ਪੰਜਾਬ ਪੁਲੀਸ ਦਾ ਬਰਤਰਫ਼ ਇੰਸਪੈਕਟਰ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗ੍ਰਿਫ਼ਤਾਰ
ਜਲੰਧਰ (ਦੀਪਕਮਲ ਕੌਰ):
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਪੁਲੀਸ ਦੇ ਬਰਤਰਫ਼ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਮਨੀ ਲਾਂਡਰਿੰਗ ਰੋਕੂ ਐਕਟ (ਪੀਐੱਮਐੱਲਏ) ਤਹਿਤ ਗ੍ਰਿਫ਼੍ਰਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਭਾਵੇਂ ਬੀਤੀ 24 ਅਕਤੂਬਰ ਨੂੰ ਕੀਤੀ ਗਈ ਸੀ ਪਰ ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਅੱਜ ਸਾਂਝੀ ਕੀਤੀ ਹੈ। ਜਾਣਕਾਰੀ ਮੁਤਾਬਕ ਮੁਹਾਲੀ ਸਥਿਤ ਵਿਸ਼ੇਸ਼ ਪੀਐੱਮਐੱਲਏ ਅਦਾਲਤ ਨੇ ਇੰਦਰਜੀਤ ਦਾ ਉਸੇ ਦਿਨ ਈਡੀ ਨੂੰ ਰਿਮਾਂਡ ਦਿੰਦਿਆਂ 14 ਦਿਨ ਦੀ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਸੀ। ਈਡੀ ਨੇ ਇੰਦਰਜੀਤ ਸਿੰਘ ਖ਼ਿਲਾਫ਼ ਪੰਜਾਬ ਪੁਲੀਸ ਵੱਲੋਂ ਐੱਨਡੀਪੀਐੱਸ ਐਕਟ, ਭ੍ਰਿਸ਼ਟਾਚਾਰ ਰੋਕੂ ਐਕਟ ਅਤੇ ਅਸਲਾ ਐਕਟ 1959 ਦੀਆਂ ਵੱਖੋ-ਵੱਖ ਧਾਰਾਵਾਂ ਤਹਿਤ ਦਰਜ ਕੀਤੇ ਗਏ ਕੇਸ ਦੇ ਆਧਾਰ ਉਤੇ ਉਸ ਖ਼ਿਲਾਫ਼ ਜਾਂਚ ਸ਼ੁਰੂ ਕੀਤੀ ਸੀ। ਇੰਦਰਜੀਤ ਸਿੰਘ ਬੜਾ ਲੰਬਾ ਸਮਾਂ ਜਲੰਧਰ ਤੇ ਕਪੂਰਥਲਾ ਦੇ ਸੀਆਈਏ ਥਾਣਿਆਂ ਵਿੱਚ ਤਾਇਨਾਤ ਰਿਹਾ ਹੈ। ਐੱਸਟੀਐੱਫ ਨੇ ਉਸ ਨੂੰ ਜੂਨ 2017 ਵਿਚ ਚਾਰ ਕਿਲੋ ਹੈਰੋਇਨ ਅਤੇ ਇੱਕ ਏਕੇ-47 ਰਾਈਫਲ ਬਰਾਮਦ ਹੋਣ ਮਗਰੋਂ ਗ੍ਰਿਫ਼ਤਾਰ ਕੀਤਾ ਸੀ। ਈਡੀ ਦੀ ਜਾਂਚ ਵਿੱਚ ਹੁਣ ਤੱਕ ਸਾਹਮਣੇ ਆਇਆ ਹੈ ਕਿ ਮੁਲਜ਼ਮ ਕਈ ਤਰ੍ਹਾਂ ਦੀਆਂ ਨਾਪਾਕ ਤੇ ਗ਼ੈਰਕਾਨੂੰਨੀ ਸਰਗਰਮੀਆਂ ਵਿਚ ਸ਼ਾਮਲ ਸੀ ਤੇ ਨਸ਼ਾ ਤਸਕਰਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਂਦਾ ਸੀ।