ਆਗਰਾ ਘਰਾਣਾ ਦੇ ‘ਸਗੁਨ ਪੀਆ’ ਪੰਡਿਤ ਯਸ਼ਪਾਲ
ਡਾ. ਨਿਵੇਦਿਤਾ ਸਿੰਘ
ਹਿੰਦੁਸਤਾਨੀ ਖ਼ਿਆਲ ਗਾਇਕੀ ਦੇ ਆਗਰਾ ਘਰਾਣੇ ਦੇ ਪੈਰੋਕਾਰ ਪੰਡਿਤ ਯਸ਼ਪਾਲ ਦਾ ਸਦੀਵੀ ਵਿਛੋੜਾ ਪੰਜਾਬ ਦੇ ਸੰਗੀਤ ਜਗਤ ਲਈ ਕਦੇ ਵੀ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਹੈ। ਇਹ ਉਸ ਪੀੜ੍ਹੀ ਦੇ ਸਿਰਕੱਢ ਸ਼ਾਸਤਰੀ ਗਾਇਕਾਂ ਵਿਚੋਂ ਸਨ ਜਿਨ੍ਹਾਂ ਨੇ ਕਰੜੀ ਮਿਹਨਤ ਅਤੇ ਸਾਧਨਾ ਰਾਹੀਂ ਸ਼ਾਸਤਰੀ ਸੰਗੀਤ ਵਿਚ ਆਪਣਾ ਉੱਚਾ ਮੁਕਾਮ ਬਣਾਇਆ ਅਤੇ ਪੂਰੀ ਜ਼ਿੰਦਗੀ ਸੰਗੀਤ ਦੇ ਲੇਖੇ ਲਗਾ ਦਿੱਤੀ। 22 ਮਾਰਚ, 1937 ਨੂੰ ਗੁਜਰਾਂਵਾਲਾ (ਪਾਕਿਸਤਾਨ) ਵਿਚ ਜਨਮੇ ਯਸ਼ਪਾਲ ਦਾ ਪਰਿਵਾਰ ਦੇਸ਼ ਵੰਡ ਉਪਰੰਤ ਜਲੰਧਰ ਸ਼ਹਿਰ ਆ ਕੇ ਵੱਸ ਗਿਆ ਜੋ ਅੱਗੇ ਚੱਲ ਕੇ ਸੰਗੀਤ ਦੇ ਕੇਂਦਰ ਵਜੋਂ ਉਭਰਿਆ। ਸੰਗੀਤ ਦੀ ਮੁਢਲੀ ਤਾਲੀਮ ਕਸਤੂਰੀ ਲਾਲ ਜਸਰਾ (ਲਕਸ਼ਮੀ ਸੰਗੀਤ ਮਹਾਵਿਦਿਆਲਾ ਜਲੰਧਰ ਦੇ ਸੰਚਾਲਕ) ਪਾਸੋਂ ਹਾਸਿਲ ਕੀਤੀ ਜੋ ਕਸੂਰ ਦੇ ਉਸਤਾਦ ਛੋਟੇ ਗ਼ੁਲਾਮ ਅਲੀ ਖ਼ਾਂ ਦੇ ਸ਼ਗਿਰਦ ਸਨ।
ਮਹਿਜ਼ ਗਿਆਰਾਂ ਵਰ੍ਹੇ ਦੀ ਉਮਰ ਵਿਚ ਹੀ ਹਰਿਵੱਲਭ ਸੰਗੀਤ ਸੰਮੇਲਨ ਵਿਚ ਗਾਇਨ ਪੇਸ਼ਕਾਰੀ ਦਿੱਤੀ ਤੇ ਸ੍ਰੋਤਿਆਂ ਦਾ ਮਨ ਮੋਹ ਲਿਆ। ਸੁਆਮੀ ਹਰਿਵੱਲਭ ਸੰਗੀਤ ਅਕਾਦਮੀ ਵਿਚ ਪੰ. ਹਰੀਸ਼ਚੰਦਰ ਬਾਲੀ ਤੋਂ ਵੀ ਸੰਗੀਤ ਦੇ ਗੁਰ ਗ੍ਰਹਿਣ ਕੀਤੇ। ਆਕਾਸ਼ਵਾਣੀ ਤੋਂ ਸੰਨ 1952 ਤੋਂ ਗਾਇਨ ਦਾ ਪ੍ਰਸਾਰਨ ਆਰੰਭ ਕੀਤਾ ਜੋ ਅੰਤਲੇ ਸਮੇਂ ਤਕ ਜਾਰੀ ਰਿਹਾ। ਆਲ ਇੰਡੀਆ ਰੇਡੀਓ ਦੇ ‘ਟਾਪ ਗ੍ਰੇਡ’ ਕਲਾਕਾਰ ਵਜੋਂ ਅਨੇਕ ਰਾਸ਼ਟਰੀ ਪ੍ਰੋਗਰਾਮ ਅਤੇ ਆਕਾਸ਼ਵਾਣੀ ਸੰਗੀਤ ਸੰਮੇਲਨਾਂ ਵਿਚ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।
ਭਾਰਤ ਸਰਕਾਰ ਵੱਲੋਂ ਸੰਨ 1962 ਵਿਚ ਪ੍ਰਾਪਤ ਰਾਸ਼ਟਰੀ ਸਕਾਲਰਸ਼ਿਪ ਅਧੀਨ ਆਗਰਾ ਘਰਾਣਾ ਦੇ ਵਿਖਿਆਤ ਗਾਇਕ ਉਸਤਾਦ ਵਿਲਾਇਤ ਹੁਸੈਨ ਖ਼ਾਂ ਤੋਂ ਦਿੱਲੀ ਵਿਖੇ ਰਹਿ ਕੇ ਤਾਲੀਮ ਹਾਸਿਲ ਕੀਤੀ। ਉਸਤਾਦ ਦੇ ਸਵਰਗਵਾਸ ਹੋ ਜਾਣ ਉਪਰੰਤ ਉਨ੍ਹਾਂ ਦੇ ਹੀ ਸਪੁੱਤਰ ਯੂਨੁਸ ਹੁਸੈਨ ਖ਼ਾਨ ਤੋਂ ਆਗਰਾ ਘਰਾਣਾ ਦੀ ਗਾਇਕੀ ਦੀ ਤਾਲੀਮ ਜਾਰੀ ਰੱਖੀ। ਉਸਤਾਦ ਬੜੇ ਗ਼ੁਲਾਮ ਅਲੀ ਖ਼ਾਂ ਅਤੇ ਪੰ. ਮਲਿਕਾਰਜੁਨ ਮੰਸੂਰ ਤੋਂ ਵੀ ਆਪ ਬੜੇ ਮੁਤਾਸਿਰ ਸਨ ਅਤੇ ਇਨ੍ਹਾਂ ਦਾ ਸੰਗ ਸਾਥ ਆਪ ਨੂੰ ਮਿਲਦਾ ਰਿਹਾ। ਪੰ. ਯਸ਼ਪਾਲ ਦੀ ਗਾਇਕੀ ਆਗਰਾ ਘਰਾਣਾ ਦੀਆਂ ਵਿਸ਼ੇਸ਼ਤਾਵਾਂ ਨਾਲ ਓਤ ਪੋਤ ਸੀ। ਖੁੱਲ੍ਹੀ ਆਵਾਜ਼, ਗਲੇ ਦੀ ਤਿਆਰੀ ਤੇ ਲੈਅ ਨਾਲ ਗੁੰਦਿਆ ਹੋਇਆ ਰਾਗ ਦਾ ਵਿਸਥਾਰ ਆਪ ਦੀ ਗਾਇਕੀ ਦੇ ਵਿਸ਼ੇਸ਼ ਲੱਛਣ ਸਨ। ਗਾਇਕ ਹੋਣ ਦੇ ਨਾਲ ਨਾਲ ਇਕ ਸੁਘੜ ਵਾਗੇਯਕਾਰ ਵਜੋਂ ‘ਸੁਗਨ ਪੀਆ’ ਦੇ ਉਪਨਾਮ ਹੇਠ ਅਨੇਕ ਬੰਦਿਸ਼ਾਂ ਦੀ ਰਚਨਾ ਕੀਤੀ।
ਸੰਗੀਤ ਦੇ ਅਕਾਦਮਕ ਖੇਤਰ ਵਿਚ ਵੀ ਪੰ. ਯਸ਼ਪਾਲ ਦਾ ਯੋਗਦਾਨ ਭਰਪੂਰ ਰਿਹਾ। ਚੰਡੀਗੜ੍ਹ ਦੇ ਐੱਮਸੀਐੱਮ, ਡੀਏਵੀ ਕਾਲਜ ਵਿਚ ਸੰਗੀਤ ਵਿਭਾਗ ਦੀ ਸਥਾਪਨਾ ਕੀਤੀ ਤੇ ਲੰਮਾ ਸਮਾਂ ਸੰਗੀਤ ਸਿੱਖਿਆ ਦਿੱਤੀ। ਪੰਜਾਬ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੀ ਸਥਾਪਨਾ ਵਿਚ ਅਹਿਮ ਭੂਮਿਕਾ ਨਿਭਾਈ ਅਤੇ ਸੇਵਾਮੁਕਤੀ ਤਕ ਉੱਥੇ ਹੀ ਅਨੇਕ ਵਿਦਿਆਰਥੀਆਂ ਨੂੰ ਸੰਗੀਤ ਦੀ ਸਿਖਲਾਈ ਦਿੰਦੇ ਰਹੇ। ਇਸ ਤੋਂ ਇਲਾਵਾ ਗੁਰੂ ਵਜੋਂ ਵੀ ਕਈ ਸ਼ਾਗਿਰਦ ਤਿਆਰ ਕੀਤੇ ਜਿਨ੍ਹਾਂ ਵਿਚੋਂ ਪ੍ਰਮੁੱਖ ਡਾ. ਹਰਵਿੰਦਰ ਸਿੰਘ, ਡਾ. ਗੁਰਮੀਤ ਸਿੰਘ, ਡਾ. ਨੀਰਾ ਗਰੋਵਰ, ਡਾ. ਨੀਲਮ ਪਾਲ, ਡਾ. ਜਗੀਰ ਸਿੰਘ, ਗੁਰਬਖਸ਼ ਸਿੰਘ (ਯੂ.ਕੇ.), ਸ੍ਰੀਮਤੀ ਪਾਮੇਲਾ ਸਿੰਘ, ਸ੍ਰੀਮਤੀ ਨਿਧੀ ਨਾਰੰਗ ਅਤੇ ਕਸ਼ਿਸ਼ ਮਿੱਤਲ ਹਨ। ਸ਼ਗਿਰਦਾਂ ਨੂੰ ਤਾਲੀਮ ਦੇਣ ਦਾ ਢੰਗ ਬੜਾ ਵਿਵਸਥਿਤ ਤੇ ਟਕਸਾਲੀ ਸੀ। ਸੁਰ ਲਗਾਓ ਪੱਕਾ ਕਰਵਾਏ ਬਿਨਾਂ ਅੱਗੇ ਨਹੀਂ ਚੱਲਦੇ ਸਨ ਤੇ ਇਸ ਗੱਲ ਦੇ ਪੱਕੇ ਧਾਰਨੀ ਸਨ ਕਿ ਸੰਗੀਤ ਸਿੱਖਣ ਦਾ ਰਾਹ ਸਰਲ ਤੇ ਸੌਖਾ ਨਹੀਂ। 2018 ਵਿਚ ਉਨ੍ਹਾਂ ਨੇ ਇਕ ਅਖ਼ਬਾਰ ਨਾਲ ਮੁਲਾਕਾਤ (ਇੰਟਰਵਿਊ) ਵਿਚ ਕਿਹਾ, ‘‘ਤੁਸੀਂ ਬੀਅ ਭਾਵੇਂ ਬੀਜ ਦੇਵੋ ਪਰ ਜੇ ਭੋਇੰ ਜ਼ਰਖੇ਼ਜ਼ ਨਾ ਹੋਈ ਤਾਂ ਉਹ ਪੁੰਗਰਦਾ ਨਹੀਂ। ਸੰਗੀਤ ਵੀ ਏਦਾਂ ਹੀ ਹੈ। ਤੁਸੀਂ ਇਹਨੂੰ ਦਵਾਈ ਵਾਂਗ ਨਹੀਂ ਦੇ ਸਕਦੇ। ਗੁਰੂ ਨੂੰ ਜ਼ਮੀਨ ਨੂੰ ਵਾਹ ਕੇ ਫਿਰ ਬੀਅ ਬੀਜਣਾ ਪੈਂਦਾ ਏ। ਸ਼ਿਸ਼ ਵਿਚ ਸੰਸਕਾਰ ਜਗਾਉਣੇ ਪੈਂਦੇ ਹਨ।’’
ਹਿੰਦੁਸਤਾਨ ਦੇ ਅਨੇਕ ਸੰਗੀਤ ਸੰਮੇਲਨਾਂ ਵਿਚ ਆਪ ਨੇ ਸ਼ਿਰਕਤ ਕੀਤੀ। ਰਾਸ਼ਟਰੀ ਸੰਗੀਤ ਨਾਟਕ ਅਕਾਦਮੀ ਵਲੋਂ ਟੈਗੋਰ ਪੁਰਸਕਾਰ ਨਾਲ ਸਨਮਾਨਿਤ ਹੋਣ ਤੋਂ ਇਲਾਵਾ ਪੰਜਾਬ ਸੰਗੀਤ ਨਾਟਕ ਅਕਾਦਮੀ, ਪੰਜਾਬ ਸਟੇਟ ਐਵਾਰਡ ਜਿਹੇ ਕਈ ਹੋਰ ਪੁਰਸਕਾਰ ਆਪ ਦੀ ਝੋਲੀ ਪਏ। ਘਰਾਣੇਦਾਰ ਗਾਇਕ, ਚਿੰਤਕ, ਗੁਰੂ ਤੇ ਸੁਘੜ ਵਾਗੇਯਕਾਰ ਦਾ ਸੁਮੇਲ ਪੰਡਿਤ ਯਸ਼ਪਾਲ ਨੇ ਇਸ ਖ਼ਿੱਤੇ ਵਿਚ ਸ਼ਾਸਤਰੀ ਗਾਇਕੀ ਨੂੰ ਸੰਭਾਲਣ ਤੇ ਪ੍ਰਸਾਰਿਤ ਕਰਨ ਦਾ ਉੱਦਮ ਸਾਰੀ ਉਮਰ ਜਾਰੀ ਰੱਖਿਆ। ਉਹ 3 ਜੁਲਾਈ ਨੂੰ ਗੁਰੂਪੂਰਨਿਮਾ ਵਾਲੇ ਦਿਨ ਇਸ ਸੰਸਾਰ ਤੋਂ ਵਿਦਾ ਹੋ ਗਏ। ਉਨ੍ਹਾਂ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 6 ਜੁਲਾਈ ਨੂੰ ਗੁਰਦੁਆਰਾ ਸੰਤਸਰ ਸਾਹਿਬ, ਸੈਕਟਰ 38-ਵੈਸਟ, ਚੰਡੀਗੜ੍ਹ ਵਿਖੇ ਹੋਵੇਗਾ। ਕਲਾ ਅਜਿਹੇ ਸਾਧਕਾਂ ਤੇ ਸਿਰੜੀ ਵਾਹਕਾਂ ਦੇ ਸਦਕਾ ਹੀ ਅੱਗੇ ਵਧਦੀ ਹੈ। ਪੰਜਾਬ ਦੀ ਸੰਗੀਤ ਪਰੰਪਰਾ ਦੇ ਇਤਿਹਾਸ ਵਿਚ ਆਪ ਦਾ ਨਾਮ ਸਦਾ ਗੂੜ੍ਹੇ ਅੱਖਰਾਂ ਵਿਚ ਦਰਜ ਰਹੇਗਾ।
ਸੰਪਰਕ: 98885-15059