ਸਾਹਨੀ ਵੱਲੋਂ ਨਵੇਂ ਅਸਥ ਘਾਟ ਦਾ ਉਦਘਾਟਨ
ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਜੁਲਾਈ
ਗੁਰਦੁਆਰਾ ਮਜਨੂੰ ਦਾ ਟਿੱਲਾ ਵਿਖੇ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਕੌਮੀ ਰਾਜਧਾਨੀ ਵਿੱਚ ਅਸਥੀਆਂ ਦੇ ਵਿਸਰਜਨ ਲਈ ਨਵੇਂ ਸੁਰਜੀਤ ਕੀਤੇ ਅਸਥ ਘਾਟ ਦਾ ਉਦਘਾਟਨ ਕੀਤਾ। ਡਾ. ਸਾਹਨੀ ਵੱਲੋਂ ਕੀਤੀ ਵਿੱਤੀ ਮਦਦ ਨਾਲ ਬਣੇ ਇਸ ਪ੍ਰਾਜੈਕਟ ਤਹਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ-ਰੇਖ ਹੇਠ ਅੰਤਿਮ ਸੰਸਕਾਰ ਕਰਨ ਲਈ ਪਹਿਲਾਂ ਤੋਂ ਟੁੱਟੇ ਹੋਏ ਘਾਟ ਨੂੰ ਇੱਕ ਸ਼ਾਂਤ ਜਗ੍ਹਾ ਵਿੱਚ ਬਦਲ ਦਿੱਤਾ ਗਿਆ ਹੈ। ਡਾ. ਸਾਹਨੀ ਨੇ ਕਿਹਾ ਕਿ ਇਹ ਅਸਥ ਘਾਟ ਸਿਰਫ਼ ਸਿੱਖ ਭਾਈਚਾਰੇ ਲਈ ਨਹੀਂ ਹੈ, ਬਲਕਿ ਸਾਰੇ ਦਿੱਲੀ ਵਾਸੀਆਂ ਲਈ ਇੱਕ ਨਾਗਰਿਕ ਸਹੂਲਤ ਵਜੋਂ
ਕੰਮ ਆਵੇਗਾ।
ਉਨ੍ਹਾਂ ਕਿਹਾ ਕਿ ਗੁਰਦੁਆਰਾ ਮਜਨੂੰ ਕਾ ਟਿੱਲਾ ਵਿਖੇ ਨਵਾਂ ਅਸਥ ਘਾਟ ਹੁਣ ਵਿਛੜੀਆਂ ਰੂਹਾਂ ਦੇ ਸਤਿਕਾਰ ਦਾ ਪ੍ਰਤੀਕ ਹੈ। ਇਸ ਵਿੱਚ ਯਮੁਨਾ, ਅਧਿਆਤਮਿਕ ਸੰਗੀਤ, ਅਰਦਾਸ ਹਾਲ, ਸ਼ਾਂਤ ਮਾਹੌਲ ਆਦਿ ਸੁਚੱਜੇ ਪ੍ਰਬੰਧ ਕੀਤੇ ਗਏ ਹਨ।
ਡਾ. ਸਾਹਨੀ ਨੇ ਕਿਹਾ ਕਿ ਕਿਸੇ ਅਜ਼ੀਜ਼ ਨੂੰ ਗੁਆਉਣਾ ਇੱਕ ਬਹੁਤ ਹੀ ਭਾਵਨਾਤਮਕ ਅਤੇ ਅਧਿਆਤਮਿਕ ਅਨੁਭਵ ਹੁੰਦਾ ਹੈ ਅਤੇ ਉਹ ਸਥਾਨ ਜਿੱਥੇ ਅਸੀਂ ਆਪਣਿਆਂ ਨੂੰ ਅੰਤਿਮ ਵਿਦਾਈ ਦਿੰਦੇ ਹਾਂ, ਆਪਣੇ ਪਿਆਰਿਆਂ ਦੀਆਂ ਅਸਥੀਆਂ ਨੂੰ ਵਿਸਰਜਨ ਕਰਦੇ ਹਾਂ, ਇੱਕ ਸ਼ਾਂਤ, ਸੁੰਦਰ ਅਤੇ ਸਾਕਾਰਾਤਮਕ ਊਰਜਾ ਦਾ ਸਥਾਨ ਹੋਣਾ ਚਾਹੀਦਾ ਹੈ। ਇਹ ਇੱਕ ਗੰਦੀ ਅਤੇ ਅਣਗੌਲੀ ਥਾਂ ਨਹੀਂ ਹੋਣੀ ਚਾਹੀਦੀ। ਇਸ ਮੌਕੇ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਅਤੇ ਕਈ ਹੋਰ ਪ੍ਰਮੁੱਖ ਮੈਂਬਰ ਹਾਜ਼ਰ ਸਨ।