ਸਹਾਰਾ ਨੈੱਟਵਰਕ ਨੇ ਮਾਂ ਤੇ ਬੱਚੇ ਦਾ ਮੇਲ ਕਰਵਾਇਆ
ਪੱਤਰ ਪ੍ਰੇਰਕ
ਬਠਿੰਡਾ, 29 ਮਾਰਚ
ਇੱਥੇ ਇੱਕ ਮਾਂ ਤੋਂ ਧੱਕੇ ਨਾਲ ਬੱਚਾ ਖੋਹਣ ਦਾ ਮਾਮਲਾ ਸਾਹਮਣੇ ਆਇਆ ਜਿਸ ਦੌਰਾਨ ਇੱਕ ਸਮਾਜ ਸੇਵੀ ਸੰਸਥਾ ਨੇ ਬੱਚਾ ਉਸ ਦੀ ਮਾਂ ਨੂੰ ਸੌਂਪ ਦਿੱਤਾ। ਗੌਰਤਲਬ ਹੈ ਕਿ ਬਠਿੰਡਾ ਦੀ ਗਰਭਵਤੀ ਅਪਾਹਜ ਔਰਤ ਫਾਤਿਮਾ ਆਲੀਆ ਨੂੰ 5 ਦਿਨ ਪਹਿਲਾਂ ਗੰਭੀਰ ਹਾਲਤ ਵਿੱਚ ਹਸਪਤਾਲ ਦੇ ਜੱਚਾ-ਬੱਚਾ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਆਲੀਆ ਨੇ ਇੱਕ ਲੜਕੇ ਨੂੰ ਜਨਮ ਦਿੱਤਾ ਸੀ।
ਆਲੀਆ ਫਾਤਿਮਾ ਦੇ ਨਾਲ ਇੱਕ ਰਿਕਸ਼ਾ ਚਾਲਕ ਵੀ ਰਹਿੰਦਾ ਸੀ ਜੋ ਅਗਲੇ ਦਿਨ ਹੀ ਆਲੀਆ ਤੋਂ ਬੱਚਾ ਖੋਹ ਕੇ ਫ਼ਰਾਰ ਹੋ ਗਿਆ। ਇਸ ਦੌਰਾਨ ਆਲੀਆ ਵੱਲੋਂ ਸਹਾਰਾ ਹੈੱਡਕੁਆਰਟਰ ਪਹੁੰਚ ਕੇ ਸਹਾਰਾ ਪ੍ਰਧਾਨ ਗੌਤਮ ਗੋਇਲ ਨੂੰ ਪ੍ਰਾਰਥਨਾ ਕੀਤੀ ਗਈ ਕਿ ਉਸਦਾ ਬੱਚਾ ਲੱਭ ਕੇ ਉਸਨੂੰ ਵਾਪਸ ਕਰਵਾਇਆ ਜਾਵੇ। ਪੀੜਤਾ ਨੇ ਕਿਹਾ ਕਿ ਬੱਚਾ ਖੋਹਣ ਵਾਲਾ ਵਿਅਕਤੀ ਉਸਦਾ ਪਤੀ ਨਹੀਂ ਲੱਗਦਾ। ਉਸ ਨੇ ਕਿਹਾ ਕਿ ਰਾਜੂ ਨਾਂ ਦਾ ਕਥਿਤ ਰਿਕਸ਼ਾ ਚਾਲਕ ਅਣਜਾਣ ਵਿਅਕਤੀ ਹੈ। ਸਹਾਰਾ ਟੀਮ ਨੇ ਥਾਣਾ ਕੋਤਵਾਲੀ ਨੂੰ ਸੂਚਿਤ ਕੀਤਾ। ਸਹਾਰਾ ਟੀਮ ਦੇ ਦੋ ਮੈਂਬਰਾਂ ਰਾਜਿੰਦਰ ਕੁਮਾਰ ਅਤੇ ਟੇਕ ਚੰਦ ਨੇ ਬੱਚੇ ਦੀ ਭਾਲ ਕੀਤੀ ਤੇ ਦੋ ਦਿਨਾਂ ਬਾਅਦ ਬੱਚੇ ਨੂੰ ਨਰੂਆਣਾ ਕਲੋਨੀ ਤੋਂ ਲੱਭ ਲਿਆ ਗਿਆ। ਸਹਾਰਾ ਟੀਮ ਬੱਚੇ ਨੂੰ ਬਰਾਮਦ ਕਰ ਕੇ ਥਾਣੇ ਲੈ ਆਈ ਪੁਲੀਸ ਦੇ ਸਾਹਮਣੇ ਬੱਚੇ ਨੂੰ ਪੇਸ਼ ਕੀਤਾ ਗਿਆ, ਜਿਸ ਦੀ ਉਮਰ ਸਿਰਫ਼ 5 ਦਿਨ ਹੈ। ਪੁਲੀਸ ਨੇ ਸਹਾਰਾ ਟੀਮ ਦੇ ਸਾਹਮਣੇ ਫਾਤਿਮਾ ਆਲੀਆ ਨੂੰ ਪੂਰੇ ਸਨਮਾਨ ਨਾਲ ਸੌਂਪ ਦਿੱਤਾ। ਪੁਲੀਸ ਨੇ ਰਿਕਸ਼ਾ ਚਾਲਕ ਨੂੰ ਸਖਤ ਹਦਾਇਤ ਕੀਤੀ ਕਿ ਬੱਚੇ ਨੂੰ ਦੁਬਾਰਾ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਕਾਰਵਾਈ ਕੀਤੀ ਜਾਵੇਗੀ।