ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਦਨਾ ਭਗਤ ਦੀ ਮਸਜਿਦ

09:54 PM Jun 23, 2023 IST

ਇਕਬਾਲ ਸਿੰਘ ਹਮਜਾਪੁਰ

Advertisement

ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਦਾ ਆਪਣਾ ਵੱਖਰਾ ਸਭਿਆਚਾਰ ਤੇ ਸੰਸਕ੍ਰਿਤੀ ਹੈ। ਵੱਖਰੇ ਸਭਿਆਚਾਰ ਤੇ ਸੰਸਕ੍ਰਿਤੀ ਵਾਲੇ ਇਸ ਸੂਬੇ ਦੀਆਂ ਭਵਨ ਨਿਰਮਾਣ ਕਲਾ ਪੱਖੋਂ ਵੀ ਵਿਲੱਖਣ ਪ੍ਰਾਪਤੀਆਂ ਹਨ। ਇੱਥੇ ਰਾਜਿਆਂ ਨੇ ਆਪਣੀਆਂ ਲੋੜਾਂ ਲਈ ਵੰਨਸੁਵੰਨੇ ਕਿਲ੍ਹੇ ਤੇ ਮਹਿਲ ਬਣਵਾਏ। ਇਨ੍ਹਾਂ ਕਿਲ੍ਹਿਆਂ ਤੇ ਮਹਿਲਾਂ ਦੇ ਨਾਲ-ਨਾਲ ਇੱਥੇ ਹੋਰ ਇਮਾਰਤਾਂ ਵੀ ਪੰਜਾਬ ਦੀ ਵਿਰਾਸਤ ਦੀ ਗਵਾਹੀ ਭਰਦੀਆਂ ਹਨ। ਇਹ ਇਮਾਰਤਾਂ ਵੀ ਭਵਨ ਨਿਰਮਾਣ ਕਲਾ ਦੇ ਨਾਇਬ ਨਮੂਨੇ ਹਨ। ਇਨ੍ਹਾਂ ਇਮਾਰਤਾਂ ਵਿਚ ਸਦਨਾ ਭਗਤ ਦੀ ਮਸਜਿਦ ਵੀ ਸ਼ੁਮਾਰ ਹੈ। ਫਤਹਿਗੜ੍ਹ ਸਾਹਿਬ ਵਿਖੇ ਸਥਿਤ ਸਦਨਾ ਭਗਤ ਦੀ ਮਸਜਿਦ ਆਪਣੀ ਵੱਖਰੀ ਦਿਖ ਤੇ ਬਨਾਵਟ ਕਰਕੇ ਦੂਰ-ਦੂਰ ਤੱਕ ਪ੍ਰਸਿਧ ਹੈ। ਇਸ ਮਸਜਿਦ ਦਾ ਜ਼ਿਕਰ ਭਾਈ ਕਾਹਨ ਸਿੰਘ ਨੇ ਮਹਾਨ ਕੋਸ਼ ਵਿਚ ਵੀ ਕੀਤਾ ਹੈ। ਭਾਈ ਕਾਹਨ ਸਿੰਘ ਨਾਭਾ ਅਨੁਸਾਰ ‘ਸਦਨਾ ਭਗਤ, ਨਾਮਦੇਵ ਦੇ ਸਮਕਾਲੀ ਸਨ। ਆਪ ਜੀ ਦਾ ਦੇਹਰਾ ਸਰਹਿੰਦ ਪਾਸ ਵਿਦਯਮਾਨ ਹੈ।’ ਸਦਨਾ ਭਗਤ ਜੀ ਦਾ ਇਕ ਸ਼ਬਦ ਰਾਗ ਬਿਲਾਵਲ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ।

ਪ੍ਰਾਚੀਨ ਸ਼ਹਿਰ ਸਰਹਿੰਦ ਨੂੰ ਇਹ ਮਾਣ ਹਾਸਲ ਹੈ ਕਿ ਅਤੀਤ ਵਿਚ ਇੱਥੇ ਭਗਤ ਤੇ ਸੂਫ਼ੀ-ਸੰਤ ਨਿਵਾਸ ਕਰਦੇ ਰਹੇ ਹਨ। ਸਦਨਾ ਭਗਤ ਦਾ ਜਨਮ ਤਾਂ 1180 ਈਸਵੀ ਵਿਚ ਪਾਕਿਸਤਾਨ ਦੇ ਸੂਬਾ ਸਿੰਧ ਦੇ ਪਿੰਡ ਸੇਹਵਾਨ ਵਿੱਚ ਹੋਇਆ ਸੀ ਪਰ ਬਾਅਦ ਵਿਚ ਭਗਤ ਜੀ ਵੀ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਵਿਚਰਦੇ ਹੋਏ ਅੰਤਲੇ ਸਮੇਂ ਫਤਿਹਗੜ੍ਹ ਸਾਹਿਬ (ਸਰਹਿੰਦ) ਵਿਖੇ ਆ ਬਿਰਾਜੇ ਸਨ। ਦੱਸਿਆ ਜਾਂਦਾ ਹੈ ਕਿ ਮਸਜਿਦ ਵਾਲੇ ਅਸਥਾਨ ‘ਤੇ ਹੀ ਸਦਨਾ ਭਗਤ ਨੇ ਪ੍ਰਾਣ ਤਿਆਗੇ ਸਨ। ਸਥਾਨਕ ਲੋਕ ਇਸ ਮਸਜਿਦ ਨੂੰ ‘ਸਦਨਾ ਭਗਤ ਦਾ ਮਕਬਰਾ’ ਵੀ ਆਖਦੇ ਹਨ। ਗਿਆਨੀ ਗਿਆਨ ਸਿੰਘ ਨੇ ਟੀਕਾ ‘ਗੁਰੂ ਭਗਤ ਮਾਲਾ’ ਵਿਚ ਇਸ ਮਸਜਿਦ ਨੂੰ ‘ਸਦਨਾ ਭਗਤ ਦੀ ਸਮਾਧ’ ਲਿਖਿਆ ਹੈ।

Advertisement

ਫਤਿਹਗੜ੍ਹ ਸਾਹਿਬ ਵਿੱਚ ਸਥਿਤ ਮਸਜਿਦ ਸਦਨਾ ਭਗਤ ਨੂੰ ਆਉਣ ਵਾਲੀ ਪੀੜ੍ਹੀ ਲਈ ਮਹੱਤਵਪੂਰਨ ਸਮਝਦਿਆਂ ਭਾਰਤੀ ਪੁਰਾਤਤਵ ਵਿਭਾਗ ਨੇ ਰਾਸ਼ਟਰੀ ਮਹੱਤਵ ਦੇ ਸਮਾਰਕਾਂ ਦੇ ਐਕਟ ਅਧੀਨ ਸੁਰੱਖਿਆ ਪ੍ਰਦਾਨ ਕੀਤੀ ਹੈ। ਇਸ ਮਸਜਿਦ ਦੀ ਸ਼ੋਭਾ ਵੇਖਿਆਂ ਹੀ ਪਤਾ ਲੱਗਦੀ ਹੈ। ਇਹ ਮਸਜਿਦ ਮਧਕਾਲਿਨ ਮੁਸਲਿਮ ਤੇ ਭਾਰਤੀ ਭਵਨ ਨਿਰਮਾਣ ਕਲਾ ਦਾ ਉਤਮ ਨਮੂਨਾ ਹੈ। ਸਾਹਮਣੇ ਵਾਲੇ ਪਾਸੇ ਪੰਜ ਬੂਹਿਆਂ ਅਤੇ ਪੰਜ ਹੀ ਗੁੰਬਦਾਂ ਵਾਲੀ ਇਸ ਮਸਜਿਦ ਨੂੰ ਬਣਾਉਣ ਲਈ ਛੋਟੀਆਂ ਲਖੌਰੀ ਇੱਟਾਂ ਦੀ ਵਰਤੋਂ ਕੀਤੀ ਗਈ ਹੈ। ਇੱਟਾਂ ਨਾਲ ਵੱਖ ਵੱਖ ਤਰ੍ਹਾਂ ਦੇ ਪੱਥਰਾਂ ਨੂੰ ਵਰਤ ਕੇ ਮਸਜਿਦ ਨੂੰ ਮਜ਼ਬੂਤ ਤੇ ਸੁੰਦਰ ਬਣਾਇਆ ਗਿਆ ਹੈ। ਮਸਜਿਦ ਦੇ ਪੰਜੇ ਬੂਹੇ ਆਕਾਰ ਵਿਚ ਭਾਵੇਂ ਵੱਡੇ ਛੋਟੇ ਹਨ ਪਰ ਸੁੰਦਰਤਾ ਲਈ ਇਨ੍ਹਾਂ ਦੀ ਸ਼ਕਲ ਇੱਕੋ ਜਿਹੀ ਬਣਾਈ ਗਈ ਹੈ। ਇਹ ਪੰਜੇ ਬੂਹੇ ਉਪਰੋਂ ਗੋਲ ਤੇ ਵਿਚਕਾਰੋਂ ਤਿੱਖੇ ਹਨ। ਹੇਠਾਂ ਤਿੰਨ ਕਮਰਿਆਂ ਵਾਲੀ ਇਸ ਮਸਜਿਦ ਦੇ ਵਿਚਕਾਰਲੇ ਕਮਰੇ ਦੇ ਬੂਹੇ ਵੀ ਤਿੰਨ ਹਨ। ਵਿਚਕਾਰਲੇ ਮੁੱਖ ਕਮਰੇ ਉੱਪਰ ਛੱਤ ਨਹੀਂਂ ਹੈ। ਬਿਨਾਂ ਛੱਤ ਵਾਲੀ ਇਸ ਮਸਜਿਦ ਵਿਚ ਸੂਰਜ ਅਤੇ ਚੰਨ ਦੀ ਰੌਸ਼ਨੀ ਸਿੱਧੀ ਪੈਂਦੀ ਹੈ। ਚੰਨ ਚਾਨਣੀ ਰਾਤ ਅਤੇ ਤਾਰਿਆਂ ਦੀ ਛਾਂ ਵਿਚ ਮਸਜਿਦ ਦਾ ਅੰਦਰਲਾ ਹਿੱਸਾ ਹੋਰ ਵੀ ਦਿਲਕਸ਼ ਲਗਦਾ ਹੈ। ਇਸ ਮਸਜਿਦ ਬਾਰੇ ਇਹ ਦੰਦਕਥਾ ਪ੍ਰਚਲਤ ਹੈ ਕਿ ਇਸ ਦੇ ਵਿਚਕਾਰਲੇ ਮੁੱਖ ਕਮਰੇ ਉੱਪਰ ਛੱਤ ਪਾਈ ਹੀ ਨਹੀਂ ਗਈ ਸੀ। ਅਸਲ ਵਿਚ ਮੁੱਖ ਕਮਰੇ ਉੱਪਰ ਇਕ ਵਿਸ਼ਾਲ ਗੁੰਬਦ ਸੀ, ਜੋ ਕਿ ਟੁੱਟ ਚੁੱਕਾ ਹੈ। ਇਕ ਹੋਰ ਗੁੰਬਦ ਦਾ ਵੀ ਕਲਸ਼ ਟੁੱਟ ਚੁੱਕਾ ਹੈ।

ਸਰਹਿੰਦ ਵਿੱਚ ਡੇਰਾ ਮੀਰਾ ਮੀਰ ਨੂੰ ਜਾਣ ਵਾਲੀ ਸੜਕ ਉੱਪਰ ਰੇਲਵੇ ਫਾਟਕ ਕੋਲ ਸਥਿਤ ਸਦਨਾ ਭਗਤ ਦੀ ਮਸਜਿਦ ਨੂੰ ਬਣਾਉਣ ਵੇਲੇ ਹਵਾ ਤੇ ਰੌਸ਼ਨੀ ਦਾ ਪੂਰਾ-ਪੂਰਾ ਧਿਆਨ ਰੱਖਿਆ ਗਿਆ ਹੈ। ਮਸਜਿਦ ਦੇ ਸਿਰਿਆਂ ਵਾਲੇ ਬੂਹਿਆਂ ਉੱਪਰ ਇੱਟਾਂ ਨਾਲ ਹੀ ਡੱਬੇਨੁਮਾ ਜਾਲੀਆਂ ਬਣਾਈਆਂ ਗਈਆਂ ਹਨ। ਇਹ ਜਾਲੀਆਂ ਹਵਾ ਤੇ ਰੌਸ਼ਨੀ ਦੇ ਨਾਲ-ਨਾਲ ਮਸਜਿਦ ਦੀ ਸ਼ੋਭਾ ਨੂੰ ਵੀ ਚਾਰ ਚੰਦ ਲਾਉਂਦੀਆ ਹਨ। ਸ਼ੋਭਾ ਲਈ ਹੀ ਮਸਜਿਦ ਦੇ ਸਿਰਿਆਂ ਵਾਲੇ ਬੂਹਿਆਂ ਨੂੰ ਥੋੜ੍ਹਾ ਪਿੱਛੇ ਕਰ ਕੇ ਤੇ ਵਿਚਕਾਰਲੇ ਮੁੱਖ ਬੂਹੇ ਨੂੰ ਅੱਗੇ ਵਧਾ ਕੇ ਬਣਾਇਆ ਗਿਆ ਹੈ। ਜ਼ਰਾ ਧਿਆਨ ਨਾਲ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਸਮਾਰਕ ਦੇ ਮੁੱਖ ਬੂਹੇ ਨੂੰ ਕਿਸੇ ਵੇਲੇ ਤਖ਼ਤੇ ਵੀ ਲੱਗੇ ਹੋਏ ਹੋਣਗੇ। ਤਖ਼ਤਿਆਂ ਦੇ ਨਿਸ਼ਾਨ ਅਜੇ ਵੀ ਦਿਖਾਈ ਦਿੰਦੇ ਹਨ।

ਲਗਪਗ ਛੇ ਫੁੱਟ ਚੌੜੀਆਂ ਕੰਧਾਂ ਵਾਲੀ ਇਸ ਮਸਜਿਦ ਵਿਚ ਇਬਾਦਤ ਵਾਸਤੇ ਵੱਡੇ ਵੱਡੇ ਆਲ਼ੇ ਤੇ ਥੜ੍ਹੇ ਬਣਾਏ ਗਏ ਹਨ। ਵਰਗਾਕਾਰ ਮੁੱਖ ਕਮਰੇ ਵਿਚ ਇਹ ਕੁਲ ਨੌਂ ਆਲ਼ੇ ਹਨ। ਕਮਰੇ ਦੇ ਤਿੰਨੋਂ ਪਾਸੇ ਤਿੰਨ ਤਿੰਨ ਆਲ਼ੇ ਬਣੇ ਹੋਏ ਹਨ ਅਤੇ ਚੌਥੇ ਪਾਸੇ ਤਿੰਨ ਬੂਹੇ ਹਨ। ਮਸਜਿਦ ਦੇ ਵਰਗਾਕਾਰ ਕਮਰਿਆਂ ਨੂੰ ਉੱਪਰ ਜਾ ਕੇ ਪਹਿਲਾਂ ਅੱਠ ਨੁੱਕਰਾ, ਫਿਰ ਸੋਲ੍ਹਾਂ ਨੁੱਕਰਾ ਤੇ ਫਿਰ ਗੋਲ ਕਰ ਕੇ ਗੁੰਬਦ ਬਣਾਏ ਗਏ ਹਨ। ਮਸਜਿਦ ਦੇ ਪ੍ਰਾਂਗਣ ਵਿਚ ਇਕ ਤਲਾਬ ਵੀ ਬਣਿਆ ਹੋਇਆ ਹੈ। ਭਾਵੇਂ ਅੱਜ ਇਸ ਤਲਾਬ ਵਿਚ ਪਾਣੀ ਨਹੀਂ ਹੈ, ਫਿਰ ਵੀ ਇਸ ਨੂੰ ਵੇਖ ਕੇ ਅੰਦਾਜ਼ਾ ਲੱਗ ਜਾਂਦਾ ਹੈ ਕਿ ਅਤੀਤ ਵਿਚ ਇਥੋਂ ਹੱਥ-ਮੂੰਹ ਧੋ ਕੇ ਤੇ ਚਰਨ ਸੁੱਚੇ ਕਰ ਕੇ ਇਬਾਦਤ ਕੀਤੀ ਜਾਂਦੀ ਹੋਵੇਗੀ।

ਮਸਜਿਦ ਦੇ ਉੱਪਰ ਜਾਣ ਲਈ ਸੱਜੇ ਪਾਸਿਓਂ ਪੌੜੀਆਂ ਚੜ੍ਹਦੀਆਂ ਹਨ। ਇਸ ਇਮਾਰਤ ਦੀ ਇਹ ਖਾਸੀਅਤ ਹੈ ਕਿ ਇਸ ਦੀਆਂ ਪੌੜੀਆਂ ਸਿੱਧੀਆਂ ਛੱਤ ਉੱਪਰ ਨਹੀਂਂ ਜਾਂਦੀਆਂ। ਮਸਜਿਦ ਦੀ ਇਕ ਕੰਧ ਵਿਚ ਬਣੀਆਂ ਪੌੜੀਆਂ ਤੋਂ ਅੱਗੇ ਉੱਪਰ ਜਾ ਕੇ ਕਈ ਗਲਿਆਰੇ ਬਣੇ ਹੋਏ ਹਨ। ਇਹ ਗਲਿਆਰੇ ਸਮਾਰਕ ਦੀਆਂ ਛੇ ਫੁੱਟ ਚੌੜੀਆਂ ਕੰਧਾਂ ‘ਚ ਬਣੇ ਹੋਏ ਹਨ। ਇਸ ਕਰਕੇ ਇਹ ਗਲਿਆਰੇ ਹੇਠਾਂ ਤੋਂ ਜਾਂ ਕਿਧਰੋਂ ਵੀ ਵਿਖਾਈ ਨਹੀਂ ਦਿੰਦੇ। ਗਲਿਆਰਿਆਂ ਵਿਚ ਰੌਸ਼ਨੀ ਤੇ ਹਵਾ ਲਈ ਰੌਸ਼ਨਦਾਨ ਛੱਡੇ ਗਏ ਹਨ। ਇਕ ਗਲਿਆਰੇ ‘ਚੋਂ ਹੀ ਛੱਤ ਉੱਪਰ ਜਾਣ ਲਈ ਪੌੜੀ ਬਣੀ ਹੋਈ ਹੈ।

ਸਦਨਾ ਭਗਤ ਦੀ ਇਹ ਮਸਜਿਦ ਆਪਣੀ ਵੱਖਰੀ ਬਨਾਵਟ ਕਰਕੇ ਸ਼ਰਧਾਲੂਆਂ ਦੇ ਨਾਲ-ਨਾਲ ਸੈਲਾਨੀਆਂ, ਇਤਿਹਾਸ-ਪ੍ਰੇਮੀਆਂ ਤੇ ਕਲਾ-ਪ੍ਰੇਮੀਆਂ ਲਈ ਵੀ ਖਿੱਚ ਦਾ ਕੇਂਦਰ ਬਣੀ ਹੋਈ ਹੈ। ਉਂਜ ਅਜੇ ਤਕ ਇਹ ਨਹੀਂਂ ਪਤਾ ਲੱਗਾ ਕਿ ਸਦਨਾ ਭਗਤ ਦੀ ਇਸ ਮਸਜਿਦ ਨੂੰ ਕਿਸ ਨੇ ਬਣਵਾਇਆ ਸੀ। ਗਿਆਨੀ ਗਿਆਨ ਸਿੰਘ ਲਿਖਦੇ ਹਨ ਕਿ ਕਿਸੇ ਔਰਤ ਦੀ ਝੂਠੀ ਸ਼ਕਾਇਤ ‘ਤੇ ਉਸ ਵੇਲੇ ਦੀ ਹਕੂਮਤ ਨੇ ਸਦਨਾ ਭਗਤ ਦੇ ਦੋਵੇਂ ਹੱਥ ਵੱਢ ਦਿੱਤੇ ਸਨ। ਹਕੂਮਤ ਨੂੰ ਬਾਅਦ ਵਿਚ ਸਚਾਈ ਦਾ ਪਤਾ ਲਗਿਆ ਸੀ। ਸਚਾਈ ਪਤਾ ਚੱਲਣ ‘ਤੇ ਰਾਜੇ ਨੇ ਉਸ ਔਰਤ ਨੂੰ ਸਖ਼ਤ ਸਜ਼ਾ ਸੁਣਾਈ ਸੀ। ਹੋ ਸਕਦਾ ਹੈ, ਰਾਜੇ ਨੇ ਪਸ਼ਚਾਤਾਪ ਕਰਦੇ ਹੋਏ ਸਦਨਾ ਭਗਤ ਦੀ ਯਾਦ ਵਿਚ ਇਹ ਇਮਾਰਤ ਬਣਵਾਈ ਹੋਵੇ। ਇਹ ਵੀ ਕਿਹਾ ਜਾਂਦਾ ਹੈ ਕਿ ਇਸ ਮਸਜਿਦ ਨੂੰ ਸਦਨਾ ਭਗਤ ਨੇ ਆਪ ਬਣਵਾਇਆ ਸੀ।

ਸੰਪਰਕ: 94165-92149

Advertisement