For the best experience, open
https://m.punjabitribuneonline.com
on your mobile browser.
Advertisement

ਸਾਹਿਤ ਅਕਾਦਮੀ ਪੁਰਸਕਾਰ ਜੇਤੂ ਪੰਜਾਬੀ ਕਵੀ ਮੋਹਨਜੀਤ ਦਾ ਦੇਹਾਂਤ

08:27 AM Apr 21, 2024 IST
ਸਾਹਿਤ ਅਕਾਦਮੀ ਪੁਰਸਕਾਰ ਜੇਤੂ ਪੰਜਾਬੀ ਕਵੀ ਮੋਹਨਜੀਤ ਦਾ ਦੇਹਾਂਤ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਅਪਰੈਲ
ਪੰਜਾਬੀ ਦੇ ਨਾਮਵਰ ਕਵੀ ਡਾ. ਮੋਹਨਜੀਤ ਅੱਜ ਸਵੇਰੇ ਕਰੀਬ ਪੌਣੇ 6 ਵਜੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਮੋਹਨਜੀਤ ਪਿਛਲੇ ਕੁਝ ਦਿਨਾਂ ਤੋਂ ਬ੍ਰੇਨ ਸਟਰੋਕ ਦੀ ਬਿਮਾਰੀ ਨਾਲ ਜੂਝ ਰਹੇ ਸਨ। ਉਨ੍ਹਾਂ ਦਾ ਪਹਿਲਾਂ ਨਿੱਜੀ ਹਸਪਤਾਲ ’ਚ ਇਲਾਜ ਚੱਲਿਆ, ਉਸ ਤੋਂ ਬਾਅਦ ਘਰ ਵਿੱਚ ਹੀ ਡਾਕਟਰਾਂ ਦੀ ਨਿਗਰਾਨੀ ਹੇਠ ਇਲਾਜ ਚੱਲਦਾ ਰਿਹਾ। ਇਥੇ ਰੋਹਿਣੀ ਦੇ ਸ਼ਮਸ਼ਾਨਘਾਟ ਵਿੱਚ ਉਨ੍ਹਾਂ ਦਾ ਸਸਕਾਰ ਕੀਤਾ ਗਿਆ। ਮੋਹਨਜੀਤ ਦਾ ਜਨਮ 7 ਮਈ 1938 ਨੂੰ ਅੰਮ੍ਰਿਤਸਰ ਦੇ ਪਿੰਡ ਅਦਲੀਵਾਲਾ ਵਿੱਚ ਹੋਇਆ। ਉਨ੍ਹਾਂ ਦੇ ਦੇਹਾਂਤ ’ਤੇ ਪੰਜਾਬੀ ਸਾਹਿਤ ਸਭਾ ਦਿੱਲੀ ਦੀ ਚੇਅਰਪਰਸਨ ਡਾ. ਰੇਣੂਕਾ ਸਿੰਘ, ਡਾਇਰੈਕਟਰ ਬਲਬੀਰ ਮਾਧੋਪੁਰੀ, ਨਾਵਲਕਾਰ ਨਛੱਤਰ, ਨਾਟਕਕਾਰ ਡਾ. ਸਵਰਾਜਵੀਰ, ਰਾਵੇਲ ਸਿੰਘ, ਪੱਤਰਕਾਰ ਜਸਪਾਲ ਸਿੰਘ ਸਿੱਧੂ, ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਦੇ ਪ੍ਰੋਫੈਸਰ ਕੁਲਬੀਰ ਗੋਜਰਾ, ਡਾ. ਰਵੀ ਰਵਿੰਦਰ, ਬਰਜਿੰਦਰ ਨਸਰਾਲੀ, ਲੇਖਿਕਾ ਅਮੀਆ ਕੰਵਰ, ਹਰਜੀਤ ਕੌਰ ਵਿਰਦੀ ਤੇ ਕਹਾਣੀਕਾਰ ਬਲਵਿੰਦਰ ਸਿੰਘ ਬਰਾੜ ਸਮੇਤ ਵੱਖ-ਵੱਖ ਸਾਹਿਤਕ ਸੰਸਥਾਵਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਕਵਿਤਾ, ਅਨੁਵਾਦ ਤੇ ਆਲੋਚਨਾ ਦੀਆਂ ਦੋ ਦਰਜਨ ਤੋਂ ਵੱਧ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ। ਉਨ੍ਹਾਂ ਆਪਣੀ ਸਵੈ-ਜੀਵਨੀ ਵੀ ਲਿਖੀ ਹੈ। ਉਨ੍ਹਾਂ ਦੇ ਪਰਿਵਾਰ ਵਿਚ ਪਤਨੀ ਤੇ ਦੋ ਪੁੱਤਰ ਹਨ। ਉਨ੍ਹਾਂ ਨੂੰ ਕਵਿਤਾ ਦੇ ਖੇਤਰ ਵਿੱਚ ਪਾਏ ਯੋਗਦਾਨ ਬਦਲੇ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ (2018), ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ, ਪੰਜਾਬ ਸਾਹਿਤ ਕਲਾ ਪਰਿਸ਼ਦ ਵੱਲੋਂ ਪੰਜਾਬ ਗੌਰਵ ਪੁਰਸਕਾਰ, ਪੰਜਾਬੀ ਅਕਾਦਮੀ ਦਿੱਲੀ ਵੱਲੋਂ ਕਵਿਤਾ ਪੁਰਸਕਾਰ ਤੇ ਪਰਮ ਸਾਹਿਤ ਪੁਰਸਕਾਰ ਤੋਂ ਇਲਾਵਾ ਭਾਰਤੀ ਕਲਾ ਪਰਿਸ਼ਦ ਕੋਲਕਾਤਾ ਸਮੇਤ ਕਈ ਸਾਹਿਤਕ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ।

Advertisement

ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਸ਼ਾਇਰ ਮੋਹਨਜੀਤ ਦੇ ਵਿਛੋੜੇ ’ਤੇ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਨੇ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਡਾ. ਮੋਹਨਜੀਤ ਦੇ ਵਿਛੋੜੇ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਸਰਬ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਜਨ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਡਾ. ਮੋਹਨਜੀਤ ਨੇ ਪੰਜਾਬੀ ਅਦਬ ਵਿੱਚ ‘ਕੋਣੇ ਦਾ ਸੂਰਜ’, ‘ਕੀ ਨਾਰੀ ਕੀ ਨਦੀ’, ‘ਹਵਾ ਪਿਆਜੀ’, ‘ਓਹਲੇ ਵਿੱਚ ਉਜਿਆਰਾ’ ਅਤੇ ‘ਗੂੜ੍ਹੀ ਲਿਖਤ ਵਾਲਾ ਵਰਕਾ’ ਵਰਗੀਆਂ 17 ਪੁਸਤਕਾਂ ਦਿੱਤੀਆਂ ਹਨ। ਉਨ੍ਹਾਂ ਨੇ ਕਵਿਤਾ ਦੇ ਨਾਲ-ਨਾਲ ਕਾਵਿ-ਚਿੱਤਰ ਅਤੇ ਸ਼ਬਦ ਚਿੱਤਰ ਸਿਰਜੇ ਹਨ। ਡਾ. ਮੋਹਨਜੀਤ ਅਜਿਹੇ ਸ਼ਾਇਰ ਸਨ, ਜਿਨ੍ਹਾਂ ਦੀ ਕਵਿਤਾ ਵਿੱਚ ਸੰਵੇਦਨਾ ਅਤੇ ਬੌਧਿਕਤਾ ਦਾ ਸੁਮੇਲ ਸੀ। ਉਨ੍ਹਾਂ ਕੋਲ ਪੰਜਾਬੀ ਅਦਬ ਦੀ ਇਕ ਵਿਰਾਸਤ ਸੀ। ਉਨ੍ਹਾਂ ਕੋਲ ਆਪਣੇ ਦੌਰ ਦੇ ਵੱਡੇ ਲੇਖਕਾਂ ਅੰਮ੍ਰਿਤਾ ਪ੍ਰੀਤਮ, ਬਲਵੰਤ ਗਾਰਗੀ, ਬਾਵਾ ਬਲਵੰਤ, ਡਾ. ਹਰਿਭਜਨ ਸਿੰਘ ਆਦਿ ਨਾਲ ਜੁੜੀਆਂ ਮਹੱਤਵਪੂਰਨ ਯਾਦਾਂ ਸਨ।ਸ੍ਰੀ ਸਿਰਸਾ ਨੇ ਕਿਹਾ ਕਿ ਮੋਹਨਜੀਤ ਨੇ ਵਿਦਿਅਕ, ਅਕਾਦਮਿਕ ਤੇ ਸਾਹਿਤਕ ਜਗਤ ’ਚ ਗੂੜ੍ਹੀਆਂ ਪੈੜਾਂ ਪਾਈਆਂ ਹਨ ਅਤੇ ਬੌਧਿਕ ਸੁਰ ਵਾਲੀ ਲੋਕਪੱਖੀ ਕਵਿਤਾ ਲਿਖ ਕੇ ਪੰਜਾਬੀ ਅਦਬ ਦੀ ਝੋਲੀ ਨੂੰ ਭਰਪੂਰ ਕੀਤਾ ਹੈ। ਪ੍ਰਸਿੱਧ ਨਾਟਕਕਾਰ ਅਤੇ ਸ਼ਾਇਰ ਡਾ. ਸਵਰਾਜਬੀਰ ਨੇ ਕਿਹਾ ਕਿ ਮੋਹਨਜੀਤ ਨੇ ਕਵਿਤਾ ਨੂੰ ਆਧੁਨਿਕ ਛੂਹਾਂ ਦੇ ਕੇ ਸਮੇਂ ਦੇ ਹਾਣ ਦੀ ਕੀਤਾ ਹੈ। ਉਨ੍ਹਾਂ ਦਾ ਕਾਵਿ ਸੰਗ੍ਰਹਿ ‘ਕੋਣੇ ਦਾ ਸੂਰਜ’ ਪੰਜਾਬੀ ਕਵਿਤਾ ਦੇ ਇਤਿਹਾਸ ਵਿੱਚ ਮੀਲ ਪੱਥਰ ਹੈ। ਪ੍ਰਗਤੀਸ਼ੀਲ ਲੇਖਕ ਸੰਘ ਦੇ ਪ੍ਰਧਾਨ ਸੁਰਜੀਤ ਜੱਜ ਨੇ ਕਿਹਾ ਕਿ ਮੋਹਨਜੀਤ ਸ਼ਾਇਰੀ ਵਿੱਚ ਵੀ ਤੇ ਮਿਲਣ ਸਮੇਂ ਵੀ, ਮਨ ਜਿੱਤਣ ਵਾਲਾ ਸੁਖ਼ਨਵਰ ਦੀ ਮਿਸਾਲ ਹੈ। ਇਸ ਮੌਕੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਦੀਪ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਡਾ. ਪਾਲ ਕੌਰ, ਡਾ. ਗੁਲਜ਼ਾਰ ਪੰਧੇਰ, ਜਸਪਾਲ ਮਾਨਖੇੜਾ ਤੇ ਡਾ. ਅਨੂਪ ਸਿੰਘ ਬਲਦੇਵ ਸਿੰਘ ਮੋਗਾ, ਕਿਰਪਾਲ ਕਜ਼ਾਕ, ਕੇਵਲ ਧਾਲੀਵਾਲ, ਡਾ. ਸੁਰਜੀਤ ਭੱਟੀ, ਡਾ. ਸ਼ਿਆਮ ਸੁੰਦਰ ਦੀਪਤੀ, ਹਰਭਜਨ ਸਿੰਘ ਬਾਜਵਾ, ਅਤਰਜੀਤ, ਡਾ. ਸਰਬਜੀਤ ਸਿੰਘ, ਪ੍ਰੋ. ਅਜਾਇਬ ਸਿੰਘ ਟਿਵਾਣਾ, ਸੁਰਿੰਦਰ ਗਿੱਲ, ਜੋਗਿੰਦਰ ਸਿੰਘ ਨਿਰਾਲਾ, ਸਿਰੀ ਰਾਮ ਅਰਸ਼, ਸੰਜੀਵਨ ਸਿੰਘ, ਜਸਪਾਲ ਮਾਨਖੇੜਾ, ਸਤਨਾਮ ਚਾਨਾ, ਸੁਰਿੰਦਰ ਕੈਲੇ, ਗੁਰਨਾਮ ਕੰਵਰ, ਬਲਕਾਰ ਸਿੱਧੂ, ਡਾ. ਗੁਲਜ਼ਾਰ ਪੰਧੇਰ, ਡਾ. ਪਾਲ ਕੌਰ, ਰਮੇਸ਼ ਯਾਦਵ, ਡਾ. ਗੁਰਮੀਤ ਕੱਲਰਮਾਜਰੀ, ਮਦਨ ਵੀਰਾ, ਗੁਰਮੀਤ ਕੜਿਆਲਵੀ, ਹਰਮੀਤ ਵਿਦਿਆਰਥੀ, ਦਰਸ਼ਨ ਜੋਗਾ, ਸ਼ਬਦੀਸ਼, ਹਰਵਿੰਦਰ ਭੰਡਾਲ, ਮੱਖਣ ਮਾਨ, ਭਗਵੰਤ ਰਸੂਲਪੁਰੀ, ਤਰਸੇਮ ਬਰਨਾਲਾ, ਭੋਲਾ ਸਿੰਘ ਸੰਘੇੜਾ, ਡਾ. ਹਰਭਗਵਾਨ, ਸੁਖਵਿੰਦਰ ਪੱਪੀ, ਪ੍ਰੋ. ਬਲਦੇਵ ਬੱਲੀ, ਹਰਜਿੰਦਰ ਸਿੰਘ ਸੂਰੇਵਾਲੀਆ, ਅਰਵਿੰਦਰ ਕੌਰ ਕਾਕੜਾ, ਕਮਲ ਗਿੱਲ, ਡਾ. ਸਰਬਜੀਤ ਕੌਰ ਸੋਹਲ, ਡਾ. ਤਰਸਪਾਲ ਕੌਰ, ਮਨਦੀਪ ਕੌਰ ਭੰਵਰਾ, ਜਸਵੀਰ ਝੱਜ, ਡਾ. ਗੁਰਮੇਲ ਸਿੰਘ, ਭਜਨਵੀਰ, ਜੈਪਾਲ, ਨਵਤੇਜ ਗੜ੍ਹਦੀਵਾਲਾ, ਕੇ. ਐੱਲ ਗਰਗ, ਕੁਲਵੰਤ ਔਜਲਾ, ਸਰਦੂਲ ਸਿੰਘ ਔਜਲਾ, ਓਮ ਪ੍ਰਕਾਸ਼ ਗਾਸੋ, ਸੁਰਿੰਦਰ ਰਾਮਪੁਰੀ, ਪ੍ਰੋ. ਕੁਲਦੀਪ ਚੌਹਾਨ, ਡਾ. ਗੁਰਪ੍ਰੀਤ ਸਿੰਘ, ਬੀਰਿੰਦਰ ਬਨਭੌਰੀ, ਅਸ਼ੋਕ ਚੁਟਾਨੀ, ਚਰਨਜੀਤ ਸਮਾਲਸਰ ਸੱਤਪਾਲ ਭੀਖੀ, ਮਨਜੀਤ ਕੌਰ ਔਲਖ, ਡਾ. ਸੰਤੋਖ ਸੁੱਖੀ, ਬਲਵਿੰਦਰ ਭੱਟੀ, ਹਰਬੰਸ ਹੀਉਂ, ਗੁਰਨੈਬ ਸਿੰਘ, ਡਾ. ਗੁਰਪ੍ਰੀਤ ਸਿੰਘ ਮੁਕਤਸਰ, ਦੀਪਕ ਧਲੇਵਾਂ, ਤਰਲੋਚਨ ਝਾਂਡੇ, ਦਲਵਾਰ ਸਿੰਘ ਚੱਠੇ ਸੇਖਵਾਂ, ਗੁਰਪ੍ਰੀਤ ਮਾਨਸਾ, ਭੁਪਿੰਦਰ ਸੰਧੂ, ਧਰਮਿੰਦਰ ਔਲਖ, ਗੁਰਬਾਜ ਸਿੰਘ, ਰਣਵੀਰ ਰਾਣਾ, ਪ੍ਰੋ. ਗੁਰਦੀਪ ਢਿੱਲੋਂ, ਸਤਿੰਦਰ ਸਿੰਘ ਰੈਬੀ, ਭੁਪਿੰਦਰ ਗਿੱਲ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Advertisement
Author Image

sukhwinder singh

View all posts

Advertisement
Advertisement
×