ਸਬਾ ਪਟੌਦੀ ਨੇ ਸ਼ਰਮੀਲਾ ਟੈਗੋਰ ਨਾਲ ਸੈਫ ਦੀ ਬਚਪਨ ਦੀ ਤਸਵੀਰ ਸਾਂਝੀ ਕੀਤੀ
ਮੁੰਬਈ: ਬੌਲੀਵੁਡ ਅਦਾਕਾਰ ਸੈਫ ਅਲੀ ਖਾਨ ਦੀ ਭੈਣ ਸਬਾ ਪਟੌਦੀ ਨੇ ਭਾਵੇਂ ਬੌਲੀਵੁਡ ਤੋਂ ਦੂਰੀ ਬਣਾਈ ਹੋਈ ਹੈ, ਪਰ ਉਹ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਪੇਸ਼ੇ ਵਜੋਂ ਡਿਜ਼ਾਈਨਰ ਸਬਾ ਨੇ ਆਪਣੀ ਮਾਂ ਸ਼ਰਮੀਲਾ ਟੈਗੋਰ ਤੇ ਸੈਫ ਅਲੀ ਖਾਨ ਦੀ ਬਚਪਨ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਸੈਫ ਆਪਣੀ ਮਾਂ ਨਾਲ ਲਾਡ ਲਡਾਉਂਦਾ ਨਜ਼ਰ ਆ ਰਿਹਾ ਹੈ। ਸਬਾ ਨੇ ਇੰਸਟਾਗ੍ਰਾਮ ‘ਤੇ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ ਵਿੱਚ ਲਿਖਿਆ, ‘ਮੰਮੀਜ਼ ਬੇਬੀ ਬੁਆਏ! ਹਾ..ਹਾ..ਹਾ.. (ਲੌਟਸ ਆਫ਼ ਲਾਫ਼) ਪਹਿਲਾ ਬੱਚਾ…. ਹਮੇਸ਼ਾ ਪਸੰਦੀਦਾ ਹੁੰਦਾ ਹੈ।’ ਦੱਸਣਾ ਬਣਦਾ ਹੈ ਕਿ ਸਬਾ ਗਹਿਣੇ ਡਿਜ਼ਾਈਨ ਕਰਦੀ ਹੈ ਅਤੇ ਮਨਸੂਰ ਅਲੀ ਖਾਨ ਪਟੌਦੀ ਅਤੇ ਸ਼ਰਮੀਲਾ ਟੈਗੋਰ ਦੀ ਧੀ ਹੈ। ਜ਼ਿਕਰਯੋਗ ਹੈ ਕਿ ਸ਼ਰਮੀਲਾ ਟੈਗੋਰ ਨੇ 14 ਸਾਲ ਦੀ ਉਮਰ ਵਿੱਚ ਸੱਤਿਆਜੀਤ ਰੇਅ ਦੇ ਪ੍ਰਸਿੱਧ ਬੰਗਾਲੀ ਡਰਾਮਾ ‘ਦਿ ਵਰਲਡ ਆਫ਼ ਅਪੂ’ ਨਾਲ ਅਦਾਕਾਰੀ ਸ਼ੁਰੂ ਕੀਤੀ ਸੀ। ਉਸ ਨੇ ਨਾ ਸਿਰਫ਼ ਬੰਗਾਲੀ ਸਿਨੇਮਾ ਵਿੱਚ ਖ਼ੁਦ ਨੂੰ ਸਥਾਪਤ ਕੀਤਾ ਬਲਕਿ ਬੌਲੀਵੁੱਡ ਦੀ ਇੱਕ ਪ੍ਰਮੁੱਖ ਸਟਾਰ ਵੀ ਬਣ ਗਈ। ਉਸ ਨੇ ‘ਕਸ਼ਮੀਰ ਕੀ ਕਲੀ’, ‘ਸਫ਼ਰ’, ‘ਅਮਰ ਪ੍ਰੇਮ’, ‘ਅਰਾਧਨਾ’, ‘ਦਾਗ’ ਆਦਿ ਫ਼ਿਲਮਾਂ ਵਿੱਚ ਕੰਮ ਕੀਤਾ। ਸ਼ਰਮੀਲਾ ਨੇ ਦਿਲੀਪ ਕੁਮਾਰ ਤੋਂ ਲੈ ਕੇ ਬੌਲੀਵੁੱਡ ਅਦਾਕਾਰਾਂ ਰਾਜੇਸ਼ ਖੰਨਾ, ਧਰਮਿੰਦਰ, ਸ਼ੰਮੀ ਕਪੂਰ, ਅਮਿਤਾਭ ਬੱਚਨ, ਅਤੇ ਸੰਜੀਵ ਕੁਮਾਰ ਤੱਕ ਨਾਲ ਕੰਮ ਕੀਤਾ। ਉਹ ਹਾਲ ਹੀ ‘ਚ ਫੈਮਿਲੀ ਡਰਾਮਾ ‘ਗੁਲਮੋਹਰ’ ‘ਚ ਨਜ਼ਰ ਆਈ ਹੈ। ਦੂਜੇ ਪਾਸੇ ਸੈਫ ਨੇ ਅਦਾਕਾਰੀ ਦੀ ਸ਼ੁਰੂਆਤ ਸਾਲ 1993 ‘ਚ ਫਿਲਮ ‘ਪਰੰਪਰਾ’ ਨਾਲ ਕੀਤੀ ਸੀ। -ਏਐੱਨਆਈ