ਭਾਜਪਾ ਦੀ ਕਿਸਾਨ ਵਿਰੋਧੀ ਸੋਚ ’ਤੇ ਸੁਖਬੀਰ ਬਾਦਲ ਦੀ ਚੁੱਪ ਤੋਂ ਦੁਖੀ ਹਾਂ: ਡਿੰਪੀ ਢਿੱਲੋਂ
ਗੁਰਸੇਵਕ ਸਿਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 26 ਅਗਸਤ
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਗਿੱਦੜਬਾਹਾ ਹਲਕੇ ’ਚ ਜ਼ਿਮਨੀ ਚੋਣ ਤੋਂ ਪਹਿਲਾਂ ਸਿਆਸੀ ਪਾਰਾ ਚੜ੍ਹ ਗਿਆ ਹੈ। ਉਂਝ ਅੱਜ ਸੁਖਬੀਰ ਸਿੰਘ ਬਾਦਲ ਨੇ ਗਿੱਦੜਬਾਹਾ ਹਲਕੇ ’ਚ ਵਰਕਰ ਮਿਲਣੀ ਰੱਖੀ ਸੀ ਪਰ ਡਿੰਪੀ ਦੇ ਅਸਤੀਫ਼ਾ ਦੇਣ ਕਰ ਕੇ ਸਭ ਕੁਝ ਧਰਿਆ ਧਰਾਇਆ ਰਹਿ ਗਿਆ। ਗਿੱਦੜਬਾਹਾ ਹਲਕੇ ਦੇ ਅਕਾਲੀ ਵਰਕਰ ਵੀ ਧਰਮਸੰਕਟ ’ਚ ਵੇਖੇ ਗਏ। ਬਜ਼ੁਰਗ ਗੁਰਦੇਵ ਸਿੰਘ ਨੇ ਦੱਸਿਆ ਕਿ ਉਸ ਦੀ ਅਕਾਲੀ ਦਲ ਨਾਲ 40 ਸਾਲ ਪੁਰਾਣੀ ਸਾਂਝ ਹੈ।
ਹੁਣ ਉਸ ਲਈ ਮੁਸ਼ਕਲ ਬਣ ਗਈ ਹੈ ਕਿ ਉਹ ਕਿੱਧਰ ਜਾਵੇ। ਅੱਜ ਬਹੁਤੇ ਪਰਿਵਾਰਾਂ ’ਚੋਂ ਇਕ ਬੰਦਾ ਡਿੰਪੀ ਢਿੱਲੋਂ ਦੀ ਬੈਠਕ ’ਚ ਗਿਆ ਸੀ ਜਦਕਿ ਦੂਜਾ ਜੀਅ ਸੁਖਬੀਰ ਬਾਦਲ ਦੀ ਰਿਹਾਇਸ਼ ’ਤੇ ਪੁੱਜਿਆ।
ਗਿੱਦੜਬਾਹਾ ਦੇ ਇੱਕ ਪੈਲੇਸ ’ਚ ਵਰਕਰਾਂ ਦਾ ਇਕੱਠਾ ਕਰਕੇ ਆਪਣੇ ਅਸਤੀਫ਼ੇ ਦਾ ਖੁਲਾਸਾ ਕਰਦਿਆਂ ਡਿੰਪੀ ਢਿੱਲੋਂ ਨੇ ਦੱਸਿਆ ਕਿ ਮਨਪ੍ਰੀਤ ਬਾਦਲ ਨੂੰ ਅਕਾਲੀ ਦਲ ’ਚ ਵਾਪਸ ਲਿਆਉਣ ’ਤੇ ਭਾਜਪਾ ਦੀ ਕਿਸਾਨ ਤੇ ਪੰਜਾਬ ਵਿਰੋਧੀ ਸੋਚ ਬਾਰੇ ਸੁਖਬੀਰ ਬਾਦਲ ਵੱਲੋਂ ਕੁਝ ਵੀ ਨਾ ਬੋਲਣ ’ਤੇ ਉਹ ਜ਼ਿਆਦਾ ਖ਼ਫਾ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਸ਼ਰੇਆਮ ਕਹਿੰਦੇ ਸਨ ਕਿ ਉਹ ਤੇ ਮਨਪ੍ਰੀਤ ਬਾਦਲ ਘਿਓ-ਖਿੱਚੜੀ ਹਨ। ਮਨਪ੍ਰੀਤ ਬਾਦਲ ਲੋਕਾਂ ਨੂੰ ਮਿਲ ਰਹੇ ਸਨ ਪਰ ਸੁਖਬੀਰ ਬਾਦਲ ਮੂਕ ਦਰਸ਼ਕ ਬਣ ਕੇ ਸਭ ਕੁਝ ਦੇਖਦੇ ਰਹੇ ਜਿਸ ਕਾਰਨ ਉਨ੍ਹਾਂ ਨੂੰ ਅਸਤੀਫਾ ਦੇਣਾ ਪਿਆ। ਉਨ੍ਹਾਂ ਕਿਹਾ ਕਿ ਭਾਜਪਾ, ਕਾਂਗਰਸ ਤੇ ‘ਆਪ’ ਵੱਲੋਂ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਸੱਦੇ ਆ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਭਾਜਪਾ ’ਚ ਕਿਸੇ ਹਾਲ ਨਹੀਂ ਜਾ ਸਕਦੇ ਪਰ ਕਾਂਗਰਸ ਜਾਂ ‘ਆਪ’ ਬਾਰੇ ਲੋਕ ਫੈਸਲਾ ਕਰਨਗੇ।
ਇਸ ਦੌਰਾਨ ਲੋਕਾਂ ਨੇ ‘ਡਿੰਪੀ ਤੇਰੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ’, ‘ਅਸੀਂ ਤੁਹਾਡੇ ਨਾਲ ਹਾਂ’ ਦੇ ਨਾਅਰੇ ਲਾਏ। ਤਕਰੀਰ ਦੇ ਅੰਤ ’ਤੇ ਜਦੋਂ ਡਿੰਪੀ ਨੇ ਕਿਹਾ ਕਿ ਜੋ ਸੰਗਤ ਫੈਸਲਾ ਕਰੇਗੀ ਉਹ ਹੀ ਪ੍ਰਵਾਨ ਹੋਵੇਗਾ ਤਾਂ ਇਕ ਬਜ਼ੁਰਗ ਨੇ ਉਚੀ ਅਵਾਜ਼ ’ਚ ਕਿਹਾ ‘ਜੇ ਕੰਮ ਕਰਾਉਣੇ ਆ ਫਿਰ ਤਾਂ ਜਾਓ ਸਰਕਾਰ ਵੱਲ’ ਤਾਂ ਮੰਚ ਸੰਚਾਲਕ ਨੇ ਕਿਹਾ ਕਿ ‘ਬਜ਼ੁਰਗਾਂ ਦੀ ਗੱਲ ਨਾਲ ਸਹਿਮਤ ਹੋ ਤਾਂ ਜੈਕਾਰਾ ਲਾ ਕੇ ਆਗਿਆ ਦਿਓ’। ਲੋਕਾਂ ਨੇ ਜੈਕਾਰੇ ਲਾਉਣੇ ਸ਼ੁਰੂ ਕਰ ਦਿੱਤਾ।
ਡਿੰਪੀ ਢਿੱਲੋਂ ਨੇ ਕਿਹਾ ਕਿ, ‘ਜੇ ਆਮ ਆਦਮੀ ਪਾਰਟੀ ਵੱਲੋਂ ਸੱਦਾ ਆਉਂਦਾ ਹੈ ਤਾਂ ਉਹ ਪਹਿਲਾਂ ਲੋਕਾਂ ਨਾਲ ਗੱਲਬਾਤ ਕਰਨਗੇ ਉਸ ਤੋਂ ਬਾਅਦ ਅਗਲਾ ਫੈਸਲਾ ਲੈਣਗੇ’। ਡਿੰਪੀ ਨੇ ‘ਆਪ’ ਵਿੱਚ ਜਾਣ ਦਾ ਇਸ਼ਾਰਾ ਕਰਦਿਆਂ ਕਿਹਾ, ‘ਮੈਂ ਮੁੱਖ ਮੰਤਰੀ ਕੋਲੋਂ ਜੋ ਮੰਗਾਂਗਾ, ਜੇ ਸੀਐੱਮ ਸਾਬ੍ਹ ਉਹ ਗੱਲਾਂ ਮੰਨਣਗੇ ਤਾਂ ਹੀ ਹਾਂ ਕਰਾਂਗਾ।’ ਜਾਣਕਾਰੀ ਅਨੁਸਾਰ ਉਹ ਜਲਦ ਹੀ ਆਪ ਵਿਚ ਸ਼ਾਮਲ ਹੋ ਸਕਦੇ ਹਨ।
ਡਿੰਪੀ ਢਿੱਲੋਂ ਵੱਲੋਂ ‘ਆਪ’ ਦੇ ਸੋਹਲੇ ਗਾਉਣਾ ਨਿਰਾਸ਼ਾਜਨਕ: ਡਾ. ਚੀਮਾ
ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਡਿੰਪੀ ਢਿੱਲੋਂ ਵੱਲੋਂ ਟਿਕਟ ਦਾ ਬਹਾਨਾ ਬਣਾ ਕੇ ਪਾਰਟੀ ਤੋਂ ਵੱਖ ਹੋਣ ਦੀ ਗੱਲ ਨੂੰ ਪਾਰਟੀ ਸਿਧਾਂਤਾਂ ਤੋਂ ਥਿੜਕ ਕੇ ਆਮ ਆਦਮੀ ਪਾਰਟੀ ਦੇ ਸੋਹਲੇ ਗਾਉਣ ਦੇ ਫੈਸਲੇ ਨੂੰ ਨਿਰਾਸ਼ਾਜਨਕ ਕਰਾਰ ਦਿੱਤਾ। ਇਸ ਦੌਰਾਨ ਉਨ੍ਹਾਂ ਸਮੂਹ ਪਾਰਟੀਆਂ ਦੇ ਆਗੂਆਂ ਵੱਲੋਂ ਮਾਂ ਪਾਰਟੀਆਂ ਛੱਡ ਕੇ ਨਿੱਜੀ ਹਿੱਤਾਂ ਵਾਸਤੇ ਅਸੂਲਾਂ ਖ਼ਿਲਾਫ਼ ਨਿੱਤ ਦਿਨ ਪਾਰਟੀਆਂ ਬਦਲਣਾ ਲੋਕਾਂ ਅਤੇ ਲੋਕਤੰਤਰ ਦੇ ਨਾਲ ਕੋਝਾ ਮਜ਼ਾਕ ਗਰਦਾਨਿਆ। ਅੱਜ ਇੱਥੇ ਸ੍ਰੀ ਆਨੰਦਪੁਰ ਸਾਹਿਬ ਪ੍ਰੈੱਸ ਕਲੱਬ ਦੇ ਪ੍ਰਧਾਨ ਸੁਰਿੰਦਰ ਸਿੰਘ ਸੋਨੀ ਪੁੱਤਰ ਦੇ ਵਿਆਹ ਸਮਾਗਮ ਦੌਰਾਨ ਵਿਸ਼ੇਸ਼ ਤੌਰ ’ਤੇ ਪਹੁੰਚੇ ਡਾ. ਦਲਜੀਤ ਸਿੰਘ ਚੀਮਾ ਨੇ ਇਹ ਐਲਾਨ ਕੀਤਾ ਕਿ ਪਾਰਟੀ ਦੀ ਕੋਰ ਕਮੇਟੀ ਦੇ ਹੋਏ ਫੈਸਲੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਭਵਿੱਖ ਦੀ ਰਣਨੀਤੀ ਬਣਾਉਣ ਵਾਸਤੇ ਤਿੰਨ ਦਿਨਾਂ ਜਨਰਲ ਡੈਲੀਗੇਟ ਸੈਸ਼ਨ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ’ਤੇ ਨਵੰਬਰ ਮਹੀਨੇ ਵਿੱਚ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਸਣੇ, ਹੋਰਨਾਂ ਰਾਜਾਂ ਅਤੇ ਵਿਦੇਸ਼ਾਂ ਤੋਂ ਪਾਰਟੀ ਦੇ ਡੈਲੀਗੇਟ ਉਚੇਚੇ ਤੌਰ ’ਤੇ ਪਹੁੰਚ ਰਹੇ ਹਨ।