ਸਾਹਨੀ ਵੱਲੋਂ ਰੁਜ਼ਗਾਰ ਤੇ ਰੋਜ਼ੀ-ਰੋਟੀ ਲਈ ਵੱਖਰੇ ਮੰਤਰਾਲੇ ਦੀ ਮੰਗ
ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਫਰਵਰੀ
ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਆਰਥਿਕ ਵਿਕਾਸ ਦੇ ਉਦੇਸ਼ ਨਾਲ ਸਰਕਾਰੀ ਪਹਿਲਕਦਮੀਆਂ ਦੇ ਬਾਵਜੂਦ ਦੇਸ਼ ਵਿੱਚ ਬੇਰੁਜ਼ਗਾਰੀ ਦੀ ਚਿੰਤਾਜਨਕ ਦਰ ’ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਰੁਜ਼ਗਾਰ ਪੈਦਾ ਕਰਨ ਅਤੇ ਰੋਜ਼ੀ-ਰੋਟੀ ਲਈ ਵੱਖਰੇ ਮੰਤਰਾਲੇ ਦੀ ਮੰਗ ਕੀਤੀ। ਡਾ. ਸਾਹਨੀ ਨੇ ਕਿਹਾ ਕਿ ਆਈਆਈਟੀ ਅਤੇ ਐੱਨਆਈਟੀ ਭਾਰਤ ਦੇ ਪ੍ਰਮੁੱਖ ਸੰਸਥਾਨ ਹਨ। ਇਹ ਚਿੰਤਾਜਨਕ ਹੈ ਕਿ ਪਿਛਲੇ ਸਾਲ ਲਗਪਗ 38 ਫ਼ੀਸਦ ਆਈਆਈਟੀ ਗਰੈਜੂਏਟਾਂ ਨੂੰ ਨੌਕਰੀ ਨਹੀਂ ਮਿਲੀ, ਜਦਕਿ ਅੰਤਰਰਾਸ਼ਟਰੀ ਕਿਰਤ ਸੰਗਠਨ ਦੀ ਰਿਪੋਰਟ ਅਨੁਸਾਰ 2022 ਵਿੱਚ ਭਾਰਤ ਵਿੱਚ ਸਿੱਖਿਅਤ ਬੇਰੁਜ਼ਗਾਰੀ 65.7 ਫ਼ੀਸਦ ਸੀ, ਜਿਸ ਵਿੱਚ 83 ਫ਼ੀਸਦ ਬੇਰੁਜ਼ਗਾਰ ਨੌਜਵਾਨ ਸਨ। ਔਸਤਨ ਇੱਕ ਵਿਦਿਆਰਥੀ ਕੇਜੀ ਤੋਂ ਪੀਜੀ ਤੱਕ ਲਗਪਗ 60-70 ਲੱਖ ਦਾ ਨਿਵੇਸ਼ ਕਰਦਾ ਹੈ ਪਰ ਫਿਰ ਵੀ ਬੇਰੁਜ਼ਗਾਰ ਰਹਿੰਦਾ ਹੈ। ਡਾ. ਸਾਹਨੀ ਨੇ ਕਿਹਾ ਕਿ ਆਰਥਿਕ ਸਰਵੇਖਣ ਅਨੁਸਾਰ, ਭਾਰਤ ਨੂੰ 2030 ਤੱਕ ਸਾਲਾਨਾ 7.85 ਮਿਲੀਅਨ ਗੈਰ-ਖੇਤੀ ਨੌਕਰੀਆਂ ਪੈਦਾ ਕਰਨੀਆਂ ਚਾਹੀਦੀਆਂ ਹਨ। ਅੱਜ ਤੱਕ, 30 ਲੱਖ ਤੋਂ ਵੱਧ ਸਰਕਾਰੀ ਅਸਾਮੀਆਂ ਖਾਲੀ ਪਈਆਂ ਹਨ। ਡਾ. ਸਾਹਨੀ ਨੇ ਸਵੈ-ਰੁਜ਼ਗਾਰ ਸਕੀਮਾਂ ਨੂੰ ਲਾਗੂ ਕਰਨ ਵਿਚਕਾਰ ਪਾੜੇ ਨੂੰ ਉਜਾਗਰ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤੇ ਸਟਾਰਟਅੱਪ ਇੰਡੀਆ ਦਾ ਉਦੇਸ਼ ਜ਼ਮਾਨਤ-ਮੁਕਤ ਕਰਜ਼ੇ ਪ੍ਰਦਾਨ ਕਰਨਾ ਹੈ, ਪਰ ਸਖ਼ਤ ਬੈਂਕਿੰਗ ਸ਼ਰਤਾਂ ਪਹੁੰਚ ਨੂੰ ਮੁਸ਼ਕਲ ਬਣਾਉਂਦੀਆਂ ਹਨ।