ਸਾਧੂਵਾਲਾ: ਸਰਪੰਚੀ ਦੀ ਚੋਣ ਵਿੱਚ ਦਰਾਣੀ-ਜਠਾਣੀ ਆਹਮੋ-ਸਾਹਮਣੇ
ਪੱਤਰ ਪ੍ਰੇਰਕ
ਸਾਦਿਕ, 12 ਅਕਤੂਬਰ
ਪੰਚਾਇਤੀ ਚੋਣਾਂ ਦੇ ਚੱਲਦਿਆਂ ਸਾਦਿਕ ਨੇੜਲੇ ਕਰੀਬ 485 ਵੋਟਾਂ ਵਾਲੇ ਪਿੰਡ ਸਾਧੂਵਾਲਾ ਵਿੱਚ ਦੋ ਸਕੇ ਭਰਾਵਾਂ ਦੀਆਂ ਪਤਨੀਆਂ ਮਹਿੰਦਰ ਕੌਰ ਪਤਨੀ ਜਗਰੂਪ ਸਿੰਘ ਤੇ ਮਨਜੀਤ ਕੌਰ ਪਤਨੀ ਬੁੱਧ ਸਿੰਘ ਸਰਪੰਚੀ ਲਈ ਇੱਕ-ਦੂਜੇ ਦੇ ਵਿਰੋਧ ਵਿੱਚ ਚੋਣ ਮੈਦਾਨ ਵਿੱਚ ਡਟੀਆਂ ਹਨ। ਸਰਪੰਚੀ ਲਈ ਰਾਖਵੀਂ ਸੀਟ ਵਾਲੇ ਇਸ ਪਿੰਡ ’ਚ ਪੰਜ ਮੈਂਬਰ ਚੁਣੇ ਜਾਂਦੇ ਹਨ ਜਿਨ੍ਹਾਂ ’ਚੋਂ ਜਨਰਲ ਵਾਰਡਾਂ ਦੇ ਤਿੰਨ ਮੈਂਬਰ ਸਰਬਸੰਮਤੀ ਨਾਲ ਚੁਣੇ ਗਣੇ ਹਨ ਤੇ ਦੋ ਰਾਖਵੀਂਆਂ ਸੀਟਾਂ ਵਾਲੇ ਵਾਰਡਾਂ ’ਚ ਵੋਟਾਂ ਪੈਣੀਆਂ ਹਨ ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਗੁਰੂ ਘਰ ਕੀਤੇ ਗਏ ਇਕੱਠ ’ਚ ਪਿੰਡ ਵਾਸੀਆਂ ਦੀ ਸਰਪੰਚੀ ਲਈ ਮਹਿੰਦਰ ਕੌਰ ’ਤੇ ਸਹਿਮਤੀ ਲਗਪਗ ਬਣ ਗਈ ਸੀ ਪਰ ਉਸ ਦੀ ਦਰਾਣੀ ਮਨਜੀਤ ਕੌਰ ਨੇ ਅਸਹਿਮਤੀ ਜਿਤਾਉਂਦਿਆਂ ਚੋਣ ਲੜਨ ਦੀ ਗੱਲ ਆਖੀ ਜਿਸ ਕਾਰਨ ਸਹਿਮਤੀ ਸਿਰੇ ਨਹੀਂ ਚੜ੍ਹ ਸਕੀ। ਦੱਸਣਯੋਗ ਹੈ ਕਿ ਪਿਛਲਿਆਂ ਚੋਣਾਂ ਵੇਲੇ ਮਾਣਕ ਸਿੰਘ ’ਤੇ ਪਿੰਡ ਵਾਸੀ ਸਰਬਸੰਮਤੀ ਲਈ ਸਹਿਮਤ ਹੋ ਗਏ ਸਨ ਪਰ ਉਦੋਂ ਉਸਦੇ ਸਕੇ ਭਤੀਜੇ ਵੱਲੋਂ ਅਸਹਿਮਤੀ ਜਿਤਾਉਣ ਕਾਰਨ ਚੋਣਾਂ ਹੋਈਆਂ ਤੇ ਮਾਣਕ ਸਿੰਘ ਭਾਰੀ ਬਹੁਮਤ ਨਾਲ ਜਿੱਤੇ ਸਨ।