Sad News: ਬਰਾਤੀਆਂ ਵੱਲੋਂ ਲਾੜੇ ਤੋਂ ਵਾਰੇ ਪੈਸੇ ਚੁੱਕਦੇ ਸਮੇਂ ਬੱਚੇ ਦੀ ਕਰੰਟ ਲੱਗਣ ਨਾਲ ਮੌਤ
ਗੁਰਦੀਪ ਸਿੰਘ ਭੱਟੀ
ਟੋਹਾਣਾ, 8 ਮਾਰਚ
Sad News: ਪਿੰਡ ਤਾਜਪੁਰ ਵਿੱਚ ਵਿਆਹ ਸਮਾਗਮ ਦੀਆਂ ਰਸਮਾਂ ਵੇਲੇ ਬਰਾਤੀਆਂ ਵੱਲੋਂ ਸੁੱਟੇ/ਵਾਰੇ ਨੋਟ ਚੁੱਕਦੇ ਸਮੇਂ ਪਿੰਡ ਦੇ ਇਕ ਵਿਦਆਰਥੀ ਹਿਮਾਂਸ਼ੂ (14) ਦੀ ਕਰੰਟ ਲੱਗਣ ਕਾਰਨ ਮੌਤ ਹੋ ਜਾਣ ਕਾਰਨ ਵਿਆਹ ਵਾਲੇ ਘਰ ਵਿੱਚ ਮਾਤਮ ਛਾ ਗਿਆ।
ਮਿਲੀ ਜਾਣਕਾਰੀ ਮੁਤਾਬਿਕ ਜਦੋਂ ਨੋਟਾਂ ਦੀ ਮੁੱਠ ਭਰ ਕੇ ਲਾੜੇ ਉਤੋਂ ਸੁੱਟੀ ਗਈ ਤਾਂ ਕਾਫ਼ੀ ਨੋਟ ਗਲੀ ਦੇ ਇਕ ਮਕਾਨ ਦੀ ਛੱਤ ’ਤੇ ਜਾ ਡਿੱਗੇ। ਹਿਮਾਂਸ਼ੂ ਨੋਟ ਲੁੱਟਣ ਲਈ ਮਕਾਨ ਦੀ ਛੱਤ ’ਤੇ ਚਲਾ ਗਿਆ ਅਤੇ ਉਥੋਂ ਲੰਘਦੀਆਂ ਹਾਈ ਵੋਲਟੇਜ ਵਾਲੀਆਂ ਨੀਵੀਆਂ ਤਾਰਾਂ ਦੀ ਲਪੇਟ ਵਿੱਚ ਆਉਣ ਕਾਰਨ ਉਸ ਨੂੰ ਕਰੰਟ ਦਾ ਜ਼ੋਰਦਾਰ ਝਟਕਾ ਲੱਗਾ।
ਕਰੰਟ ਦਾ ਝੱਟਕਾ ਲਗਦੇ ਹੀ ਹਿਮਾਂਸ਼ੂ ਨੇ ਚੀਕਾਂ ਮਾਰੀਆਂ ਅਤੇ ਉਸਦੇ ਕੱਪੜਿਆਂ ਨੂੰ ਅਗ ਲਗ ਗਈ। ਇਸ ਦਰਦਨਾਕ ਹਾਦਸੇ ਵਿੱਚ ਬੱਚਾ ਤੜਫ਼ਦਾ ਰਿਹਾ ਤੇ ਵਾਰ-ਵਾਰ ਤਾਰਾਂ ਨਾਲ ਟਕਰਾਉਣ ਕਾਰਨ ਉਸ ਦਾ ਪੈਰ ਵੀ ਕੱਟਿਆ ਗਿਆ। ਦੱਸਿਆ ਜਾਂਦਾ ਹੈ ਕਿ ਹਿਮਾਂਸ਼ੂ ਅੱਠਵੀਂ ਜਮਾਤ ਦਾ ਵਿਦਆਰਥੀ ਸੀ ਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ।
ਦਰਦਨਾਕ ਹਾਦਸੇ ਤੋਂ ਬਾਅਦ ਬਿਜਲੀ ਵਿਭਾਗ ਤੇ ਪੁਲੀਸ ਦੀਆਂ ਟੀਮਾਂ ਪੁੱਜੀਆਂ ਤੇ ਪੋਸਟਮਾਰਟਮ ਤੋਂ ਬਾਅਦ ਬੱਚੇ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ।