ਸਾਹਨੀ ਵੱਲੋਂ ਚੰਡੀਗੜ੍ਹ ਤੇ ਅੰਮ੍ਰਿਤਸਰ ਤੋਂ ਹੋਰ ਕੌਮਾਂਤਰੀ ਉਡਾਣਾਂ ਦੀ ਮੰਗ
ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਜੁਲਾਈ
ਸੰਸਦ ਮੈਂਬਰ ਡਾ. ਵਿਕਰਮਜੀਤ ਸਾਹਨੀ ਨੇ ਅੱਜ ਅੰਮ੍ਰਿਤਸਰ ਅਤੇ ਚੰਡੀਗੜ੍ਹ ਹਵਾਈ ਅੱਡਿਆਂ ਤੋਂ ਬਰਤਾਨੀਆ (ਯੂਕੇ) ਅਤੇ ਕੈਨੇਡਾ ਲਈ ਹੋਰ ਸਿੱਧੀਆਂ ਉਡਾਣਾਂ ਦਾ ਮੁੱਦਾ ਸੰਸਦ ਵਿੱਚ ਚੁੱਕਿਆ। ਉਨ੍ਹਾਂ ਦੱਸਿਆ ਕਿ ਲੱਖਾਂ ਪੰਜਾਬੀ ਯੂਕੇ ਅਤੇ ਕੈਨੇਡਾ ਤੋਂ ਪੰਜਾਬ ਆਉਂਦੇ-ਜਾਂਦੇ ਹਨ।
ਸ੍ਰੀ ਸਾਹਨੀ ਦੇ ਸਵਾਲ ਦੇ ਜਵਾਬ ’ਚ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਮੁਰਲੀਧਰ ਮੋਹੋਲ ਨੇ ਜਵਾਬ ਦਿੱਤਾ ਕਿ ਵਿਦੇਸ਼ੀ ਹਵਾਈ ਕੰਪਨੀਆਂ ਨੂੰ ਕਾਲ ਪੁਆਇੰਟ ਦੇਣਾ ਭਾਰਤੀ ਹਵਾਬਾਜ਼ੀ ਖੇਤਰ ਨੂੰ ਹੋਣ ਵਾਲੇ ਲਾਭ, ਪਰਵਾਸੀ ਭਾਰਤੀਆਂ ਦੀ ਮੌਜੂਦਗੀ ਅਤੇ ਭਾਰਤੀ ਕੰਪਨੀਆਂ ਦੀਆਂ ਭਵਿੱਖ ਦੀਆਂ ਯੋਜਨਾਵਾਂ ’ਤੇ ਨਿਰਭਰ ਕਰਦਾ ਹੈ। ਮੰਤਰੀ ਮੁਤਾਬਕ ਭਾਰਤ ਦੀਆਂ ਵੱਖ-ਵੱਖ ਏਅਰਲਾਈਨਾਂ ਦੁਵੱਲੇ ਹਵਾਈ ਸੇਵਾ ਸਮਝੌਤੇ (ਏਐੱਸਏ) ਦੇ ਦਾਇਰੇ ਵਿੱਚ ਸੇਵਾਵਾਂ ਦੇਣ ਅਤੇ ਸੰਚਾਲਨ ਕਰਨ ਲਈ ਮੰਜ਼ਿਲਾਂ ਦੀ ਚੋਣ ਕਰਨ ਲਈ ਸੁਤੰਤਰ ਹਨ। ਡਾ. ਸਾਹਨੀ ਨੇ ਕਿਹਾ ਕਿ ਸਰਕਾਰ ਨੂੰ ਏਅਰ ਇੰਡੀਆ ਵਰਗੀਆਂ ਕੰਪਨੀਆਂ ਨੂੰ ਪੰਜਾਬ ਤੋਂ ਬਰਤਾਨੀਆ ਅਤੇ ਕੈਨੇਡਾ ਲਈ ਹੋਰ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਅਤੇ ਕਿਸੇ ਵੀ ਵਿਦੇਸ਼ੀ ਕੰਪਨੀ ਨੂੰ ਅੰਮ੍ਰਿਤਸਰ ਅਤੇ ਚੰਡੀਗੜ੍ਹ ਹਵਾਈ ਅੱਡਿਆਂ ਦੀ ਵਰਤੋਂ ਕਰਨ ਲਈ ਨਵੇਂ ਪੁਆਇੰਟਾਂ ’ਤੇ ਵੀ ਵਿਚਾਰ ਕਰਨਾ ਚਾਹੀਦਾ ਹੈ।