ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਾਬ੍ਹ ਦੌਰੇ ’ਤੇ ਨੇ.....

11:43 AM Jan 28, 2024 IST

ਹੁਸਨ-ਉਲ-ਚਰਾਗ
ਕੁਝ ਦਿਨ ਪਹਿਲਾਂ ਸਰਕਾਰ ਨੇ ਬੱਸਾਂ ਚਲਾਉਣ ਦੇ ਨਵੇਂ ਰੂਟ ਪਰਮਿਟ ਦਿੱਤੇ ਜਿਨ੍ਹਾਂ ਵਿੱਚੋਂ ਖੁਸ਼ਹਾਲ ਸਿੰਘ ਦੇ ਨਾਂ ਦਾ ਵੀ ਇੱਕ ਪਰਮਿਟ ਨਿਕਲਿਆ ਸੀ। ਵਾਧੂ ਖ਼ੁਸ਼ੀਆਂ... ਤੇ ਇਸ ਤੋਂ ਬਾਅਦ ਸਾਰੇ ਕਾਗਜ਼ ਪੂਰੇ ਕਰਨੇ ਸਨ ਤਾਂ ਕਿ ਦੀਵਾਲੀਓਂ ਪਹਿਲੇ-ਪਹਿਲੇ ਹੀ ਉਹ ਬੱਸ ਚਲਾ ਲਵੇੇ। ਦੀਵਾਲੀ ਨੂੰ ਅਜੇ ਵੀਹ ਦਿਨ ਪਏ ਸਨ। ਲਾਇਸੈਂਸ ਤੇ ਬੱਸ ਦੀ ਰਜਿਸਟਰੇਸ਼ਨ ਕਰਾਉਣ ਦੀ ਪਹਿਲੀ ਸ਼ਰਤ ਸੀ ਕਿ ਉਸ ਨਾਲ ਆਪਣੇ ਰਾਸ਼ਨ ਕਾਰਡ ਦੀ ਫੋਟੋ ਕਾਪੀ ਲਈ ਜਾਵੇ। ਰਾਸ਼ਨ ਕਾਰਡ ਤੇ ਬੱਸ ਦਾ ਬੇਸ਼ੱਕ ਆਪਸੀ ਕੋਈ ਰਿਸ਼ਤਾ ਨਹੀਂ ਸੀ, ਪਰ ਇਹ ਸ਼ਰਤ ਦੀ ਇੱਕ ਮੱਦ ਸੀ। ਪਹਿਲੇ... ਦੂਜੇ... ਤੀਜੇ ਤੇ ਚੌਥੇ ਦਿਨ ਖੁਸ਼ਹਾਲ ਸਿੰਘ ਰਾਸ਼ਨ ਕਾਰਡ ਬਣਾਉਣ ਲਈ ਸਿਵਲ ਸਪਲਾਈ ਦੇ ਦਫ਼ਤਰ ਗਿਆ। ਜੁਆਬ ਮਿਲਦਾ ਇੰਸਪੈਕਟਰ ਸਾਬ੍ਹ ਪੜਤਾਲ ’ਤੇ ਗਏ ਹੋਏ ਹਨ। ਫਿਰ ਪੁਲੀਸ ਰਿਪੋਰਟ, ਵਾਰ-ਵਾਰ ਜਾਣ ਤੋਂ ਬਾਅਦ ਜਵਾਬ ਮਿਲਦਾ ਬਾਅਦ ਵਿੱਚ ਆਉਣਾ, ਤਿਉਹਾਰਾਂ ਦੇ ਦਿਨ ਹੋਣ ਕਰਕੇ ਪੁਲੀਸ ਡਿਊਟੀ ਨਾਕਿਆਂ ਉੱਤੇ ਲੱਗੀ ਹੋਈ ਹੈ। ਮਾਹੌਲ ਮੁਤਾਬਿਕ ਨਾਕੇ ਜ਼ਰੂਰੀ ਹਨ। ਫਿਰ ਖੁਸ਼ਹਾਲ ਸਿੰਘ ਨੇ ਸੋਚਿਆ ਕਿ ਚੰਡੀਗੜ੍ਹ ਦਾ ਕੰਮ ਹੀ ਪਹਿਲੋਂ ਕਿਉਂ ਨਾ ਕਰਵਾ ਲਿਆ ਜਾਏ। ਤੇ ਉਹ ਹੁਣ ਬੱਸ ਫੜ ਕੇ ਚੰਡੀਗੜ੍ਹ ਜਾ ਰਿਹਾ ਸੀ। ਰਾਹ ਵਿੱਚ ਕਈ ਨਾਕਿਆਂ ਉੱਤੇ ਚੰਡੀਗੜ੍ਹੋਂ ਆਉਂਦੀਆਂ ਬੱਸਾਂ ਰੋਕ ਕੇ ਪੁਲੀਸ ਤਲਾਸ਼ੀ ਲੈ ਰਹੀ ਸੀ ਤੇ ਕਈ ਥਾਈਂ ਬੱਸਾਂ ਦੀ ਭੀੜ ਹੋ ਜਾਂਦੀ ਤੇ ਰੁਕਣਾ ਪੈਂਦਾ। ਅੱਜ ਇਹ ਕੰਮ ਪੰਜਾਬ ਪੁਲੀਸ ਤੇ ਮਹਿਕਮਾ ਆਬਕਾਰੀ ਕਰ ਰਿਹਾ ਸੀ। ਲੋਕੀਂ ਗੱਲਾਂਬਾਤਾਂ ਕਰ ਰਹੇ ਸਨ ਕਿ ਚੰਡੀਗੜ੍ਹ ਸ਼ਰਾਬ ਸਸਤੀ ਹੈ ਤੇ ਪੰਜਾਬ ਵਿੱਚ ਮਹਿੰਗੀ, ਜੇ ਕੋਈ ਚਾਰ ਬੋਤਲਾਂ ਵੀ ਲੈ ਆਵੇ ਤਾਂ ਦੋ ਸੌ ਰੁਪਏ ਬਚ ਜਾਂਦੇ ਨੇ ਤੇ ਉੱਤੋਂ ਦੀਵਾਲੀ ਦਾ ਤਿਉਹਾਰ... ਤੇ ਪੈਸਿਆਂ ਦੀ ਸਭ ਨੂੰ ਲੋੜ ਹੈ। ਅਖ਼ਬਾਰ ਤੇ ਪੁਲੀਸ ਰਿਕਾਰਡ ਮੁਤਾਬਿਕ ਕੋਈ ਕੇਸ ਵੀ ਦਰਜ ਨਹੀਂ ਸੀ ਕੀਤਾ ਗਿਆ। ਇਸ ਤੋਂ ਸਿੱਧ ਹੁੰਦਾ ਸੀ ਕਿ ਹੁਣ ਸੂਬੇ ਵਿੱਚ ਕੋਈ ਜੁਰਮ ਜਾਂ ਗ਼ੈਰ-ਕਾਨੂੰਨੀ ਕੰਮ ਨਹੀਂ ਹੋ ਰਿਹਾ। ਸਾਰੇ ਅਧਿਕਾਰੀ ਤੇ ਮੰਤਰੀ ਕਹਿ ਰਹੇ ਸਨ ਕਿ ਹੁਣ ਰਾਜ ਵਿੱਚ ਪੂਰਾ ਅਮਨ-ਅਮਾਨ ਹੈ ਤੇ ਲੋਕ ਕਾਨੂੰਨ ਪਾਬੰਦ ਹੋ ਗਏ ਹਨ।
ਚੰਡੀਗੜ੍ਹ ਆ ਗਿਆ ਸੀ ਤੇ ਖੁਸ਼ਹਾਲ ਸਿੰਘ ਛਾਲ ਮਾਰ ਕੇ ਬੱਸੋਂ ਉਤਰਿਆ ਤੇ ਟਰਾਂਸਪੋਰਟ ਵਾਲਿਆਂ ਦੇ ਦਫ਼ਤਰ ਪਹੁੰਚ ਗਿਆ। ਉਸ ਦਾ ਇਰਾਦਾ ਸੀ ਕਿ ਛੇਤੀ ਕੰਮ ਮੁਕਾ ਕੇ ਉਹ ਵਾਪਸ ਚਲਾ ਜਾਏ।
ਖੁਸ਼ਹਾਲ ਸਿੰਘ ਨੇ ਚਿੱਟ ’ਤੇ ਨਾਮ ਲਿਖ ਕੇ ਚਪੜਾਸੀ ਨੂੰ ਦਿੰਦਿਆਂ ਮੁਸਕਰਾ ਕੇ ਕਿਹਾ, ‘‘ਜਾਹ ਅੰਦਰ ਸਾਬ੍ਹ ਨੂੰ ਦੇ ਦੇ ਮੈਂ ਉਨ੍ਹਾਂ ਨੂੰ ਮਿਲਣਾ ਹੈ।’’
‘‘ਸਰਦਾਰ ਜੀ, ਸਾਬ੍ਹ ਤਾਂ ਦੌਰੇ ’ਤੇ ਨੇ। ਤਿੰਨ ਦਿਨ ਹੋ ਗਏ ਨੇ ਤੇ ਦੋ ਦਿਨਾਂ ਬਾਅਦ ਆਉਣਗੇ। ਸਾਰੇ ਜ਼ਿਲ੍ਹਿਆਂ ਵਿੱਚ ਉਨ੍ਹਾਂ ਨੇ ਜਾਣਾ ਹੈ। ਹਫ਼ਤਾ ਦਸ ਦਿਨ ਤਾਂ ਲੱਗ ਈ ਜਾਂਦੇ ਨੇ।’’
ਇਕ... ਦੋ... ਤੇ ਤੀਜੇ ਕਮਰੇ ਅੱਗੇ ਫਿਰ ਖੁਸ਼ਹਾਲ ਸਿੰਘ ਨੇ ਨਾਂ ਲਿਖਿਆ ਤੇ ਕੁਰਸੀ ’ਤੇ ਬੈਠੇ ਬੀੜੀ ਪੀਂਦੇ ਚਪੜਾਸੀ ਨੂੰ ਦਿੱਤਾ।
ਜੁਆਬ ਸੀ: ਦੀਵਾਲੀ ਹੈ ਨਾ; ਸਾਬ੍ਹ ਦੌਰੇ ’ਤੇ ਨੇ....।
ਖੁਸ਼ਹਾਲ ਸਿੰਘ ਮੁੜਦੇ ਨੂੰ ਕਿਸੇ ਪਿੱਛੋਂ ਆਵਾਜ਼ ਮਾਰੀ, ‘‘ਸਰਦਾਰ ਜੀ, ਕੀ ਗੱਲ? ਮੁੜ ਚੱਲੇ ਜੇ...!’’
‘‘ਸਾਬ੍ਹ ਨੂੰ ਮਿਲਣਾ ਸੀ ਉਹ ਦੌਰੇ ’ਤੇ ਗਏ ਨੇ। ਐਵੇਂ ਫੇਰਾ ਹੀ ਪਿਆ।’’
‘‘ਫੇਰਾ ਕਾਹਦਾ ਸਰਦਾਰ ਜੀ ਤੁਸੀਂ ਕੰਮ ਦੱਸੋ... ਅਸੀਂ ਕਾਹਦੇ ਲਈ ਬੈਠੇ ਹਾਂ?’’ ਦਫਤਰ ਦੇ ਬਾਬੂ ਨੇ ਮੁਸਕਰਾ ਕੇ ਕਿਹਾ।
‘‘ਮੈਨੂੰ ਬੱਸ ਦਾ ਇੱਕ ਰੂਟ ਪਰਮਿਟ ਮਿਲਿਆ ਹੈ। ਇਸ ਲਈ ਆਇਆ ਸਾਂ।’’
‘‘ਲਓ ਮੁਬਾਰਕ ਹੋਵੇ... ਬੜੇ ਭਾਗਾਂ ਵਾਲੇ ਹੋ ਤੁਸੀਂ ਜਿਨ੍ਹਾਂ ਨੂੰ ਬੱਸ ਦਾ ਰੂਟ ਮਿਲਿਆ ਹੈ। ਪਰਮਿਟਾਂ ਦੀਆਂ ਚਿੱਠੀਆਂ ਮੈਂ ਹੀ ਪਾਈਆਂ ਸਨ। ਪਰਮਿਟਾਂ ਦਾ ਕੰਮ ਮੇਰੇ ਸਪੁਰਦ ਹੀ ਹੈ। ਤੁਸੀਂ ਅੰਬਰਸਰੋਂ ਜੇ ਨਾ...? ਫ਼ਿਕਰ ਨਾ ਕਰਨਾ, ਮੈਂ ਕੇਸ ਪਾਸ ਕਰਵਾ ਦਿਆਂਗਾ... ਦੀਵਾਲੀ ਏ... ਕੁਛ ਹੋ ਜਾਏ।’’
‘‘ਪਰ ਦੀਵਾਲੀ ਤਾਂ ਅਜੇ ਦਸਵੇਂ ਦਿਨ ਏ ਕਾਕਾ...।’’
‘‘ਪਰ ਦੀਵਾਲੀ ਹੈ ਤਾਂ ਨਾ... !’’
ਪਰਮਿਟ ਦੀ ਗੱਲ ਸੁਣ ਕੇ ਦੋਵੇਂ ਤਿੰਨੇ ਚਪੜਾਸੀ ਵੀ ਕੋਲ ਆ ਗਏ। ਚਲੋ ਖੁਸ਼ੀ ਦਾ ਮੌਕਾ ਹੈ ਖੁਸ਼ਹਾਲ ਸਿੰਘ ਇਨ੍ਹਾਂ ਨੂੰ ਖ਼ੁਸ਼ ਕਰਦਾ ਹੋਇਆ ਨਾਲ ਹੀ ਇੱਕ ਹੋਰ ਸਰਕਾਰੀ ਦਫਤਰ ਵਿੱਚ ਜਾ ਵੜਿਆ ਜਿੱਥੇ ਉਸ ਦੇ ਪਿੰਡ ਦਾ ਨਿਹਾਲ ਸਿੰਘ ਵੱਡੇ ਸਾਬ੍ਹ ਦਾ ਡਰਾਈਵਰ ਸੀ। ਸੋਚਿਆ ਉਸ ਨੂੰ ਮਿਲ ਵੀ ਜਾਵਾਂ ਤੇ ਨਾਲ ਕਹਿ ਜਾਵਾਂ ਕਿ ਰੂਟ ਦੀ ਫਾਈਲ ਤਿਆਰ ਕਰਵਾ ਦੇਵੇ। ਪੌੜੀਆਂ ਚੜ੍ਹ ਕੇ ਤੀਜੀ ਮੰਜ਼ਿਲ ’ਤੇ ਨਿਹਾਲ ਸਿੰਘ ਦਾ ਪਤਾ ਕੀਤਾ ਤਾਂ ਪਤਾ ਲੱਗਾ ਕਿ ਉਹ ਤਾਂ ਸਾਬ੍ਹ ਨਾਲ ਦੌਰੇ ’ਤੇ ਗਿਆ ਹੋਇਆ ਹੈ ਤੇ ਦੋ ਦਿਨਾਂ ਬਾਅਦ ਮੁੜੇਗਾ।
ਲੇਟ ਹੋ ਜਾਣ ਕਰਕੇ ਖੁਸ਼ਹਾਲ ਸਿੰਘ ਹੁਣ 27 ਸੈਕਟਰ ਦੇ ਸਰਕਾਰੀ ਕੁਆਟਰਾਂ ਵਿੱਚ ਪੈਦਲ ਹੀ ਜਾ ਪਹੁੰਚਿਆ ਤੇ ਬੂਹਾ ਖੜਕਾ ਕੇ ਆਵਾਜ਼ ਮਾਰੀ, ‘‘ਪ੍ਰਸਿੰਨ ਕੁਰੇ ਘਰ ਈ ਏਂ?’’
‘‘ਆਓ ਭਾ’ ਜੀ... ਧੰਨ ਭਾਗ ਮੇਰੇ... ਤੂੰ ਵੀ ਆਇਆ ਏਂ। ਸੁਣਾ ਘਰ ਬਾਹਰ ਦੀ। ਮੇਰੀ ਭੈਣ ਦਾ ਕੀ ਹਾਲ ਏ।’’
‘‘ਚੰਗੇ ਨੇ ਸਾਰੇ। ਆਇਆ ਸਾਂ ਕੰਮ, ਪਰ ਸਾਰਾ ਚੰਡੀਗੜ੍ਹ ਦੌਰਿਆਂ ਉੱਤੇ ਹੀ ਗਿਆ ਹੋਇਆ ਏ।’’
ਅੱਗੋਂ ਪ੍ਰਸਿੰਨੀ ਨੇ ਕਿਹਾ, ‘‘ਬਾਈ ਜੀ ਦੀਵਾਲੀ ਏ ਨਾ। ਇਹ ਵੀ ਸਾਬ੍ਹ ਦੀ ਕਾਰ ਲੈ ਕੇ ਤਿੰਨ ਦਿਨਾਂ ਦੇ ਗਏ ਹੋਏ ਨੇ। ਅੱਜਕੱਲ੍ਹ ਇਹ ਵੱਡੇ ਸਾਬ੍ਹ ਦੀ ਕਾਰ ਚਲਾਉਂਦੇ ਨੇ। ਜੇ ਉਨ੍ਹਾਂ ਨਾਲ ਬਾਹਰ ਜਾਂਦੇ ਰਹਿਣ ਤਾਂ ਰੋਟੀ-ਪਾਣੀ ਸੌਖਾ ਬਣ ਜਾਂਦਾ ਹੈ। ਨਹੀਂ ਤਾਂ ਤਨਖ਼ਾਹ ਵਿੱਚ ਕਿਵੇਂ ਜੀਵਿਆ ਜਾਵੇ।’’
‘‘...ਤੇ ਪ੍ਰਸਿੰਨੀਏ ਨਿਆਣੇ ਕਿੱਥੇ ਨੇ?’’ ਖੁਸ਼ਹਾਲ ਸਿੰਘ ਨੇ ਪੁੱਛਿਆ।
‘‘ਉਹ ਲੋਹੜੀ ਮੰਗਣ ਚਲੇ ਗਏ ਹੋਣਗੇ। ਬੱਚੇ ਨੇ ਨਾ। ਉਹੀ ਪਿੰਡਾਂ ਵਾਲੀਆਂ ਗੱਲਾਂ ਅਜੇ ਭੁੱਲੇ ਨਹੀਂ।’’
‘‘ਕਮਲੀਏ... ਦੀਵਾਲੀ ਅਜੇ ਲੰਘੀ ਨਹੀਂ- ਲੋਹੜੀ ਕਿੱਥੋਂ ਆ ਗਈ? ਉਹਨੂੰ ਤਾਂ ਅਜੇ ਦੋ-ਢਾਈ ਮਹੀਨੇ ਪਏ ਨੇ... ਤੇ ਉਹ ਵੀ ਚੰਡੀਗੜ੍ਹ ਵਿੱਚ। ਲੋਹੜੀ ਮੰਗਣ ਦਾ ਰਿਵਾਜ਼ ਹੈਗਾ ਏ ਏਥੇ ਵੀ?’’
‘‘ਹਾਂ ਬਾਈ, ਮੈਨੂੰ ਦੀਵਾਲੀ ਦੀ ਥਾਂ ਲੋਹੜੀ ਦਾ ਭੁਲੇਖਾ ਪੈ ਗਿਆ। ਮੇਰੀ ਜ਼ੁਬਾਨ ਗੋਤਾ ਖਾ ਗਈ ਸੀ। ਆਪਣੇ ਪਿੰਡ ਲੋਕੀਂ ਕਿਵੇਂ ਲੋਹੜੀ ਮੰਗਦੇ ਹੁੰਦੇ ਸਨ ਤੇ ਫਿਰ ਵੰਡ ਕੇ ਆਪਾਂ ਰਿਉੜੀਆਂ ਖਾਂਦੇ ਹੁੰਦੇ ਸਾਂ। ਘਰ ਵਿੱਚ ਸਭ ਕੁਝ ਹੁੰਦਿਆਂ-ਸੁੰਦਿਆਂ ਵੀ ਰਿਉੜੀਆਂ ਦੂਜੇ ਘਰ ਦੀਆਂ ਹੀ ਮਿੱਠੀਆਂ ਲੱਗਦੀਆਂ ਨੇ। ਲੁਧਿਆਣਿਉਂ ਇਕ ਬੰਦਾ ਆਇਆ ਸੀ। ਉਸ ਦਾ ਇਨ੍ਹਾਂ ਨੇ ਸਾਬ੍ਹ ਕੋਲੋਂ ਤਰਲਾ ਮਿੰਨਤ ਕਰਕੇ ਕੰਮ ਕਰਵਾ ਦਿੱਤਾ। ਬੜੀ ਇੱਜ਼ਤ ਕਰਦਾ ਏ...। ਆਇਆ ਸੀ। ਕਹਿਣ ਲੱਗਾ, ਮੈਂ ਬੱਚਿਆਂ ਨੂੰ ਪਟਾਕੇ ਲੈ ਦਿਆਂ, ਜ਼ਰਾ ਉਸ ਨਾਲ ਗਏ ਨੇ। ਮੈਂ ਇਕੱਲੀ ਹਾਂ। ਇਨ੍ਹਾਂ ਤਾਂ ਹੁਣ ਦੀਵਾਲੀ ਤੱਕ ਸਾਬ੍ਹ ਨਾਲ ਦੌਰਿਆਂ ’ਤੇ ਹੀ ਰਹਿਣਾ ਏ...।’’
ਸੰਪਰਕ: 98151-88810

Advertisement

Advertisement