ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਿਦਿਆਰਥੀਆਂ ਦੀ ਸੁਰੱਖਿਆ

08:08 AM Apr 12, 2024 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਪੰਜਾਬ ਦੀਆਂ ਕੁਝ ਸੰਸਥਾਵਾਂ ਵਿੱਚ ਵਿਦਿਆਰਥੀਆਂ ਨਾਲ ਬਦਸਲੂਕੀ ਦੀਆਂ ਹਾਲ ਹੀ ਵਿੱਚ ਵਾਪਰੀਆਂ ਮਾੜੀਆਂ ਘਟਨਾਵਾਂ ਨੇ ਵਿਦਿਅਕ ਅਦਾਰਿਆਂ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਲੋੜ ਨੂੰ ਉਜਾਗਰ ਕੀਤਾ ਹੈ। ਸਰਕਾਰੀ ਰਿਪੁਦਮਨ ਕਾਲਜ ਨਾਭਾ ਵਿੱਚ ਵਿਦਿਆਰਥਣ ਨਾਲ ਸਮੂਹਿਕ ਜਬਰ-ਜਨਾਹ ਤੇ ਇਸ ਤੋਂ ਪਹਿਲਾਂ ਇਸੇ ਸਾਲ ਦੇ ਸ਼ੁਰੂ ਵਿੱਚ ਮਜੀਠਾ ਦੇ ਇਕ ਸਕੂਲ ਵਿੱਚ ਅਧਿਆਪਕ ਵੱਲੋਂ ਵਿਦਿਆਰਥਣਾਂ ਨਾਲ ਜਿਨਸੀ ਦੁਰਵਿਹਾਰ ਦੇ ਪ੍ਰੇਸ਼ਾਨ ਕਰਨ ਵਾਲੇ ਕੇਸ ਵਿਦਿਆਰਥੀਆਂ ਲਈ ਬਣੇ ਖ਼ਤਰਿਆਂ ਦੀਆਂ ਮਾੜੀਆਂ ਉਦਾਹਰਨਾਂ ਹਨ ਜਦੋਂਕਿ ਖ਼ਾਸ ਤੌਰ ’ਤੇ ਨੌਜਵਾਨ ਲੜਕੀਆਂ ਨੂੰ ਅਜਿਹੇ ਵਾਤਾਵਰਨ ਵਿਚ ਸੁਰੱਖਿਅਤ ਮਹਿਸੂਸ ਕਰਨਾ ਚਾਹੀਦਾ ਹੈ। ਇਹ ਬਰਦਾਸ਼ਤ ਤੋਂ ਬਾਹਰ ਹੈ ਕਿ ਵਿਦਿਅਕ ਸੰਸਥਾਵਾਂ ਜੋ ਸਿੱਖਿਆ ਤੇ ਤਰੱਕੀ ਦਾ ਕੇਂਦਰ ਹੋਣੀਆਂ ਚਾਹੀਦੀਆਂ ਹਨ, ਲਾਪਰਵਾਹੀ ਤੇ ਬੇਪਰਵਾਹੀ ਕਾਰਨ ਸ਼ੋਸ਼ਣ ਦਾ ਧੁਰਾ ਬਣ ਰਹੀਆਂ ਹਨ। ਨਾਭਾ ਕਾਲਜ ਵਿੱਚ ਵਾਪਰੀ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਦਾ ਕੈਂਪਸ ਵਿਚ ਦਾਖ਼ਲ ਹੋਣਾ ਸੁਰੱਖਿਆ ਪ੍ਰਬੰਧਾਂ ’ਤੇ ਵੀ ਸਵਾਲ ਖੜ੍ਹੇ ਕਰਦਾ ਹੈ। ਇਨ੍ਹਾਂ ਮੁਲਜ਼ਮਾਂ ਦੇ ਪਹਿਲਾਂ ਵੀ ਅਕਸਰ ਕਾਲਜ ਆਉਣ-ਜਾਣ ਬਾਰੇ ਪਤਾ ਲੱਗਾ ਹੈ। ਸਖ਼ਤ ਪੁੱਛ-ਪੜਤਾਲ ਦੀ ਅਣਹੋਂਦ ਤੇ ਸੁਰੱਖਿਆ ਇੰਤਜ਼ਾਮਾਂ ਦੀ ਆਊਟਸੋਰਸਿੰਗ ਨੇ ਤੰਤਰ ਦੀ ਅਜਿਹੀ ਨਾਕਾਮੀ ਉਭਾਰੀ ਹੈ ਜਿੱਥੇ ਵਿਦਿਆਰਥੀਆਂ ਦੀ ਸੁਰੱਖਿਆ ਨਾਲ ਸਮਝੌਤਾ ਹੋ ਰਿਹਾ ਹੈ।
ਡਰ ਅਤੇ ਸਹਿਮ ਕਾਰਨ ਪੀੜਤ ਅਜਿਹੇ ਅਪਰਾਧ ਰਿਪੋਰਟ ਕਰਨ ਤੋਂ ਝਿਜਕਦੇ ਹਨ ਜਿੱਥੇ ਮਦਦਗਾਰ ਵਾਤਾਵਰਨ ਕਾਇਮ ਕਰਨ ਦੀ ਲੋੜ ਵੀ ਉੱਭਰਦੀ ਹੈ। ਕਿਸੇ ਕਲੰਕ ਜਾਂ ਬਦਲੇ ਦੇ ਡਰ ਤੋਂ ਬਿਨਾਂ ਵਿਦਿਆਰਥੀਆਂ ਨੂੰ ਅਜਿਹੇ ਮਾਮਲਿਆਂ ਵਿਚ ਖੁੱਲ੍ਹ ਕੇ ਬੋਲਣ ਲਈ ਤਿਆਰ ਕਰਨ ਦੀ ਜ਼ਰੂਰਤ ਹੈ ਤਾਂ ਕਿ ਉਹ ਬਿਨਾਂ ਕਿਸੇ ਭੈਅ ਇਨਸਾਫ਼ ਮੰਗ ਸਕਣ। ਅਜਿਹੀਆਂ ਪ੍ਰੇਸ਼ਾਨ ਕਰਨ ਵਾਲੀਆਂ ਸਥਿਤੀਆਂ ਵਿੱਚ ਜ਼ਰੂਰੀ ਹੈ ਕਿ ਪ੍ਰਸ਼ਾਸਨ ਤੇਜ਼ ਤੇ ਫ਼ੈਸਲਾਕੁਨ ਕਾਰਵਾਈ ਕਰੇ। ਹਰੇਕ ਵਿਦਿਆਰਥੀ ਦੀ ਸੁਰੱਖਿਆ ਤੇ ਵਿਆਪਕ ਭਲਾਈ ਲਈ ਸਕੂਲਾਂ, ਕਾਲਜਾਂ ਤੇ ਕਾਨੂੰਨੀ ਇਕਾਈਆਂ ਨੂੰ ਨੇਡਿ਼ਓਂ ਤਾਲਮੇਲ ਕਰਨ ਦੀ ਲੋੜ ਹੈ।
ਇਸ ਤੋਂ ਇਲਾਵਾ ਸਮੇਂ-ਸਮੇਂ ਸੁਰੱਖਿਆ ਆਡਿਟ ਅਤੇ ਕੌਂਸਲਿੰਗ ਸੈਸ਼ਨਾਂ ਨਾਲ ਇਸ ਉਦੇਸ਼ ਨੂੰ ਹਾਸਿਲ ਕੀਤਾ ਜਾ ਸਕਦਾ ਹੈ। ਇਸ ਕਿਸਮ ਦੇ ਸੰਗੀਨ ਅਪਰਾਧਾਂ ਪ੍ਰਤੀ ਸਖ਼ਤ ਪਹੁੰਚ ਅਪਣਾਈ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਕੈਂਪਸ ਸੁਰੱਖਿਆ ਦੇ ਮਹੱਤਵ ਬਾਰੇ ਸੁਚੇਤ ਕਰਨ ਦੇ ਕਦਮ ਚੁੱਕੇ ਜਾਣ। ਸਟਾਫ ਨੂੰ ਸਿੱਖਿਅਤ ਕਰਨ ਲਈ ਸਿਖਲਾਈ ਪ੍ਰੋਗਰਾਮ ਲਾਏ ਜਾਣੇ ਚਾਹੀਦੇ ਹਨ ਤਾਂ ਕਿ ਉਹ ਚਿਤਾਵਨੀਆਂ ਦੀ ਨਿਸ਼ਾਨਦੇਹੀ ਕਰ ਕੇ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾ ਸਕਣ। ਸਾਡੇ ਸਮਾਜ ਦਾ ਭਵਿੱਖ ਸਾਡੇ ਨੌਜਵਾਨਾਂ ਨਾਲ ਜੁਡਿ਼ਆ ਹੋਇਆ ਹੈ। ਉਨ੍ਹਾਂ ਪ੍ਰਤੀ ਅਸੀਂ ਆਪਣੇ ਫਰਜ਼ ਨਿਭਾਉਣ ਵਿਚ ਕਿਸੇ ਕਿਸਮ ਦੀ ਕੁਤਾਹੀ ਨਹੀਂ ਕਰ ਸਕਦੇ।

Advertisement

Advertisement
Advertisement