ਕਿਸਾਨਾਂ ਦੀ ਕੁਰਬਾਨੀ ਅਜਾਈਂ ਨਹੀਂ ਜਾਵੇਗੀ: ਹੁੱਡਾ
ਸਤਪਾਲ ਰਾਮਗੜ੍ਹੀਆ/ਰਾਮ ਕੁਮਾਰ ਮਿੱਤਲ
ਪਿਹੋਵਾ/ਗੂਹਲਾ ਚੀਕਾ, 28 ਸਤੰਬਰ
ਇਥੇ ਅੱਜ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਅਨਾਜ ਮੰਡੀ ਵਿੱਚ ਕਾਂਗਰਸ ਦੀ ਪਰਿਵਰਤਨ ਰੈਲੀ ਰਾਹੀਂ ਕਾਂਗਰਸੀ ਉਮੀਦਵਾਰ ਮਨਦੀਪ ਸਿੰਘ ਚੱਠਾ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਸਮੇਂ ਪੂਰੇ ਦੇਸ਼ ਦੀਆਂ ਨਜ਼ਰਾਂ ਹਰਿਆਣਾ ’ਤੇ ਹਨ। ਹਰਿਆਣਾ ਜੋ ਵੀ ਫੈਸਲਾ ਲੈਂਦਾ ਹੈ, ਓਹੀ ਦੇਸ਼ ਦਾ ਅਗਲਾ ਫੈਸਲਾ ਹੁੰਦਾ ਹੈ। ਇਸ ਦੌਰਾਨ ਉਨ੍ਹਾਂ ਸੂਬੇ ਵਿੱਚ ਬਹੁਮਤ ਨਾਲ ਕਾਂਗਰਸ ਦੀ ਸਰਕਾਰ ਬਣਾਉਣ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਕਈ ਕਿਸਾਨਾਂ ਨੇ ਅੰਦੋਲਨ ਦੌਰਾਨ ਸਰਕਾਰ ਦੀਆਂ ਡਾਂਗਾਂ ਖਾਧੀਆਂ, ਕਈਆਂ ਨੇ ਆਪਣੀ ਸ਼ਹੀਦੀ ਦਿੱਤੀ। ਇਸ ਕਾਰਨ ਕੇਂਦਰ ਸਰਕਾਰ ਨੂੰ ਤਿੰਨ ਨਵੇਂ ਖੇਤੀ ਕਾਨੂੰਨ ਵਾਪਸ ਲੈਣੇ ਪਏ। ਉਨ੍ਹਾਂ ਦੀ ਕੁਰਬਾਨੀ ਵਿਅਰਥ ਨਹੀਂ ਜਾਵੇਗੀ। ਜੇ ਸਰਕਾਰ ਬਣੀ ਤਾਂ ਖੇਤੀ ਸੈਕਟਰ ਨੂੰ ਮਜ਼ਬੂਤ ਅਤੇ ਮੁਨਾਫੇ ਵਾਲਾ ਬਣਾਉਣ ਲਈ ਕੰਮ ਕੀਤਾ ਜਾਵੇਗਾ। ਇਸ ਦੌਰਾਨ ਹੁੱਡਾ ਨੇ ਅੱਜ ਕਲਾਇਤ ਦੇ ਜਾਖੌਲੀ ਵਿੱਚ ਕਾਂਗਰਸੀ ਉਮੀਦਵਾਰ ਵਿਕਾਸ ਸਹਾਰਣ ਲਈ ਵੋਟਾਂ ਮੰਗੀਆਂ।
ਮੂਸੇਵਾਲਾ ਦੇ ਪਿਤਾ ਨੇ ਕਾਨੂੰਨ ਵਿਵਸਥਾ ਸੁਧਾਰਨ ਦੀ ਮੰਗ ਕੀਤੀ
ਰੈਲੀ ਵਿੱਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਮੰਗ ਸਿਰਫ਼ ਕਾਨੂੰਨ ਵਿਵਸਥਾ ਸੁਧਾਰਨ ਦੀ ਹੈ। ਇਸ ਪ੍ਰਬੰਧ ਕਰਕੇ ਉਸ ਦਾ ਪੁੱਤਰ, ਜੋ ਦੁਨੀਆਂ ਭਰ ਵਿੱਚ ਮਸ਼ਹੂਰ ਸੀ, ਚਲਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸੁਨੇਹਾ ਮਿਲਿਆ ਸੀ ਕਿ ਕਾਂਗਰਸ ਨੇ ਸਿੱਖ ਸੀਟ ’ਤੇ ਚੋਣ ਪ੍ਰਚਾਰ ਕਰਨਾ ਹੈ ਪਰ ਉਹ ਇਸ ਮੰਚ ਤੋਂ ਕਹਿੰਦਾ ਹੈ ਕਿ ਉਸ ਦੇ ਪੁੱਤਰ ਦੇ ਪ੍ਰਸ਼ੰਸਕ ਕੇਵਲ ਸਿੱਖ ਹੀ ਨਹੀਂ, ਸਗੋਂ ਹਿੰਦੂ, ਮੁਸਲਮਾਨ ਅਤੇ ਹਰ ਵਰਗ ਤੇ ਧਰਮ ਦੇ ਲੋਕ ਹਨ।
ਭਾਜਪਾ ਦੀ ਹਕੂਮਤ ਹੇਠ ਹਰਿਆਣਾ ‘ਪਰਵਾਸੀ ਰਾਜ’ ਬਣਿਆ: ਹੁੱਡਾ
ਯਮੁਨਾਨਗਰ (ਦਵਿੰਦਰ ਸਿੰਘ): ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਹਰਿਆਣਾ ਨੂੰ ‘ਪਰਵਾਸੀ ਰਾਜ’ ਬਣਾ ਦਿੱਤਾ ਹੈ। ਇੱਥੋਂ ਅੱਜ-ਕੱਲ੍ਹ ਕੰਪਨੀਆਂ ਅਤੇ ਕਾਰੋਬਾਰੀ ਅਪਰਾਧ ਦੇ ਡਰੋਂ ਹਰਿਆਣਾ ਤੋਂ ਪਲਾਇਨ ਕਰ ਰਹੇ ਹਨ ਅਤੇ ਨੌਜਵਾਨ ਵੀ ਰੁਜ਼ਗਾਰ ਦੀ ਘਾਟ ਕਾਰਨ ਦੂਜੇ ਰਾਜਾਂ ਅਤੇ ਵਿਦੇਸ਼ਾਂ ਨੂੰ ਪਲਾਇਨ ਕਰ ਰਹੇ ਹਨ, ਭਾਅ ਨਾ ਮਿਲਣ ਕਾਰਨ ਕਿਸਾਨ ਖੇਤੀ ਛੱਡ ਰਹੇ ਹਨ, ਅਗਨੀਵੀਰ ਯੋਜਨਾ ਤੋਂ ਨਾਖੁਸ਼ ਨੌਜਵਾਨ ਸਟੇਡੀਅਮ ਛੱਡ ਕੇ ਭੱਜ ਗਏ ਹਨ ਅਤੇ ਹਰਿਆਣਾ ਵਿੱਚ ਨੌਕਰੀਆਂ ਲਈ ਦੂਜੇ ਰਾਜਾਂ ਵਿੱਚ ਜਾ ਰਹੇ ਹਨ। ਹੁੱਡਾ ਅੱਜ ਰਾਦੌਰ ਦੇ ਮਹਾਰਾਣਾ ਪ੍ਰਤਾਪ ਸਟੇਡੀਅਮ ਵਿੱਚ ਚੋਣ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਾਂਗਰਸੀ ਉਮੀਦਵਾਰ ਬਿਸ਼ਨ ਲਾਲ ਸੈਣੀ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਸਾਬਕਾ ਮੰਤਰੀ ਕਰਨਦੇਵ ਕੰਬੋਜ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਭਾਜਪਾ ਦੇ ਸ਼ਹਿਰੀ ਪ੍ਰਧਾਨ ਸਤੀਸ਼ ਚੌਧਰੀ, ਰਾਦੌਰ ਭਾਜਪਾ ਦੇ ਮੀਤ ਪ੍ਰਧਾਨ ਦੀਪਕ ਮਹਿਤਾ, ਮਾਰਕੀਟ ਸੁਸਾਇਟੀ ਦੇ ਉਪ ਚੇਅਰਮੈਨ ਸੰਦੀਪ ਸਿੰਘ, ਸਰਪੰਚ ਐਸੋਸੀਏਸ਼ਨ ਦੇ ਪ੍ਰਧਾਨ ਮੰਗੇਰਾਮ ਅਤੇ ਭਾਜਪਾ ਮੰਡਲ ਪ੍ਰਧਾਨ ਰਾਣੀ ਸੈਣੀ ਸਣੇ ਕਈ ਆਗੂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ।