲੋੜ ਐ। ਮੈਂ ਤਾਂ ਆਪ ਕਈ ਦਿਨਾਂ ਤੋਂ ਕਿਸੇ ਕੰਮ ਵਾਲੀ ਨੂੰ ਲੱਭਦੀ ਫਿਰਦੀ ਆਂ। ਪਹਿਲਾਂ ਮੈਂ ਤੇਰੇ ਕੋਲੋਂ ਕੁਝ ਜਾਣਕਾਰੀ ਲੈਣੀ ਚਾਹੁੰਦੀ ਆਂ, ਜੇ ਗੁੱਸਾ ਨਾ ਕਰੇਂ।’’
‘‘ਆਂਟੀ ਜੀ, ਪੁੱਛੋ ਕੋਈ ਗੱਲ ਨ੍ਹੀਂ।’’
‘‘ਤੇਰਾ ਨਾਂ ਕੀ ਆ? ਕਿਹੜੇ ਮੁਹੱਲੇ ’ਚ ਰਹਿੰਦੀ ਏਂ ਤੇ ਤੇਰਾ ਪਤੀ ਕੀ ਕੰਮ ਕਰਦਾ ਏ?’’
‘‘ਮੇਰਾ ਨਾਂ ਰੱਜੀ ਐ ਤੇ ਭੁੱਚਰਾਂ ਮੁਹੱਲੇ ’ਚ ਰਹਿੰਦੀ ਆਂ। ਆਪਣੇ ਪਤੀ ਬਾਰੇ ਕੀ ਦੱਸਾਂ! ਉਹ ਜਿੰਨਾ ਕਮਾਉਂਦੈ, ਓਨੇ ਦੀ ਸ਼ਰਾਬ ਪੀ ਲੈਂਦੈ। ਸ਼ਰਾਬ ਪੀ ਕੇ ਰੱਜ ਕੇ ਮੈਨੂੰ ਗਾਲ੍ਹਾਂ ਕੱਢਦੈ, ਨਾਲੇ ਕੁੱਟਮਾਰ ਕਰਦੈ। ਮੇਰੇ ਕੋਲੋਂ ਪੈਸੇ ਖੋਹ ਲੈਂਦੈ। ਹਰ ਮਹੀਨੇ ਤਿੰਨ ਹਜ਼ਾਰ ਦੇ ਡੋਡੇ ਮੇਰੇ ਕੋਲੋਂ ਪੈਸੇ ਲੈ ਕੇ ਪੀ ਜਾਂਦੈ। ਉਹ ਤਾਂ ਮੇਰੇ ’ਤੇ ਬੋਝ ਐ। ਜੇ ਮੈਂ ਕੰਮ ਨਾ ਕਰਾਂ, ਮੈਂ ਤੇ ਮੇਰੇ ਬੱਚੇ ਭੁੱਖੇ ਮਰ ਜਾਵਾਂਗੇ। ਪਤਾ ਨਹੀਂ ਮੇਰਾ ਉਹਦੇ ਕੋਲੋਂ ਕਦੋਂ ਖਹਿੜਾ ਛੁੱਟਣਾ ਏ? ਉਸ ਨੇ ਤਾਂ ਮੇਰੀ ਜ਼ਿੰਦਗੀ ਨਰਕ ਬਣਾਈ ਹੋਈ ਐ।’’ ਏਨਾ ਕੁਝ ਦੱਸਦਿਆਂ ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਸਨ।
ਕਸ਼ਮੀਰ ਕੌਰ ਨੇ ਉਸ ਤੋਂ ਹੋਰ ਬਹੁਤਾ ਕੁਝ ਪੁੱਛਣਾ ਠੀਕ ਨਾ ਸਮਝਿਆ ਤੇ ਉਸ ਨੂੰ ਸਵੇਰ ਤੋਂ ਕੰਮ ’ਤੇ ਆਉਣ ਲਈ ਕਹਿ ਦਿੱਤਾ।
ਸੰਪਰਕ: 99158-03554
* * *

ਦਾਗ਼

ਮਨਜੀਤ ਮਾਨ

ਪਿੰਡੋਂ ਬਾਹਰ ਫਿਰਨੀ ਉੱਤੇ ਬਚਿੱਤਰ ਸਿੰਹੁ ਦੇ ਮੁੰਡੇ ਨੇ ਦੋ ਮੰਜ਼ਿਲੀ ਆਲੀਸ਼ਾਨ ਕੋਠੀ ਪਾਈ ਹੋਈ ਸੀ ਜਿਸ ਵਿੱਚ ਉਸ ਨੇ ਮਹਿੰਗੀ ਲੱਕੜ ਦੇ ਨਾਲ ਵਿਦੇਸ਼ੀ ਪੱਥਰ ਵੀ ਲਵਾਇਆ ਸੀ।
ਅੱਜ ਸਵੇਰੇ ਬਚਿੱਤਰ ਸਿੰਹੁ ਜਦੋਂ ਕੋਠੀ ਤੋਂ ਥੋੜ੍ਹਾ ਪਰ੍ਹਾਂ ਬਣੇ ਆਪਣੇ ਕਮਰੇ ਵਿੱਚੋਂ ਉੱਠ ਕੇ ਕੋਠੀ ਅੰਦਰ ਆਉਣ ਲੱਗਾ ਤਾਂ ਉਸ ਦੀ ਨੂੰਹ ਨੇ ਰਸੋਈ ਵਿੱਚ ਖੜ੍ਹੀ ਨੇ ਹੀ ਕਿਹਾ, ‘‘ਬਾਪੂ ਜੀ, ਇੱਥੇ ਹੀ ਰੁਕ ਜਾਉ। ਮੈਂ ਤੁਹਾਨੂੰ ਚਾਹ ਇੱਥੇ ਬਾਹਰ ਹੀ ਫੜਾ ਦਿੰਦੀ ਹਾਂ। ਦੇਖਿਓ ਕਿਤੇ ਜੋੜਿਆਂ ਸਣੇ ਹੀ ਅੰਦਰ ਨਾ ਵੜ ਜਾਣਾ, ਫਰਸ਼ ’ਤੇ ਦਾਗ਼ ਪੈ ਜਾਣਗੇ। ਮੈਂ ਤਾਂ ਹੁਣੇ ਮਸਾਂ ਘੰਟੇ ’ਚ ਪੋਚਾ ਲਾ ਕੇ ਹਟੀ ਹਾਂ।’’ ‘‘ਪੁੱਤ, ਜੋੜੇ ਤਾਂ ਮੈਂ ਬਾਹਰ ਲਾਹ ਕੇ ਹੀ ਅੰਦਰ ਆਵਾਂਗਾ। ਇੰਨਾ ਕੁ ਤਾਂ ਮੈਨੂੰ ਦਿਸਦਾ ਹੈ,’’ ਬਚਿੱਤਰ ਸਿੰਹੁ ਨੇ ਬੇਵੱਸੀ ਭਰੀ ਆਵਾਜ਼ ਵਿੱਚ ਕਿਹਾ। ‘‘ਪਰ ਬਾਪੂ ਜੀ ਨੰਗੇ ਪੈਰਾਂ ਦੇ ਦਾਗ਼ ਵੀ ਤਾਂ ਫਰਸ਼ ’ਤੇ ਪੈਂਦੇ ਹੀ ਹਨ,’’ ਨੂੰਹ ਨੇ ਚਾਹ ਦਾ ਗਲਾਸ ਬਚਿੱਤਰ ਸਿੰਹੁ ਨੂੰ ਫੜਾਉਂਦਿਆਂ ਕਿਹਾ।
ਚਾਹ ਦਾ ਗਲਾਸ ਫੜੀ ਆਪਣੇ ਕਮਰੇ ਵੱਲ ਮੁੜਦਿਆਂ ਉਸ ਨੂੰ ਆਪਣੇ ਨੂੰਹ ਪੁੱਤ ਦੇ ਬੋਲ ਸੁਣ ਰਹੇ ਸਨ। ‘‘ਨਾ ਜੇਕਰ ਬਾਪੂ ਜੀ ਕੋਠੀ ਅੰਦਰ ਆ ਜਾਂਦੇ ਤਾਂ ਕੀ ਲੋਹੜਾ ਆ ਜਾਣਾ ਸੀ? ਐਵੇਂ ਸਵੇਰੇ ਉੱਠਦਿਆਂ ਹੀ ਲੜਾਈ ਭਾਲਣ ਲੱਗ ਜਾਂਦੀ ਏ।’’ ‘‘ਆਹੋ, ਤੁਸੀਂ ਸਰਦਾਰ ਜੀ ਨੇ ਕਿਹੜਾ ਪੋਚਾ ਲਾਉਣਾ ਹੁੰਦਾ, ਸਾਰਾ ਸਿਆਪਾ ਤਾਂ ਮੈਨੂੰ ਹੀ ਕਰਨਾ ਪੈਂਦਾ ਹੈ। ਬਾਪੂ ਜੀ ਨੇ ਤਾਂ ਮਿੰਟ ’ਚ ਫਰਸ਼ ’ਤੇ ਦਾਗ਼ ਲਗਾ ਕੇ ਤੁਰ ਜਾਣਾ ਸੀ ਪਰ ਮਗਰੋਂ ਮਿਟਾਉਣੇ ਤਾਂ ਮੈਨੂੰ ਹੀ ਪੈਣੇ ਸਨ।’’ ਬਚਿੱਤਰ ਸਿੰਹੁ ਆਪਣੀ ਨੂੰਹ ਦੇ ਬੋਲ ਸੁਣ ਕੇ ਮਨ ਹੀ ਮਨ ਕਹਿ ਰਿਹਾ ਸੀ, ‘ਪੁੱਤ, ਫਰਸ਼ ਵਾਲੇ ਦਾਗ਼ ਤਾਂ ਤੂੰ ਮਿਟਾ ਦੇਵੇਗੀ ਪਰ ਜੋ ਦਾਗ਼ ਤੇਰੇ ਬੋਲਾਂ ਨੇ ਮੇਰੇ ਹਿਰਦੇ ’ਤੇ ਲਗਾਏ ਹਨ ਉਹ ਕਿਵੇਂ ਮਿਟਾਵੇਂਗੀ?’
ਸੰਪਰਕ: 70098-98044

Advertisement
Author Image

joginder kumar

View all posts

Advertisement
Advertisement
×