ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੁਰੱਖਿਅਤ ਡਿਜੀਟਲ ਸੰਸਾਰ

04:26 AM Jan 06, 2025 IST

ਡਿਜੀਟਲ ਦੌਰ ਨੇ ਬੱਚਿਆਂ ਦੀ ਜ਼ਿੰਦਗੀ ’ਚ ਕ੍ਰਾਂਤੀਕਾਰੀ ਤਬਦੀਲੀ ਲਿਆਂਦੀ ਹੈ। ਜਵਾਨ ਬੱਚਿਆਂ ਦੇ ਇੱਕ-ਦੂਜੇ ਨਾਲ ਜੁੜਨ ਅਤੇ ਗੱਲਬਾਤ ਕਰਨ ਦੇ ਤੌਰ-ਤਰੀਕੇ ਬਦਲ ਚੁੱਕੇ ਹਨ ਜਿਸ ’ਚ ਸੋਸ਼ਲ ਮੀਡੀਆ ਦਾ ਵੱਡਾ ਯੋਗਦਾਨ ਹੈ ਹਾਲਾਂਕਿ ਇਹ ਤਬਦੀਲੀ ਕਈ ਵੱਡੇ ਖ਼ਤਰੇ ਵੀ ਆਪਣੇ ਨਾਲ ਲਿਆਈ ਹੈ ਜੋ ਫੌਰੀ ਕਾਰਵਾਈ ਮੰਗਦੇ ਹਨ। ਡਿਜੀਟਲ ਨਿੱਜੀ ਡੇਟਾ ਸੁਰੱਖਿਆ ਕਾਨੂੰਨ-2023 ਤਹਿਤ ਖਰੜੇ ਦੇ ਨਿਯਮਾਂ ਵਿੱਚ ਨਾਬਾਲਗਾਂ ਲਈ ਜ਼ਰੂਰੀ ਕੀਤਾ ਗਿਆ ਹੈ ਕਿ ਉਹ ਸੋਸ਼ਲ ਮੀਡੀਆ ਅਕਾਊਂਟ ਖੋਲ੍ਹਣ ਤੋਂ ਪਹਿਲਾਂ ਮਾਪਿਆਂ/ਸਰਪ੍ਰਸਤਾਂ ਦੀ ਸਲਾਹ ਲੈਣਗੇ। ਬੱਚਿਆਂ ਨੂੰ ਸੁਰੱਖਿਅਤ ਕਰਨ ਲਈ ਚੁੱਕਿਆ ਗਿਆ ਇਹ ਸ਼ਲਾਘਾਯੋਗ ਕਦਮ ਹੈ। ਆਲਮੀ ਪੱਧਰ ’ਤੇ ਇਸ ਤਰ੍ਹਾਂ ਦੇ ਨਿਯਮ ਪਹਿਲਾਂ ਹੀ ਲਾਗੂ ਹਨ। ਯੂਰੋਪੀਅਨ ਯੂਨੀਅਨ ਦਾ ਜਨਰਲ ਡੇਟਾ ਸੁਰੱਖਿਆ ਰੈਗੂਲੇਸ਼ਨ (ਜੀਡੀਪੀਆਰ) ਕਹਿੰਦਾ ਹੈ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਮਾਪਿਆਂ ਦੀ ਪ੍ਰਵਾਨਗੀ ਜ਼ਰੂਰੀ ਹੈ; ਅਮਰੀਕਾ ਦਾ ਬੱਚਿਆਂ ਬਾਰੇ ਆਨਲਾਈਨ ਨਿੱਜਤਾ ਸੁਰੱਖਿਆ ਕਾਨੂੰਨ (ਸੀਓਪੀਪੀਏ) 13 ਸਾਲ ਤੋਂ ਘੱਟ ਉਮਰ ਦੇ ਵਰਤੋਂਕਾਰਾਂ ਲਈ ਸਖ਼ਤ ਨਿਯਮ ਲਾਗੂ ਕਰਦਾ ਹੈ। ਇਹ ਕਦਮ ਨਾਬਾਲਗਾਂ ਨੂੰ ਸਾਈਬਰ ਬੁਲਿੰਗ, ਸ਼ੋਸ਼ਣ ਤੇ ਨਿੱਜਤਾ ਦੀ ਉਲੰਘਣਾ ਤੋਂ ਬਚਾਉਂਦੇ ਹਨ। ਇਹ ਮੁੱਦੇ ਭਾਰਤ ਦੇ ਖਰੜੇ ਦੇ ਨਿਯਮਾਂ ਵਿੱਚ ਵੀ ਵਿਚਾਰੇ ਗਏ ਹਨ।
ਚਿਤਾਵਨੀ ਦੇ ਰਹੇ ਕਈ ਅੰਕਡਿ਼ਆਂ ਦੇ ਮੱਦੇਨਜ਼ਰ ਇਹ ਨਿਯਮ ਜਲਦੀ ਲਾਗੂ ਕਰਾਉਣ ਦੀ ਲੋੜ ਸਮਝੀ ਗਈ ਹੈ: ਕੌਮਾਂਤਰੀ ਪੱਧਰ ’ਤੇ 58 ਪ੍ਰਤੀਸ਼ਤ ਜਵਾਨ ਬੱਚੇ ਰੋਜ਼ ਟਿਕਟੌਕ ਵਰਗੇ ਪਲੈਟਫਾਰਮ ਵਰਤ ਰਹੇ ਹਨ ਜਿੱਥੇ ਇਨ੍ਹਾਂ ਦਾ ਵਾਹ ਕਾਫ਼ੀ ਨੁਕਸਾਨਦੇਹ ਕੰਟੈਂਟ ਨਾਲ ਪੈ ਰਿਹਾ ਹੈ। ਸਾਲ 2023 ਵਿੱਚ ਦਿੱਲੀ ਦੇ ਇੱਕ ਵਿਅਕਤੀ ਨੇ ਸਨੈਪਚੈਟ ਦੀ ਦੁਰਵਰਤੋਂ ਕਰ ਕੇ 700 ਤੋਂ ਵੱਧ ਔਰਤਾਂ ਨੂੰ ਬਲੈਕਮੇਲ ਕੀਤਾ ਸੀ ਜਿਸ ਤੋਂ ਸਾਹਮਣੇ ਆਇਆ ਕਿ ਬੇਲਗਾਮ ਡਿਜੀਟਲ ਪਲੈਟਫਾਰਮ ਕਿਸ ਹੱਦ ਤੱਕ ਨੁਕਸਾਨ ਕਰ ਸਕਦੇ ਹਨ। ਇਸੇ ਤਰ੍ਹਾਂ ਬਰਤਾਨੀਆ ਦੀ ਇੱਕ ਲੜਕੀ ਵੱਲੋਂ ਇੰਸਟਾਗ੍ਰਾਮ ’ਤੇ ਤੰਗ ਕੀਤੇ ਜਾਣ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰਨਾ, ਸੋਸ਼ਲ ਮੀਡੀਆ ਵਰਤੋਂ ਦੇ ਮਨੋਵਿਗਿਆਨਕ ਅਸਰਾਂ ਦਾ ਖ਼ੁਲਾਸਾ ਕਰਦਾ ਹੈ। ਅਜਿਹੀਆਂ ਹੋਰ ਵੀ ਕਈ ਘਟਨਾਵਾਂ ਸਾਹਮਣੇ ਆਈਆਂ ਸਨ।
ਭਾਰਤ ਦੇ ਤਜਵੀਜ਼ਸ਼ੁਦਾ ਨਿਯਮ ਮਾਪਿਆਂ ਦੀ ਸਹਿਮਤੀ ਦੀ ਪੁਸ਼ਟੀ ਕਰਨ ਲਈ ਸੋਸ਼ਲ ਮੀਡੀਆ ਕੰਪਨੀਆਂ ਨੂੰ ਜਵਾਬਦੇਹ ਬਣਾਉਂਦੇ ਹਨ ਜਿਸ ਲਈ ਮਜ਼ਬੂਤ ਪ੍ਰਣਾਲੀ ਲਾਗੂ ਕੀਤੀ ਜਾਵੇਗੀ। ਮਾਪੇ ਆਪਣੇ ਬੱਚਿਆਂ ਨੂੰ ਆਨਲਾਈਨ ਗੱਲਬਾਤ ਕਰਨ ਲਈ ਸਹੀ ਰਾਹ ਦਿਖਾ ਸਕਣਗੇ। ਇਨ੍ਹਾਂ ਨਿਯਮਾਂ ਦੀ ਬਿਹਤਰੀ ਲਈ ਏਆਈ ਆਧਾਰਿਤ ਉਮਰ ਦੀ ਤਸਦੀਕ ਕਰਨ ਵਰਗੇ ਕਦਮਾਂ, ਡਿਜੀਟਲ ਜਾਗਰੂਕਤਾ ਵਰਕਸ਼ਾਪਾਂ ਅਤੇ ਸ਼ਿਕਾਇਤਾਂ ਦੇ ਨਿਬੇੜੇ ਲਈ ਪਾਰਦਰਸ਼ੀ ਢਾਂਚੇ ਦੀ ਲੋੜ ਪਏਗੀ। ਢਾਂਚਾਗਤ ਸੁਧਾਰ ਲਈ ਨਿਯਮਿਤ ਲੇਖਾ-ਜੋਖਾ ਕਰਨਾ ਪਏਗਾ, ਹਿੱਤਧਾਰਕਾਂ ਦਾ ਪੱਖ ਜਾਣਨ ਤੋਂ ਇਲਾਵਾ ਆਲਮੀ ਮਿਆਰਾਂ ਮੁਤਾਬਿਕ ਚੱਲਣਾ ਪਏਗਾ। ਇਨ੍ਹਾਂ ਨਿਯਮਾਂ ਨੂੰ ਅਪਣਾ ਕੇ ਭਾਰਤ ਬੱਚਿਆਂ ਲਈ ਸੁਰੱਖਿਅਤ ਆਨਲਾਈਨ ਵਾਤਾਵਰਨ ਵਿਕਸਤ ਕਰਨ ਦੀਆਂ ਆਲਮੀ ਕੋਸ਼ਿਸ਼ਾਂ ਵਿੱਚ ਹਿੱਸਾ ਪਾ ਰਿਹਾ ਹੈ। ਅਜਿਹੀ ਦੁਨੀਆ ਜਿੱਥੇ ਡਿਜੀਟਲ ਰਾਬਤੇ ਤੋਂ ਬਿਨਾਂ ਰਹਿਣ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ, ਉੱਥੇ ਸਭ ਤੋਂ ਜਵਾਨ ਵਰਤੋਂਕਾਰਾਂ ਦੀ ਸੁਰੱਖਿਆ ਤੇ ਭਲਾਈ ਨੂੰ ਪਹਿਲ ਦੇਣਾ ਨਾ ਕੇਵਲ ਜ਼ਿੰਮੇਵਾਰੀ ਹੈ ਬਲਕਿ ਨੈਤਿਕ ਜ਼ਰੂਰਤ ਵੀ ਹੈ। ਠੋਸ ਤਬਦੀਲੀ ਲਈ ਮਾਪਿਆਂ, ਅਧਿਆਪਕਾਂ ਅਤੇ ਸੋਸ਼ਲ ਮੀਡੀਆ ਮੰਚਾਂ ਦਾ ਆਪਸੀ ਸਹਿਯੋਗ ਬਹੁਤ ਮਹੱਤਵਪੂਰਨ ਸਾਬਿਤ ਹੋਵੇਗਾ।

Advertisement

Advertisement