ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੋਲਕਾਤਾ ਹਸਪਤਾਲ ’ਚ ਭੰਨ-ਤੋੜ ਪ੍ਰਸ਼ਾਸਨ ਦੀ ਨਾਕਾਮੀ: ਹਾਈ ਕੋਰਟ

07:02 AM Aug 17, 2024 IST
ਹਸਪਤਾਲ ਦੇ ਵਾਰਡ ’ਚ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਭੰਨ-ਤੋੜ। -ਫੋਟੋ: ਪੀਟੀਆਈ

ਕੋਲਕਾਤਾ, 16 ਅਗਸਤ
ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਹਿੰਸਾ ਅਤੇ ਭੰਨ-ਤੋੜ ਦੀ ਕਾਰਵਾਈ ਨੂੰ ਪ੍ਰਸ਼ਾਸਨ ਦੀ ਵੱਡੀ ਨਾਕਾਮੀ ਕਰਾਰ ਦਿੰਦਿਆਂ ਕਲਕੱਤਾ ਹਾਈ ਕੋਰਟ ਨੇ ਪੁਲੀਸ ਅਤੇ ਹਸਪਤਾਲ ਦੇ ਅਧਿਕਾਰੀਆਂ ਨੂੰ ਉਥੋਂ ਦੇ ਹਾਲਾਤ ਬਾਰੇ 21 ਅਗਸਤ ਨੂੰ ਹਲਫ਼ਨਾਮੇ ਦਾਖ਼ਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਦੋਂ ਪੱਛਮੀ ਬੰਗਾਲ ਸਰਕਾਰ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਭੀੜ ਵੀਰਵਾਰ ਤੜਕੇ ਹਸਪਤਾਲ ’ਚ ਅਚਾਨਕ ਇਕੱਠੀ ਹੋ ਗਈ ਸੀ ਤਾਂ ਚੀਫ਼ ਜਸਟਿਸ ਟੀਐੱਸ ਸ਼ਿਵਗਨਾਨਮ ਦੀ ਅਗਵਾਈ ਹੇਠਲੇ ਡਿਵੀਜ਼ਨ ਬੈਂਚ ਨੇ ਕਿਹਾ ਕਿ ਇਹ ਮੰਨਣਾ ਮੁਸ਼ਕਲ ਹੈ ਕਿ ਪੁਲੀਸ ਕੋਲ ਹਸਪਤਾਲ ’ਚ 7 ਹਜ਼ਾਰ ਲੋਕਾਂ ਦੇ ਇਕੱਠੇ ਹੋਣ ਦੀ ਕੋਈ ਖ਼ੁਫ਼ੀਆ ਜਾਣਕਾਰੀ ਨਹੀਂ ਸੀ। ਹਾਈ ਕੋਰਟ ਨੇ ਸੀਬੀਆਈ ਨੂੰ ਵੀ ਕਿਹਾ ਹੈ ਕਿ ਉਹ ਡਾਕਟਰ ਦੀ ਜਬਰ-ਜਨਾਹ ਮਗਰੋਂ ਹੱਤਿਆ ਮਾਮਲੇ ਦੀ ਅੰਤਰਿਮ ਜਾਂਚ ਰਿਪੋਰਟ ਸੌਂਪੇ।
ਮਹਿਲਾ ਡਾਕਟਰ ਦੀ ਹਸਪਤਾਲ ’ਚ ਜਿਥੋਂ ਲਾਸ਼ ਮਿਲੀ ਸੀ, ਉਥੋਂ ਦੀ ਇਕ ਮੰਜ਼ਿਲ ’ਤੇ ਉਸਾਰੀ ਦਾ ਕੰਮ ਚੱਲ ਰਹੇ ਹੋਣ ਦਾ ਜਦੋਂ ਪਤਾ ਲੱਗਾ ਤਾਂ ਚੀਫ਼ ਜਸਟਿਸ ਨੇ ਕਿਹਾ ਕਿ ਅਦਾਲਤ ਮੈਡੀਕਲ ਸੰਸਥਾ ਨੂੰ ਬੰਦ ਕਰਨ ਦੇ ਹੁਕਮ ਦੇ ਸਕਦੀ ਹੈ। ਬੈਂਚ ਨੇ ਪੁਲੀਸ ਅਤੇ ਹਸਪਤਾਲ ਪ੍ਰਸ਼ਾਸਕ ਨੂੰ ਕਿਹਾ ਕਿ ਉਹ ਉਥੋਂ ਦੇ ਅਸਲ ਹਾਲਾਤ ਦੀ ਜਾਣਕਾਰੀ ਦਿੰਦਿਆਂ ਵੱਖੋ ਵੱਖਰੇ ਹਲਫ਼ਨਾਮੇ ਦਾਖ਼ਲ ਕਰਨ। ਅਦਾਲਤ ਨੇ ਕਿਹਾ ਕਿ ਪੁਲੀਸ ਹਸਪਤਾਲ ’ਚ ਭੰਨ-ਤੋੜ ਦੇ ਕਾਰਨਾਂ ਸਬੰਧੀ ਪੂਰਾ ਰਿਕਾਰਡ ਪੇਸ਼ ਕਰੇ। ਜ਼ਿਕਰਯੋਗ ਹੈ ਕਿ ਲੋਕਾਂ ਦੀ ਭੀੜ ਨੇ ਹਸਪਤਾਲ ਅੰਦਰ ਦਾਖ਼ਲ ਹੁੰਦਿਆਂ ਸਾਰ ਸੀਸੀਟੀਵੀ ਕੈਮਰੇ ਤੋੜ ਦਿੱਤੇ ਅਤੇ ਐਮਰਜੈਂਸੀ, ਨਰਸਿੰਗ ਸਟੇਸ਼ਨ ਤੇ ਮੈਡੀਸਿਨ ਸਟੋਰ ’ਚ ਭੰਨ-ਤੋੜ ਕੀਤੀ ਸੀ। ਭੀੜ ਨੇ ਜੂਨੀਅਰ ਡਾਕਟਰਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਵਾਲੀ ਸਟੇਜ ਵੀ ਉਖਾੜ ਦਿੱਤੀ ਸੀ।
ਹਾਈ ਕੋਰਟ ਨੇ ਕਿਹਾ ਕਿ ਹਸਪਤਾਲ ’ਚ 15 ਅਗਸਤ ਨੂੰ ਭੰਨ-ਤੋੜ ਅਤੇ ਹਿੰਸਾ ਦੀ ਘਟਨਾ ਨਾਲ ਪ੍ਰਦਰਸ਼ਨ ਕਰ ਰਹੇ ਡਾਕਟਰਾਂ ਦੇ ਦਿਲੋ-ਦਿਮਾਗ ’ਤੇ ਵੀ ਅਸਰ ਪਵੇਗਾ ਜਿਨ੍ਹਾਂ ਨੂੰ 13 ਅਗਸਤ ਨੂੰ ਬੈਂਚ ਨੇ ਕੰਮ ’ਤੇ ਪਰਤਣ ਬਾਰੇ ਵਿਚਾਰ ਕਰਨ ਲਈ ਕਿਹਾ ਸੀ। ਅਦਾਲਤ ਨੇ ਕਿਹਾ ਕਿ ਹਸਪਤਾਲ ’ਚ ਕੰਮ ਕਰਦੇ ਡਾਕਟਰਾਂ ਨੂੰ ਢੁੱਕਵੀਂ ਸੁਰੱਖਿਆ ਦੇਣੀ ਪਵੇਗੀ, ਨਹੀਂ ਤਾਂ ਉਹ ਆਪਣਾ ਫ਼ਰਜ਼ ਨਹੀਂ ਨਿਭਾ ਸਕਣਗੇ। ਸੀਬੀਆਈ ਵੱਲੋਂ ਪੇਸ਼ ਹੋਏ ਵਧੀਕ ਸੌਲੀਸਿਟਰ ਜਨਰਲ ਨੇ ਕਿਹਾ ਕਿ ਜਬਰ-ਜਨਾਹ ਅਤੇ ਹੱਤਿਆ ਮਾਮਲੇ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਟੀਮ ਠੀਕ ਦਿਸ਼ਾ ’ਚ ਅੱਗੇ ਵਧ ਰਹੀ ਹੈ। ਉਨ੍ਹਾਂ ਸੀਬੀਆਈ ਵੱਲੋਂ ਦਰਜ ਐੱਫਆਈਆਰ ਦੀ ਕਾਪੀ ਵੀ ਪੇਸ਼ ਕੀਤੀ। ਬੈਂਚ ਨੇ ਹੈਰਾਨੀ ਜਤਾਈ ਕਿ ਜੇ ਹਿੰਸਾ ਦੀ ਘਟਨਾ ਪੱਛਮੀ ਬੰਗਾਲ ਦੇ ਕਿਸੇ ਹੋਰ ਅਦਾਰੇ ’ਚ ਹੁੰਦੀ ਤਾਂ ਕੀ ਹੋਵੇਗਾ। ‘ਜੇ ਪੁਲੀਸ ਹੀ ਜ਼ਖ਼ਮੀ ਹੈ ਅਤੇ ਭੀੜ ਕਾਬੂ ਕਰਨ ਦੇ ਅਸਮਰੱਥ ਹੈ ਤਾਂ ਫਿਰ ਅਮਨ-ਕਾਨੂੰਨ ਦੀ ਹਾਲਤ ਨਾਕਾਮ ਹੋ ਗਈ ਹੈ।’ ਵਿਰੋਧੀ ਧਿਰ ਦੇ ਆਗੂ ਸੁਵੇਂਦੂ ਅਧਿਕਾਰੀ ਦੇ ਵਕੀਲ ਨੇ ਦਾਅਵਾ ਕੀਤਾ ਕਿ ਹਸਪਤਾਲ ’ਚ ਹਮਲਾ ਸੋਚੀ-ਸਮਝੀ ਸਾਜ਼ਿਸ਼ ਸੀ ਅਤੇ ਲੋਕ ਗੱਡੀਆਂ ’ਚ ਲਿਆਂਦੇ ਗਏ ਸਨ ਤਾਂ ਜੋ ਜੁਰਮ ਵਾਲੀ ਥਾਂ ’ਤੇ ਸਬੂਤਾਂ ਨੂੰ ਨਸ਼ਟ ਕੀਤਾ ਜਾ ਸਕੇ। ਅਦਾਲਤ ਨੇ ਕਿਹਾ ਕਿ ਹਸਪਤਾਲ ’ਚ ਭੰਨ-ਤੋੜ ਦੇ ਕਾਰਨ ਜਾਨਣ ਦੀ ਲੋੜ ਹੈ ਕਿਉਂਕਿ 35 ਜਾਂ 70 ਲੋਕਾਂ ਅਤੇ 7 ਹਜ਼ਾਰ ਦੀ ਭੀੜ ’ਚ ਬਹੁਤ ਜ਼ਿਆਦਾ ਫ਼ਰਕ ਹੁੰਦਾ ਹੈ। ਪੀੜਤਾ ਦੇ ਮਾਪਿਆਂ ਵੱਲੋਂ ਪੇਸ਼ ਵਕੀਲ ਵਿਕਾਸ ਰੰਜਨ ਭੱਟਾਚਾਰਿਆ ਨੇ ਦਾਅਵਾ ਕੀਤਾ ਕਿ ਹਸਪਤਾਲ ’ਚ ਭੰਨ-ਤੋੜ ਕਰਨ ਵਾਲਿਆਂ ’ਚ ਸਿਰਫ਼ 40 ਤੋਂ 80 ਸ਼ਰਾਰਤੀ ਅਨਸਰ ਹੀ ਸ਼ਾਮਲ ਸਨ। ਅਦਾਲਤ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲਗਦਾ ਕਿ ਅਜਿਹੀ ਘਟਨਾ ਦੇਸ਼ ਦੇ ਕਿਸੇ ਹੋਰ ਹਿੱਸੇ ’ਚ ਵਾਪਰੀ ਹੋਵੇਗੀ। ਬੈਂਚ ਨੇ ਪੀੜਤਾ ਦੇ ਜਾਣਕਾਰਾਂ ਅਤੇ ਮੀਡੀਆ ਨੂੰ ਤਾਕੀਦ ਕੀਤੀ ਕਿ ਉਹ ਪੀੜਤਾ ਦੀ ਤਸਵੀਰ, ਉਸ ਦਾ ਨਾਮ ਅਤੇ ਹੋਰ ਪਛਾਣ ਨਸ਼ਰ ਨਾ ਕਰਨ। ਇਸ ਦੌਰਾਨ ਕੋਲਕਾਤਾ ਪੁਲੀਸ ਕਮਿਸ਼ਨਰ ਵਿਨੀਤ ਗੋਇਲ ਨੇ ਕਿਹਾ ਕਿ ਜਾਂਚ ਪਾਰਦਰਸ਼ੀ ਢੰਗ ਨਾਲ ਕਰਵਾਈ ਜਾ ਰਹੀ ਸੀ ਅਤੇ ਉਹ ਕਿਸੇ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ ਹਨ। -ਪੀਟੀਆਈ

Advertisement

ਮਮਤਾ ਵੱਲੋਂ ਕੋਲਕਾਤਾ ’ਚ ਪ੍ਰਦਰਸ਼ਨ, ਭਾਜਪਾ ਨੇ ਸਰਕਾਰ ਖ਼ਿਲਾਫ਼ ਦਿੱਤੇ ਧਰਨੇ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਰੋਸ ਰੈਲੀ ਕਰਦੇ ਹੋਏ। -ਫੋਟੋ: ਪੀਟੀਆਈ

ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮਹਿਲਾ ਡਾਕਟਰ ਲਈ ਇਨਸਾਫ਼ ਦੀ ਮੰਗ ਕਰਦਿਆਂ ਅੱਜ ਇਥੇ ਮੌਲਾਲੀ ਤੋਂ ਡੋਰੀਨਾ ਕਰਾਸਿੰਗ ਤੱਕ ਰੋਸ ਰੈਲੀ ’ਚ ਹਿੱਸਾ ਲਿਆ। ਟੀਐੱਮਸੀ ਕਾਰਕੁਨਾਂ ਨੇ ਮੁਲਜ਼ਮ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਮੁੱਖ ਮੰਤਰੀ ਪਹਿਲਾਂ ਹੀ ਮੁਲਜ਼ਮ ਨੂੰ ਫਾਹੇ ਟੰਗਣ ਦੀ ਮੰਗ ਕਰ ਚੁੱਕੀ ਹੈ। ਉਧਰ ਭਾਜਪਾ ਨੇ ਵੀ ਅੱਜ ਸੂਬੇ ਭਰ ’ਚ ਰੈਲੀਆਂ ਅਤੇ ਧਰਨੇ ਦੇ ਕੇ ਮੁੱਖ ਮੰਤਰੀ ਦੇ ਅਸਤੀਫ਼ੇ ਦੀ ਮੰਗ ਕੀਤੀ। ਭਾਜਪਾ ਆਗੂ ਦਿਲੀਪ ਘੋਸ਼ ਨੇ ਸੂਬੇ ਦੇ ਹਾਲਾਤ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਨਾਲੋਂ ਮਾੜੇ ਹੋਣ ਦਾ ਦਾਅਵਾ ਕਰਦਿਆਂ ਪ੍ਰਸ਼ਾਸਨ ’ਤੇ ਦੋਸ਼ ਲਾਇਆ ਕਿ ਉਹ ਨਾਕਾਮ ਰਿਹਾ ਹੈ। ਪਾਰਟੀ ਨੇ ਦੋਸ਼ ਲਾਇਆ ਪੁਲੀਸ ਨੇ ਉਨ੍ਹਾਂ ਨੂੰ ਸ਼ਿਆਮ ਬਾਜ਼ਾਰ ਕਰਾਸਿੰਗ ’ਤੇ ਰੈਲੀ ਕਰਨ ਤੋਂ ਰੋਕਿਆ ਅਤੇ ਕਈ ਵਰਕਰਾਂ ਨੂੰ ਹਿਰਾਸਤ ’ਚ ਲੈ ਲਿਆ। ਇਸ ਮੌਕੇ ਭਾਜਪਾ ਵਿਧਾਇਕ ਅਗਨੀਮਿਤਰਾ ਪੌਲ ਅਤੇ ਰੁਦਰਾਨੀਲ ਘੋਸ਼ ਵੀ ਸ਼ਿਆਮ ਬਾਜ਼ਾਰ ’ਚ ਮੌਜੂਦ ਸਨ। ਪੌਲ ਨੇ ਕਿਹਾ ਕਿ ਸੂਬੇ ਦੇ ਲੋਕ ਮਮਤਾ ਬੈਨਰਜੀ ਸਰਕਾਰ ਨੂੰ ਲਾਂਭੇ ਕਰ ਦੇਣਗੇ। ਭਾਜਪਾ ਪ੍ਰਦੇਸ਼ ਪ੍ਰਧਾਨ ਸੁਕਾਂਤ ਮਜੂਮਦਾਰ ਨੇ ਵੀ ਧਰਨੇ ’ਚ ਸ਼ਮੂਲੀਅਤ ਕੀਤੀ। ਪਾਰਟੀ ਵਰਕਰਾਂ ਵੱਲੋਂ ਸਿਲੀਗੁੜੀ, ਜਲਪਾਈਗੁੜੀ, ਮਾਲਦਾ, ਦਮ ਦਮ-ਨਾਗੇਰ ਬਾਜ਼ਾਰ ਅਤੇ ਹੋਰ ਥਾਵਾਂ ’ਤੇ ਵੀ ਧਰਨਾ ਦਿੱਤਾ ਗਿਆ। -ਪੀਟੀਆਈ

ਸਬੂਤਾਂ ਨਾਲ ਛੇੜਖਾਨੀ ਹੋਈ: ਮਹਿਲਾ ਕਮਿਸ਼ਨ

ਨਵੀਂ ਦਿੱਲੀ: ਕੌਮੀ ਮਹਿਲਾ ਕਮਿਸ਼ਨ (ਐੱਨਸੀਡਬਲਿਊ) ਨੇ ਦੋਸ਼ ਲਾਇਆ ਹੈ ਕਿ ਕੋਲਕਾਤਾ ਹਸਪਤਾਲ ’ਚ ਡਾਕਟਰ ਨਾਲ ਕਥਿਤ ਜਬਰ-ਜਨਾਹ ਅਤੇ ਹੱਤਿਆ ਵਾਲੀ ਥਾਂ ’ਤੇ ਸਬੂਤਾਂ ਨਾਲ ਛੇੜਖਾਨੀ ਹੋਈ ਹੈ। ਉਨ੍ਹਾਂ ਕਿਹਾ ਕਿ ਅਚਾਨਕ ਹੀ ਹਸਪਤਾਲ ’ਚ ਨਿਰਮਾਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਕਮਿਸ਼ਨ ਨੇ ਪੁਲੀਸ ਨੂੰ ਕਿਹਾ ਹੈ ਕਿ ਉਹ ਘਟਨਾ ਵਾਲੇ ਸਥਾਨ ਨੂੰ ਫੌਰੀ ਸੀਲ ਕਰੇ। ਐੱਨਸੀਡਬਲਿਊ ਵੱਲੋਂ ਬਣਾਈ ਗਈ ਕਮੇਟੀ ਦੀ ਜਾਂਚ ’ਚ ਖ਼ੁਲਾਸਾ ਹੋਇਆ ਹੈ ਕਿ ਘਟਨਾ ਸਮੇਂ ਕੋਈ ਵੀ ਸੁਰੱਖਿਆ ਕਰਮੀ ਉਥੇ ਹਾਜ਼ਰ ਨਹੀਂ ਸੀ। ਮੁੱਢਲੀ ਰਿਪੋਰਟ ਮੁਤਾਬਕ ਮਹਿਲਾ ਮੈਡੀਕਲ ਅਮਲੇ ਲਈ ਕੋਈ ਬੁਨਿਆਦੀ ਸਹੂਲਤਾਂ ਹਸਪਤਾਲ ’ਚ ਮੌਜੂਦ ਨਹੀਂ ਸਨ। -ਪੀਟੀਆਈ

Advertisement

ਮਾਪਿਆਂ ਨੂੰ ਧੀ ਦੀ ਹੱਤਿਆ ਵਿੱਚ ਸਾਥੀਆਂ ਦੇ ਸ਼ਾਮਲ ਹੋਣ ਦਾ ਸ਼ੱਕ

ਕੋਲਕਾਤਾ: ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਅੰਦਰ ਡਾਕਟਰ ਦੀ ਜਬਰ-ਜਨਾਹ ਮਗਰੋਂ ਹੱਤਿਆ ਦੇ ਮਾਮਲੇ ’ਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਲੜਕੀ ਦੇ ਮਾਪਿਆਂ ਨੇ ਸੀਬੀਆਈ ਨੂੰ ਦੱਸਿਆ ਕਿ ਜੁਰਮ ’ਚ ਕੁਝ ਇੰਟਰਨ ਅਤੇ ਹਸਪਤਾਲ ਦੇ ਡਾਕਟਰ ਵੀ ਸ਼ਾਮਲ ਹੋ ਸਕਦੇ ਹਨ। ਇਸ ਦੌਰਾਨ ਸੀਬੀਆਈ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਨੂੰ ਨਾਲ ਲੈ ਕੇ ਹਸਪਤਾਲ ਪਹੁੰਚੀ ਜਿਥੇ ਜੁਰਮ ਵਾਲੀ ਥਾਂ ਦਾ ਜਾਇਜ਼ਾ ਲਿਆ। ਮਾਪਿਆਂ ਨੇ ਆਪਣੀ ਧੀ ਦੀ ਹੱਤਿਆ ’ਚ ਸ਼ਾਮਲ ਕੁਝ ਸ਼ੱਕੀਆਂ ਦੇ ਨਾਮ ਵੀ ਕੇਂਦਰੀ ਜਾਂਚ ਏਜੰਸੀ ਨੂੰ ਸੌਂਪੇ ਹਨ। ਕਲਕੱਤਾ ਹਾਈ ਕੋਰਟ ਦੇ ਹੁਕਮਾਂ ’ਤੇ ਸੀਬੀਆਈ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੀਬੀਆਈ ਦੇ ਇਕ ਅਫ਼ਸਰ ਨੇ ਕਿਹਾ, ‘‘ਮਾਪਿਆਂ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਦੀ ਧੀ ਦੇ ਜਬਰ-ਜਨਾਹ ਅਤੇ ਹੱਤਿਆ ਮਾਮਲੇ ’ਚ ਕਈ ਵਿਅਕਤੀਆਂ ਦੀ ਸ਼ਮੂਲੀਅਤ ਦਾ ਸ਼ੱਕ ਹੈ। ਉਨ੍ਹਾਂ ਸਾਨੂੰ ਕੁਝ ਇੰਟਰਨ ਅਤੇ ਡਾਕਟਰਾਂ ਦੇ ਨਾਮ ਦਿੱਤੇ ਹਨ ਜੋ ਆਰਜੀ ਕਰ ਹਸਪਤਾਲ ’ਚ ਉਨ੍ਹਾਂ ਦੀ ਧੀ ਨਾਲ ਕੰਮ ਕਰਦੇ ਹਨ।’’ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ 30 ਵਿਅਕਤੀਆਂ ਨੂੰ ਪੁੱਛ-ਪੜਤਾਲ ਲਈ ਸੱਦਿਆ ਹੈ। ਸੀਬੀਆਈ ਨੇ ਇਕ ਘਰੇਲੂ ਨੌਕਰ ਅਤੇ ਦੋ ਪੋਸਟ ਗਰੈਜੂਏਟ ਟਰੇਨੀਜ਼ ਨੂੰ ਅੱਜ ਤਲਬ ਕੀਤਾ ਜੋ ਡਾਕਟਰ ਦੀ ਹੱਤਿਆ ਵਾਲੀ ਰਾਤ ਉਸ ਨਾਲ ਡਿਊਟੀ ’ਤੇ ਤਾਇਨਾਤ ਸਨ। ਸੀਬੀਆਈ ਨੇ ਵੀਰਵਾਰ ਰਾਤ ਤਾਲਾ ਪੁਲੀਸ ਸਟੇਸ਼ਨ ਦੇ ਇੰਚਾਰਜ ਤੋਂ ਪੁੱਛ-ਪੜਤਾਲ ਕੀਤੀ ਸੀ। -ਪੀਟੀਆਈ

ਹਿੰਸਾ ਦੇ ਛੇ ਘੰਟਿਆਂ ਅੰਦਰ ਸੰਸਥਾ ਮੁਖੀ ਐੱਫਆਈਆਰ ਦਰਜ ਕਰਵਾਏ: ਸਰਕਾਰ

ਨਵੀਂ ਦਿੱਲੀ: ਕੋਲਕਾਤਾ ’ਚ ਟਰੇਨੀ ਡਾਕਟਰ ਦੀ ਜਬਰ-ਜਨਾਹ ਮਗਰੋਂ ਹੱਤਿਆ ਦੇ ਮਾਮਲੇ ’ਚ ਦੇਸ਼ ਭਰ ’ਚ ਹੋ ਰਹੇ ਪ੍ਰਦਰਸ਼ਨਾਂ ਦਰਮਿਆਨ ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਕਿਹਾ ਕਿ ਡਿਊਟੀ ’ਤੇ ਤਾਇਨਾਤ ਕਿਸੇ ਵੀ ਸਿਹਤ-ਸੰਭਾਲ ਵਰਕਰ ਖ਼ਿਲਾਫ਼ ਹਿੰਸਾ ਦੀ ਘਟਨਾ ਦੇ ਛੇ ਘੰਟਿਆਂ ਅੰਦਰ ਐੱਫਆਈਆਰ ਦਰਜ ਕਰਵਾਉਣ ਦੀ ਜ਼ਿੰਮੇਵਾਰੀ ਸੰਸਥਾ ਦੇ ਮੁਖੀ ਦੀ ਹੋਵੇਗੀ। ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ ਡਾਕਟਰ ਅਤੁਲ ਗੋਇਲ ਵੱਲੋਂ ਏਮਜ਼ ਸਮੇਤ ਸਾਰੇ ਮੈਡੀਕਲ ਕਾਲਜਾਂ ਅਤੇ ਕੇਂਦਰ ਸਰਕਾਰ ਦੇ ਹਸਪਤਾਲਾਂ ਦੇ ਡਾਇਰੈਕਟਰਾਂ ਤੇ ਮੈਡੀਕਲ ਸੁਪਰਡੈਂਟਾਂ ਨੂੰ ਇਸ ਸਬੰਧੀ ਪੱਤਰ ਜਾਰੀ ਕੀਤਾ ਗਿਆ ਹੈ। ਪੱਤਰ ’ਚ ਲਿਖਿਆ ਹੈ, ‘‘ਡਿਊਟੀ ’ਤੇ ਤਾਇਨਾਤ ਕਿਸੇ ਵੀ ਹੈਲਥਕੇਅਰ ਵਰਕਰ ਖ਼ਿਲਾਫ਼ ਹਿੰਸਾ ਦੀ ਵਾਰਦਾਤ ਹੋਣ ’ਤੇ ਸੰਸਥਾ ਦੇ ਮੁਖੀ ਦੀ ਜ਼ਿੰਮੇਵਾਰੀ ਹੋਵੇਗੀ ਕਿ ਘਟਨਾ ਦੇ ਵਧ ਤੋਂ ਵਧ ਛੇ ਘੰਟਿਆਂ ਦੇ ਅੰਦਰ ਸੰਸਥਾਗਤ ਐੱਫਆਈਆਰ ਦਰਜ ਕਰਵਾਈ ਜਾਵੇ।’’ ਪੱਤਰ ’ਚ ਕਿਹਾ ਗਿਆ ਹੈ ਕਿ ਪਿਛਲੇ ਕੁਝ ਸਮੇਂ ਤੋਂ ਦੇਖਣ ਨੂੰ ਮਿਲ ਰਿਹਾ ਹੈ ਕਿ ਸਰਕਾਰੀ ਹਸਪਤਾਲਾਂ ’ਚ ਡਾਕਟਰਾਂ ਅਤੇ ਸਿਹਤ-ਸੰਭਾਲ ਅਮਲੇ ਖ਼ਿਲਾਫ਼ ਹਿੰਸਾ ਦਾ ਆਮ ਜਿਹਾ ਵਰਤਾਰਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਹਿੰਸਾ ਦੇ ਮਾਮਲਿਆਂ ’ਚ ਜਾਂ ਤਾਂ ਮਰੀਜ਼ ਜਾਂ ਉਨ੍ਹਾਂ ਦੇ ਤੀਮਾਰਦਾਰਾਂ ਦੀ ਸ਼ਮੂਲੀਅਤ ਹੁੰਦੀ ਹੈ। -ਪੀਟੀਆਈ

Advertisement