ਕਿਸਾਨਾਂ ਵੱਲੋਂ ਥਾਣਾ ਸਦਰ ਬਾਲੀਆਂ ਦਾ ਘਿਰਾਓ
ਗੁਰਦੀਪ ਸਿੰਘ ਲਾਲੀ
ਸੰਗਰੂਰ, 28 ਨਵੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਨੇ ਅੱਜ ਪੁਲੀਸ ਥਾਣਾ ਸਦਰ ਬਾਲੀਆਂ ਦਾ ਘਿਰਾਓ ਕਰਕੇ ਰੋਸ ਧਰਨਾ ਦਿੱਤਾ ਅਤੇ ਪੁਲੀਸ ਦੀ ਕਾਰਗੁਜ਼ਾਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨਾਕਾਰੀ ਲੰਘੇ ਕੱਲ੍ਹ ਪਿੰਡ ਗੰਗਾ ਸਿੰਘ ਵਾਲਾ ’ਚ ਇੱਕ ਕਿਸਾਨ ਦੀ ਜ਼ਮੀਨ ਦਾ ਵਾਰੰਟ ਕਬਜ਼ਾ ਰੋਕਣ ਜਾ ਰਹੇ ਕਿਸਾਨਾਂ ਦੀ ਗੱਡੀ ਦੇ ਟਾਇਰਾਂ ਦੀ ਹਵਾ ਕੱਢਣ ਤੇ ਕਥਿਤ ਭੰਨ੍ਹਤੋੜ ਕਰਨ ਵਾਲੇ ਵਿਰੋਧੀ ਧਿਰ ਦੇ ਬੰਦਿਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕਰ ਰਹੇ ਸਨ। ਜਾਣਕਾਰੀ ਅਨੁਸਾਰ ਭਾਕਿਯੂ ਏਕਤਾ ਉਗਰਾਹਾਂ ਦੇ ਬਲਾਕ ਸੰਗਰੂਰ ਅਤੇ ਭਵਾਨੀਗੜ੍ਹ ਦੀ ਅਗਵਾਈ ਹੇਠ ਥਾਣੇ ਦੇ ਕੀਤੇ ਘਿਰਾਓ ਦੀ ਅਗਵਾਈ ਬਲਾਕ ਸੰਗਰੂਰ ਦੇ ਪ੍ਰਧਾਨ ਰਣਜੀਤ ਸਿੰਘ ਲੌਂਗੋਵਾਲ ਵਲੋਂ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਜਗਤਾਰ ਸਿੰਘ ਲੱਡੀ, ਹਰਪਾਲ ਸਿੰਘ ਸੇਰੋਂ, ਚਮਕੌਰ ਸਿੰਘ ਲੱਡੀ, ਗੁਰਦੀਪ ਸਿੰਘ ਕੰਮੋਮਾਜਰਾ, ਸਤਵਿੰਦਰ ਸਿੰਘ ਘਰਾਚੋਂ ਅਤੇ ਹਰਜੀਤ ਸਿੰਘ ਮਹਿਲਾਂ ਨੇ ਦੋਸ਼ ਲਾਇਆ ਕਿ ਲੰਘੇ ਕੱਲ੍ਹ ਪਿੰਡ ਗੰਗਾ ਸਿੰਘ ਵਾਲਾ ’ਚ ਇੱਕ ਗਰੀਬ ਕਿਸਾਨ ਦੀ ਜ਼ਮੀਨ ਦਾ ਵਾਰੰਟ ਕਬਜ਼ਾ ਸੀ। ਪ੍ਰਸ਼ਾਸ਼ਨਿਕ ਅਧਿਕਾਰੀ ਅਤੇ ਪੁਲੀਸ ਫੋਰਸ ਵੱਡੀ ਤਾਦਾਦ ’ਚ ਕਬਜ਼ਾ ਕਰਾਉਣ ਲਈ ਪੁੱਜੀ ਜਦੋਂ ਕਿ ਕਿਸਾਨ ਵਾਰੰਟ ਕਬਜ਼ੇ ਦਾ ਵਿਰੋਧ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਦੋਂ ਲੌਂਗੋਵਾਲ ਤੋਂ ਕਿਸਾਨ ਗੱਡੀ ਰਾਹੀਂ ਗੰਗਾ ਸਿੰਘ ਵਾਲਾ ਆ ਰਹੇ ਸੀ ਤਾਂ ਪੁਲੀਸ ਨੇ ਰੋਕ ਲਿਆ ਅਤੇ ਪੁਲੀਸ ਦੀ ਮੌਜੂਦਗੀ ਵਿਚ ਵਿਰੋਧੀ ਧਿਰ ਨੇ ਕਿਸਾਨਾਂ ਦੀਆਂ ਗੱਡੀਆਂ ਦੀ ਹਵਾ ਕੱਢ ਦਿੱਤੀ। ਉਨ੍ਹਾਂ ਮੰਗ ਕੀਤੀ ਕਿ ਹਵਾ ਕੱਢਣ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਜਾਵੇ। ਦੂਜੇ ਪਾਸੇ ਥਾਣਾ ਸਦਰ ਪੁੱਜੇ ਡੀਐੱਸਪੀ (ਆਰ) ਸੁਖਦੇਵ ਸਿੰਘ ਵਲੋਂ ਕਿਸਾਨਾਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਜਿਸ ਮਗਰੋਂ ਧਰਨਾ ਸਮਾਪਤ ਕਰ ਦਿੱਤਾ।