ਗੁਰੂ ਨਾਨਕ ਸਕੂਲ ’ਚ ਸਹੋਦਿਆ ਖੇਡ ਸਮਾਗਮ ਸਮਾਪਤ
ਪੱਤਰ ਪ੍ਰੇਰਕ
ਦੋਰਾਹਾ, 9 ਨਵੰਬਰ
ਇਥੋਂ ਦੇ ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਚੱਲ ਰਿਹਾ ‘ਸਹੋਦਿਆ ਸਕੂਲ ਕੰਪਲੈਕਸ ਲੁਧਿਆਣਾ ਈਸਟ’ ਦੋ ਰੋਜ਼ਾ ਖੇਡ ਸਮਾਗਮ ਅੱਜ ਅਮਿੱਟ ਪੈੜਾਂ ਛੱਡਦਾ ਸਮਾਪਤ ਹੋ ਗਿਆ। ਇਸ ਵਿਚ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਗੋਬਿੰਦ ਬਰਾੜ ਨੇ ਖਿਡਾਰੀਆਂ ਨਾਲ ਮੁਲਾਕਾਤ ਕਰਦਿਆਂ ਖੇਡਾਂ ਦੇ ਮਹੱਤਵ ਸਬੰਧੀ ਜਾਣਕਾਰੀ ਦਿੱਤੀ ਅਤੇ ਸਖ਼ਤ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਅੰਡਰ 14 ਤੇ ਅੰਡਰ 17 ਲੜਕਿਆਂ ਦੇ 100 ਮੀਟਰ, 200 ਮੀਟਰ, 800 ਮੀਟਰ, 80 ਮੀਟਰ ਹਰਡਲ, 110 ਮੀਟਰ ਹਰਡਲ, 400 ਮੀਟਰ, ਲੰਬੀ ਛਾਲ, 100 ਮੀਟਰ ਰਿਲੇਅ ਦੌੜਾਂ ਕਰਵਾਈਆਂ ਗਈਆਂ ਜਿਸ ਵਿੱਚ ਸ੍ਰੀ ਬਰਾੜ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ। ਉਨ੍ਹਾਂ ਕਿਹਾ ਕਿ ਖੇਡਾਂ ਜਿੱਥੇ ਸਰੀਰਕ ਤੰਦਰੁਸਤੀ ਲਈ ਜ਼ਰੂਰੀ ਹਨ ਉੱਥੇ ਹੀ ਮਾਨਸਿਕ ਵਿਕਾਸ ਵੀ ਕਰਦੀਆਂ ਹਨ। ਪ੍ਰਿੰਸੀਪਲ ਡੀਪੀ ਠਾਕੁਰ ਨੇ ਕਿਹਾ ਕਿ ਖੇਡਾਂ ਨਾਲ ਪੜ੍ਹਾਈ ਵਿਚ ਵੀ ਇਕਾਗਰਤਾ ਬਣਦੀ ਹੈ ਅਤੇ ਵਿਦਿਆਰਥੀ ਆਪਣੀ ਜ਼ਿੰਦਗੀ ਦਾ ਮੁਕਾਮ ਹਾਸਲ ਕਰ ਸਕਦੇ ਹਨ।