ਐੱਨਐੱਫਐੱਲ ਮੈਚ ਦੌਰਾਨ ਸਚਿਨ ਦਾ ਸਨਮਾਨ
ਹਿਊਸਟਨ, 14 ਅਕਤੂਬਰ
ਇੱਥੇ ਡਲਾਸ ਕਾਓਬੌਇਜ਼ ਦੇ ਐੱਨਐੱਫਐੱਲ ਮੈਚ ਦੌਰਾਨ ਟੀਮ ਦੇ ਮਾਲਕ ਜੈਰੀ ਜੋਨਸ ਨੇ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਦਸ ਨੰਬਰ ਦੀ ਜਰਸੀ ਭੇਟ ਕਰਕੇ ਸਨਮਾਨਿਤ ਕੀਤਾ। ਐੱਨਐੱਫਐੱਲ ਅਮਰੀਕੀ ਫੁਟਬਾਲ ਲੀਗ ਹੈ, ਜਿਸ ਵਿੱਚ ਕੁੱਲ 32 ਟੀਮਾਂ ਹਿੱਸਾ ਲੈਂਦੀਆਂ ਹਨ। ਤੇਂਦੁਲਕਰ ਨੈਸ਼ਨਲ ਕ੍ਰਿਕਟ ਲੀਗ (ਐੱਨਸੀਐੱਲ) ਰਾਹੀਂ ਅਮਰੀਕਾ ਵਿੱਚ ਕ੍ਰਿਕਟ ਦੀ ਵਧ ਰਹੀ ਪ੍ਰਸਿੱਧੀ ਵਿੱਚ ਯੋਗਦਾਨ ਪਾ ਰਹੇ ਹਨ।
ਐੱਨਸੀਐੱਲ ਦੇ ਸਹਿ-ਮਾਲਕ ਤੇਂਦੁਲਕਰ ਅਮਰੀਕਾ ਵਿੱਚ ਕ੍ਰਿਕਟ ਨੂੰ ਨਵੇਂ ਦਰਸ਼ਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਐੱਨਐੱਫਐੱਲ ਦੇ ਸਭ ਤੋਂ ਮਸ਼ਹੂਰ ਸਟੇਡੀਅਮਾਂ ’ਚੋਂ ਇੱਕ ਵਿੱਚ ਸਚਿਨ ਦਾ ਸਨਮਾਨ ਕ੍ਰਿਕਟ ਅਤੇ ਅਮਰੀਕੀ ਖੇਡਾਂ ਨੂੰ ਇੱਕ ਦੂਜੇ ਦੇ ਨੇੜੇ ਲਿਆਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਐੱਨਸੀਐੱਲ ਵਿੱਚ ਸ਼ਾਹਿਦ ਅਫਰੀਦੀ, ਸੁਰੇਸ਼ ਰੈਨਾ, ਸ਼ਾਕਿਬ ਅਲ ਹਸਨ ਅਤੇ ਕ੍ਰਿਸ ਲਿਨ ਵਰਗੇ ਖਿਡਾਰੀ ਜੁੜੇ ਹੋਏ ਹਨ। ਇਨ੍ਹਾਂ ਤੋਂ ਇਲਾਵਾ ਸੁਨੀਲ ਗਾਵਸਕਰ, ਵਸੀਮ ਅਕਰਮ, ਵਿਵੀਅਨ ਰਿਚਰਡਸ ਵਰਗੇ ਦਿੱਗਜ ਇਸ ਦੇ ਮੈਂਟਰ ਹਨ। -ਪੀਟੀਆਈ