ਸਾਹਨੀ ਵੱਲੋਂ ਭਾਰਤ ਤੇ ਸੀਆਈਐੱਸ ਦੇਸ਼ਾਂ ਵਿਚਾਲੇ ਜ਼ਮੀਨੀ ਰਾਹ ਖੋਲ੍ਹਣ ਦੀ ਵਕਾਲਤ
ਨਵੀਂ ਦਿੱਲੀ (ਪੱਤਰ ਪ੍ਰੇਰਕ):
ਪੰਜਾਬ ਤੋਂ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਖੇਤੀ ਵਪਾਰ ਨੂੰ ਵਧਾਉਣ ਲਈ ਭਾਰਤ ਅਤੇ ਕਾਮਨਵੈਲਥ ਆਫ ਇੰਡੀਪੈਂਡੈਂਟ ਸਟੇਟਜ਼ (ਸੀਆਈਐੱਸ) ਦੇਸ਼ਾਂ ਦਰਮਿਆਨ ਜ਼ਮੀਨੀ ਰਸਤੇ ਖੋਲ੍ਹਣ ਦੀ ਵਕਾਲਤ ਕੀਤੀ ਹੈ। ਡਾ. ਸਾਹਨੀ ਮਾਸਕੋ ਵਿੱਚ ਖੁਰਾਕ ਸੁਰੱਖਿਆ ਅਤੇ ਟਿਕਾਊ ਖੇਤੀ ਵਿਕਾਸ ਬਾਰੇ ਬ੍ਰਿਕਸ ਰੂਸ ਕਾਨਫਰੰਸ ਵਿੱਚ ਬੋਲ ਰਹੇ ਸਨ। ਉਨ੍ਹਾਂ ਦੁਹਰਾਇਆ ਕਿ ਭਾਰਤ, ਅਫ਼ਗਾਨਿਸਤਾਨ ਅਤੇ ਵੱਖ-ਵੱਖ ਸੀਆਈਐੱਸ ਦੇਸ਼ਾਂ ਜਿਵੇਂ ਉਜ਼ਬੇਕਿਸਤਾਨ, ਕਜ਼ਾਕਿਸਤਾਨ ਆਦਿ ਦਰਮਿਆਨ ਵਪਾਰਕ ਮੌਕਿਆਂ ਦਾ ਲਾਭ ਉਠਾਉਣ ਲਈ ਜ਼ਮੀਨੀ ਮਾਰਗ ਨੂੰ ਖੋਲ੍ਹਣਾ ਲਾਜ਼ਮੀ ਹੈ। ਜ਼ਿਕਰਯੋਗ ਹੈ ਕਿ ਜ਼ਮੀਨੀ ਰਸਤਾ ਲਾਜ਼ਮੀ ਤੌਰ ’ਤੇ ਵਾਹਗਾ ਏਕੀਕ੍ਰਿਤ ਚੈੱਕ ਪੋਸਟ ਪਿਛਲੇ ਸਮੇਂ ਤੋਂ ਬੰਦ ਹੈ। ਡਾ. ਸਾਹਨੀ ਨੇ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਸਹੀ ਮੁੱਲ ਨਹੀਂ ਮਿਲ ਰਿਹਾ ਹੈ ਅਤੇ ‘ਫਾਰਮ ਟੂ ਫੌਰਕ’ ਦੇ ਲਾਭ ਕਿਸਾਨਾਂ ਤੱਕ ਨਹੀਂ ਪਹੁੰਚ ਰਹੇ। ਉਨ੍ਹਾਂ ਨੇ ਵੱਖ-ਵੱਖ ਬ੍ਰਿਕਸ ਦੇਸ਼ਾਂ ਵਿੱਚ ਸਹਿਕਾਰੀ ਅਤੇ ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓ) ਦੀ ਲੋੜ ਦੀ ਵਕਾਲਤ ਕੀਤੀ।