ਦਿਆਲਗੜ੍ਹ ਜੇਜੀਆਂ ਵਿੱਚ ਸਫ਼ਰ-ਏ-ਸ਼ਹਾਦਤ ਸਮਾਗਮ
ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 26 ਦਸੰਬਰ
ਪਿੰਡ ਦਿਆਲਗੜ੍ਹ ਜੇਜੀਆਂ ਦੇ ਗੁਰਦੁਆਰਾ ਸਾਹਿਬ ਵਿੱਚ ਲੈਕਚਰਾਰ ਬਲਜੀਤ ਸਿੰਘ ਅਤੇ ਮੈਡਮ ਮਨਜੀਤ ਕੌਰ ਦੀ ਅਗਵਾਈ ਹੇਠ ਸਰਪੰਚ ਅਮਰਜੀਤ ਕੌਰ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਿਆਲਗੜ੍ਹ ਜੇਜੀਆਂ ਦੇ ਸਹਿਯੋਗ ਨਾਲ ਸਾਹਿਬਜ਼ਦਿਆਂ ਦੀ ਸ਼ਹੀਦੀ ਸਬੰਧੀ ਸਫ਼ਰ-ਏ-ਸ਼ਹਾਦਤ ਸਮਾਗਮ ਕਰਵਾਇਆ ਗਿਆ ਜਿਸ ਵਿੱਚ 95 ਦੇ ਕਰੀਬ ਬੱਚਿਆਂ ਵੱਲੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸਬੰਧਤ ਧਾਰਮਿਕ ਗੀਤ, ਭਾਸ਼ਣ, ਗਤਕੇ ਦੇ ਜੌਹਰ ਦਿਖਾਉਣ ਤੋਂ ਇਲਾਵਾ ਕੋਰੀਓਗ੍ਰਾਫ਼ੀਆਂ ਪੇਸ਼ ਕੀਤੀਆਂ ਗਈਆਂ। ਇਸ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਨਾਲਕਲਾਂ ਦੇ ਬੱਚਿਆਂ ਵੱਲੋਂ ਗਤਕੇ ਦੇ ਜੌਹਰ ਦਿਖਾਏ ਗਏ।
ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਦਸਮੇਸ਼ ਪਿਤਾ ਨੇ ਚਾਰੇ ਸਾਹਿਬਜ਼ਾਦਿਆਂ ਸਮੇਤ ਆਪਣਾ ਪੂਰਾ ਪਰਿਵਾਰ ਸਿੱਖ ਕੌਮ ਤੋਂ ਵਾਰ ਕੇ ਦੁਨੀਆਂ ਵਿੱਚ ਨਿਵੇਕਲਾ ਇਤਿਹਾਸ ਕਾਇਮ ਕਰ ਕੇ ਪੂਰੀ ਦੁਨੀਆਂ ਵਿੱਚ ਸਿੱਖ ਕੌਮ ਦਾ ਮਾਣ ਵਧਾਇਆ। ਉਨ੍ਹਾਂ ਪ੍ਰੋਗਰਾਮ ਪੇਸ਼ ਕਰਨ ਵਾਲੇ ਬੱਚਿਆਂ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਸਿੱਖ ਇਤਿਹਾਸ ਨਾਲ ਜੁੜ ਕੇ ਸਿੱਖ ਗੁਰੂਆਂ ਵੱਲੋਂ ਦੱਸੇ ਗਏ ਮਾਰਗ ’ਤੇ ਚੱਲਣ ਦਾ ਸੱਦਾ ਦਿੱਤਾ। ਅਖੀਰ ਵਿੱਚ ਸਰਪੰਚ ਅਮਰਜੀਤ ਕੌਰ ਅਤੇ ਲਖਵਿੰਦਰ ਸਿੰਘ ਪਟਵਾਰੀ, ਬੀਜੇਪੀ ਦੇ ਸਪੋਕਸਮੈਨ ਸਤਵੀਰ ਸਿੰਘ ਸੱਤੀ ਦਿਆਲਗੜ੍ਹ, ਲੈਕਚਰਾਰ ਬਲਜੀਤ ਸਿੰਘ, ਪੰਚਾਇਤ ਮੈਂਬਰ ਗੁਰਪ੍ਰੀਤ ਸਿੰਘ, ਅਮਨ ਸਿੰਘ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਵਿੰਦਰ ਸਿੰਘ ਅਤੇ ਨੇਤਾ ਸਿੰਘ ਵੱਲੋਂ ਪ੍ਰੋਗਰਾਮ ਪੇਸ਼ ਕਰਨ ਵਾਲੇ ਬੱਚਿਆਂ ਨੂੰ ਸਨਮਾਨ ਚਿੰਨ੍ਹ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਮੰਚ ਦਾ ਸੰਚਾਲਨ ਮਨਪ੍ਰਤੀ ਸਿੰਘ ਜਵੰਧਾ ਨੇ ਕੀਤਾ।
ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ):
ਇੱਥੋਂ ਨੇੜਲੇ ਪਿੰਡ ਨੌਗਾਵਾਂ ਵਿੱਚ ਗੁਰਦੁਆਰਾ ਸਾਹਿਬ ਕਮੇਟੀ ਵੱਲੋਂ ਨਗਰ ਨਿਵਾਸੀਆਂ ਅਤੇ ਐੱਨਆਰਆਈਜ਼ ਦੇ ਸਹਿਯੋਗ ਨਾਲ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਦੋ ਰੋਜ਼ਾ ਧਾਰਮਿਕ ਦੀਵਾਨ ਲਾਏ ਗਏ। ਇਸ ਮੌਕੇ ਬਾਬਾ ਲਖਵਿੰਦਰ ਸਿੰਘ ਬਲਬੇੜ੍ਹਾ ਵਾਲਿਆਂ ਦੇ ਜਥੇ ਵੱਲੋਂ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰ ਕੌਰ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਲਾਸਾਨੀ ਸ਼ਹਾਦਤ ਸਬੰਧੀ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ ਗਏ। ਉਨ੍ਹਾਂ ਕਿਹਾ ਕਿ ਧੰਨ ਸਨ ਗੁਰੂ ਕਲਗੀਧਰ ਦਸ਼ਮੇਸ ਪਿਤਾ ਦੇ ਲਾਲ ਅਤੇ ਸ਼ਹੀਦ ਸਿੰਘ ਜਿਨ੍ਹਾਂ ਆਪਣੇ ਸੀਸ ਕਟਾਉਣੇ ਮਨਜ਼ੂਰ ਕਰ ਲਏ ਪਰ ਆਪਣਾ ਧਰਮ ਨਹੀਂ ਤਬਦੀਲ ਕੀਤਾ।
ਉਨ੍ਹਾਂ ਕਿਹਾ ਕਿ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਤਰਫ਼ ਤੋਂ ਜ਼ੁਲਮ ਖ਼ਿਲਾਫ਼ ਲੜਦਿਆਂ ਸਬਰ ਤੇ ਸਿਦਕ ਨਾਲ ਕੀਤੀ ਗਈ ਸ਼ਹਾਦਤ ਸਮੁੱਚੀ ਮਾਨਵਤਾ ਦੇ ਇਤਿਹਾਸ ਲਈ ਬੇਮਿਸਾਲ ਹੈ। ਉਨ੍ਹਾਂ ਕਿਹਾ ਕਿ ਗੁਰੂ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਰਗੀ ਉਦਾਹਰਣ ਦੁਨੀਆਂ ਵਿੱਚ ਹੋਰ ਕਿਤੇ ਨਹੀਂ ਮਿਲਦੀ। ਇਸ ਮਹਾਨ ਸਮਾਗਮ ਮੌਕੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ।
ਰੇਨਬੋਅ ਪਬਲਿਕ ਸਕੂਲ ’ਚ ਸਮਾਗਮ
ਸੰਦੌੜ (ਮੁਕੰਦ ਸਿੰਘ ਚੀਮਾ):
ਰੇਨਬੋਅ ਪਬਲਿਕ ਸਕੂਲ ਹੁਸੈਨਪੁਰਾ ਵਿੱਚ ਗੁਰੂ ਗੋਬਿੰਦ ਸਿੰਘ, ਮਾਤਾ ਗੁਜਰ ਕੌਰ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉਪਰੰਤ ਜਪੁਜੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਬੱਚਿਆਂ ਵੱਲੋਂ ਸ਼ਬਦ ਕੀਰਤਨ ਅਤੇ ਕਵਿਤਾਵਾਂ ਅਤੇ ਕਵੀਸ਼ਰੀ ਸੁਣਾਈ ਗਈ। ਸਕੂਲ ਦੇ ਚੇਅਰਮੈਨ ਨਰਿੰਦਰ ਸਿੰਘ ਖਾਲਸਾ ਨੇ ਬੱਚਿਆਂ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਘੇਰੇ ਤੋਂ ਲੈ ਕੇ ਸਿੰਘਾਂ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਮੁਗਲ ਹਾਕਮਾਂ ਅਤੇ ਪਹਾੜੀ ਰਾਜਿਆਂ ਵੱਲੋਂ ਕੀਤੇ ਜ਼ੁਲਮਾਂ ਬਾਰੇ ਦੱਸਿਆ ਗਿਆ। ਇਸ ਮੌਕੇ ਸਕੂਲ ਪ੍ਰਬੰਧਕ ਸੁਖਚੈਨ ਸਿੰਘ, ਪ੍ਰਿੰਸੀਪਲ ਰਮਨਦੀਪ ਕੌਰ, ਬਲਵਿੰਦਰ ਸਿੰਘ ਸਮੇਤ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।