ਅਕਾਲੀ ਭਾਜਪਾ ਆਗੂਆਂ ਨੂੰ ਡੱਕਣ ਲਈ ਲਾਮਬੰਦੀ ਸ਼ੁਰੂ
ਅੰਮ੍ਰਿਤਪਾਲ ਸਿੰਘ ਧਾਲੀਵਾਲ
ਰੂੜੇੇਕੇ ਕਲਾਂ, 20 ਅਗਸਤ
ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਆਰਡੀਨੈਂਸਾਂ ਤੋਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵਿੱਚ ਰੋਸ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿੰਡਾਂ ਵਿਚ ਅਕਾਲੀ ਭਾਜਪਾ ਆਗੂਆ ਦੇ ਦਾਖਲੇ ਨੂੰ ਬਰੇਕਾਂ ਲਾਉਣ ਦੀ ਤਿਆਰੀ ਖਿੱਚ ਲਈ ਗਈ ਹੈ। ਇਸ ਲਈ ਔਰਤਾਂ ਨੂੰ ਲਾਮਬੰਦ ਕਰਨ ਲਈ ਨੇੜਲੇ ਪਿੰਡ ਧੌਲਾ ਵਿੱਚ ਮੀਟਿੰਗ ਕੀਤੀ ਗਈ। ਇਸ ਮੌਕੇ ਕਮਲਜੀਤ ਕੌਰ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜੋ ਤਿੰਨ ਨਵੇਂ ਆਰਡੀਨੈਂਸ ਤੇ ਬਿਜਲੀ ਸੋਧ ਬਿਲ 2020 ਲਾਗੂ ਕੀਤਾ ਜਾ ਰਿਹਾ ਹੈ ਉਸ ਦੇ ਵਿਰੋਧ ਵਿਚ ਜਥੇਬੰਦੀ ਵੱਲੋਂ 25 ਤੋਂ 29 ਅਗਸਤ ਤੱਕ ਮੌਰਚਾ ਲਾਇਆ ਜਾ ਰਿਹਾ ਹੈ ਜਿਸ ਵਿਚ ਔਰਤਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਜਥੇਬੰਦੀ ਵੱਲੋਂ ਪਿੰਡਾਂ ਵਿਚ ਜਾ ਕੇ ਔਰਤਾਂ ਨੂੰ ਸੰਘਰਸ਼ ਲਈ ਲਾਮਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੇ ਭਾਜਪਾ ਤੇ ਅਕਾਲੀ ਆਗੂਆਂ ਦੇ ਪਿੰਡਾਂ ਵਿਚ ਦਾਖਲੇ ’ਤੇ ਰੋਕ ਲਗਾਈ ਜਾ ਰਹੀ ਹੈ। ਇਸ ਮੌਕੇ ਬਲਜਿੰਦਰ ਧੌਲਾ, ਰੂਪ ਸਿੰਘ ਧੌਲਾ ,ਗੁਰਦੇਵ ਕੌਰ ਅਤੇ ਵੀਰਾਂ ਕੌਰ ਨੇ ਵੀ ਸੰਬੋਧਨ ਕੀਤਾ।
ਕਿਸਾਨ ਜਥੇਬੰਦੀਆਂ ਵੱਲੋਂ ਪਿੰਡਾਂ ਦੇ ਨੌਜਵਾਨਾਂ ਨਾਲ ਨੁੱਕੜ ਮੀਟਿੰਗਾਂ
ਟੱਲੇਵਾਲ (ਲਖਵੀਰ ਸਿੰਘ ਚੀਮਾ): ਖੇਤੀ ਆਰਡੀਨੈਂਸਾਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਆਪਣੇ ਅਗਲੇ ਸੰਘਰਸ਼ ਤਹਿਤ 25 ਤੋਂ 29 ਅਗਸਤ ਤੱਕ ਪਿੰਡਾਂ ’ਚ ਅਕਾਲੀ-ਭਾਜਪਾ ਦੇ ਲੀਡਰਾਂ ਦੇ ਘਿਰਾਉ ਦਾ ਐਲਾਨ ਕੀਤਾ ਗਿਆ ਹੈ। ਇਸ ਤਹਿਤ ਜੱਥੇਬੰਦੀ ਵਲੋਂ ਪਿੰਡਾਂ ’ਚ ਇਸ ਸਬੰਧੀ ਕਿਸਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਜੱਥੇਬੰਦੀ ਵਲੋਂ ਪਿੰਡਾਂ ਦੇ ਨੌਜਵਾਨਾਂ ਅਤੇ ਯੂਥ ਕਲੱਬਾਂ ਨਾਲ ਵੀ ਰਾਬਤਾ ਸ਼ੁਰੂ ਕੀਤਾ ਗਿਆ ਹੈ। ਜਿਸ ਤਹਿਤ ਪਿੰਡ ਚੀਮਾ ਦੇ ਨੌਜਵਾਨਾਂ ਨਾਲ ਪਾਰਕ ਵਿੱਚ ਮੀਟਿੰਗ ਕੀਤੀ ਗਈ। ਇਸ ਮੀਟਿੰਗ ਨੂੰ ਸੰਬੋਧਨ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਜ਼ਿਲਾ ਆਗੂ ਸੰਦੀਪ ਸਿੰਘ ਚੀਮਾ, ਬਲਾਕ ਪ੍ਰਧਾਨ ਸੁਖਦੇਵ ਸਿੰਘ ਭੋਤਨਾ ਅਤੇ ਦਰਸ਼ਨ ਸਿੰਘ ਚੀਮਾ ਨੇ ਸੰਬੋਧਨ ਕੀਤਾ। ਇਸ ਮੌਕੇ ਨੌਜਵਾਨਾਂ ਨੇ ਹੱਥ ਖੜ੍ਹੇ ਕਰਕੇ ਕਿਸਾਨ ਜੱਥੇਬੰਦੀ ਨੂੰ ਹਰ ਸੰਘਰਸ਼ ’ਚ ਸਾਥ ਦੇਣ ਦਾ ਭਰੋਸਾ ਦਵਾਇਆ। ਇਸ ਮੌਕੇ ਰਾਜਵਿੰਦਰ ਸਿੰਘ ਇਕਾਈ ਪ੍ਰਧਾਨ, ਜਗਤਾਰ ਸਿੰਘ ਥਿੰਦ, ਕਰਨੈਲ ਸਿੰਘ ਹਾਜ਼ਰ ਸਨ।