For the best experience, open
https://m.punjabitribuneonline.com
on your mobile browser.
Advertisement

ਸ. ਪ੍ਰੀਤਮ ਸਿੰਘ ਬਾਸੀ ਮੈਮੋਰੀਅਲ ਐਵਾਰਡ ਮਹਿੰਦਰ ਸਿੰਘ ਦੁਸਾਂਝ ਨੂੰ ਦੇਣ ਦਾ ਫ਼ੈਸਲਾ

11:36 AM Feb 14, 2024 IST
ਸ  ਪ੍ਰੀਤਮ ਸਿੰਘ ਬਾਸੀ ਮੈਮੋਰੀਅਲ ਐਵਾਰਡ ਮਹਿੰਦਰ ਸਿੰਘ ਦੁਸਾਂਝ ਨੂੰ ਦੇਣ ਦਾ ਫ਼ੈਸਲਾ
Advertisement

ਹਰਦਮ ਮਾਨ

ਸਰੀ: ਕੈਨੇਡਾ ਵੱਸਦੇ ਪੰਜਾਬੀ ਸ਼ਾਇਰ ਮੰਗਾ ਸਿੰਘ ਬਾਸੀ ਵੱਲੋਂ ਆਪਣੇ ਪਿਤਾ ਸ. ਪ੍ਰੀਤਮ ਸਿੰਘ ਬਾਸੀ ਦੀ ਯਾਦ ਵਿੱਚ ਸ਼ੁਰੂ ਕੀਤਾ ਗਿਆ ‘ਸ. ਪ੍ਰੀਤਮ ਸਿੰਘ ਅੰਤਰ ਰਾਸ਼ਟਰੀ ਸਾਹਿਤਕ ਪੁਰਸਕਾਰ’ ਇਸ ਸਾਲ ਨਾਮਵਰ ਸਾਹਿਤਕਾਰ, ਵਿਦਵਾਨ ਅਤੇ ਵੱਖ ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਮਹਿੰਦਰ ਸਿੰਘ ਦੁਸਾਂਝ ਨੂੰ ਦਿੱਤਾ ਜਾਵੇਗਾ। ਇਹ ਫ਼ੈਸਲਾ ਬੀਤੇ ਦਿਨ ਇਸ ਐਵਾਰਡ ਲਈ ਸਥਾਪਿਤ ਕੀਤੀ ਗਈ ਕਮੇਟੀ ਵੱਲੋਂ ਕੀਤਾ ਗਿਆ। ਇਸ ਕਮੇਟੀ ਵਿੱਚ ਨਾਵਲਕਾਰ ਜਰਨੈਲ ਸਿੰਘ ਸੇਖਾ, ਸ਼ਾਇਰ ਮੋਹਨ ਗਿੱਲ, ਉਸਤਾਦ ਸ਼ਾਇਰ ਨਦੀਮ ਪਰਮਾਰ, ਆਰਟਿਸਟ ਜਰਨੈਲ ਸਿੰਘ, ਮੰਗਾ ਸਿੰਘ ਬਾਸੀ, ਅੰਗਰੇਜ਼ ਬਰਾੜ ਅਤੇ ਹਰਦਮ ਸ਼ਾਮਲ ਹਨ।
ਇਹ ਐਵਾਰਡ ਹਰ ਸਾਲ ਕਿਸੇ ਨਾਮਵਰ ਪੰਜਾਬੀ ਲੇਖਕ ਵੱਲੋਂ ਪੰਜਾਬੀ ਬੋਲੀ, ਸਾਹਿਤ, ਸਮਾਜ ਤੇ ਸੱਭਿਆਚਾਰ ਪ੍ਰਤੀ ਕੀਤੀਆਂ ਸੇਵਾਵਾਂ ਨੂੰ ਮੁੱਖ ਰੱਖ ਕੇ ਦਿੱਤਾ ਜਾਂਦਾ ਹੈ। ਮਹਿੰਦਰ ਸਿੰਘ ਦੁਸਾਂਝ ਅਜਿਹੀ ਮਾਣਯੋਗ ਸ਼ਖ਼ਸੀਅਤ ਹੈ ਜੋ ਪੰਜਾਬੀ, ਹਿੰਦੀ, ਅੰਗਰੇਜ਼ੀ ਅਤੇ ਉਰਦੂ ਦੇ ਗੂੜ੍ਹ ਗਿਆਤਾ ਹਨ ਅਤੇ ਸਾਹਿਤ ਸਿਰਜਣਾ ਦੇ ਨਾਲ ਨਾਲ ਉਨ੍ਹਾਂ ਅਗਾਂਹਵਧੂ ਖੇਤੀ ਕਰਕੇ ਵੀ ਅੰਤਰਰਾਸ਼ਟਰੀ ਪਛਾਣ ਬਣਾਈ ਹੈ।
ਇਹ ਪੁਰਸਕਾਰ ਇਸ ਤੋਂ ਪਹਿਲਾਂ ਸਰਵਣ ਰਾਹੀ, ਨਦੀਮ ਪਰਮਾਰ, ਜਰਨੈਲ ਸਿੰਘ ਸੇਖਾ, ਸੁਖਵਿੰਦਰ ਕੰਬੋਜ, ਹਰਬੀਰ ਸਿੰਘ ਭੰਵਰ, ਹਰਜੀਤ ਦੌਧਰੀਆ, ਡਾ. ਸਾਧੂ ਸਿੰਘ ਅਤੇ ਡਾ. ਸੁਰਿੰਦਰ ਧੰਜਲ ਨੂੰ ਦਿੱਤਾ ਜਾ ਚੁੱਕਾ ਹੈ। ਸ. ਮਹਿੰਦਰ ਸਿੰਘ ਦੁਸਾਂਝ ਨੂੰ ਦਿੱਤੇ ਜਾ ਰਹੇ ਪੁਰਸਕਾਰ ਵਿੱਚ 51 ਹਜ਼ਾਰ ਦੀ ਨਕਦ ਰਾਸ਼ੀ ਤੋਂ ਇਲਾਵਾ ਇੱਕ ਸ਼ਾਲ ਤੇ ਪਲੇਕ ਦਿੱਤੀ ਜਾਵੇਗੀ। ਇਸ ਸਬੰਧੀ ਸਮਾਗਮ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਕੀਤਾ ਜਾਵੇਗਾ।

Advertisement

‘ਕੈਨੇਡਾ ਪਲੇਸ’ ਦਾ ਨਾਮ ‘ਕੌਮਾਗਾਟਾ ਮਾਰੂ ਪਲੇਸ’ ਰੱਖਿਆ

ਸਰੀ: ਵੈਨਕੂਵਰ ਸਿਟੀ ਦੇ ਮੇਅਰ ਕੇਨ ਸਿਮ ਨੇ ਵੈਨਕੂਵਰ ਵਿਖੇ ਯਾਤਰੀਆਂ ਦੇ ਖਿੱਚ-ਕੇਂਦਰ ‘ਕੈਨੇਡਾ ਪਲੇਸ’ ਦਾ ਆਨਰੇਰੀ ਨਾਮ ‘ਕੌਮਾਗਾਟਾ ਮਾਰੂ ਪਲੇਸ’ ਰੱਖਣ ਦਾ ਉਦਘਾਟਨ ਕੀਤਾ। ਇਸ ਮੌਕੇ ਸਾਊਥ ਏਸ਼ੀਅਨ ਕੈਨੇਡੀਅਨ ਕਮਿਊਨਿਟੀ ਦੇ ਬਹੁਤ ਸਾਰੇ ਪਤਵੰਤੇ ਵੀ ਸ਼ਾਮਲ ਸਨ।
ਇਹ ਆਨਰੇਰੀ ਨਾਮਕਰਨ ਅਤੇ ਨਵਾਂ ਚਿੰਨ੍ਹ ਦੇਣ ਦਾ ਫ਼ੈਸਲਾ ਸਿਟੀ ਕੌਂਸਲ ਵੱਲੋਂ ਮਈ 2023 ਵਿੱਚ ਲਿਆ ਗਿਆ ਸੀ। ਗੁਰੂ ਨਾਨਕ ਜਹਾਜ਼, ਜਿਸ ਨੂੰ ਆਮ ਤੌਰ ’ਤੇ ਕੌਮਾਗਾਟਾ ਮਾਰੂ ਵਜੋਂ ਜਾਣਿਆ ਜਾਂਦਾ ਹੈ, ਵਿੱਚ ਔਰਤਾਂ ਅਤੇ ਬੱਚਿਆਂ ਸਮੇਤ 340 ਸਿੱਖ, 24 ਮੁਸਲਿਮ ਅਤੇ 12 ਹਿੰਦੂ ਯਾਤਰੀ ਸਵਾਰ ਸਨ ਅਤੇ ਉਹ ਜ਼ਿਆਦਾਤਰ ਭਾਰਤੀ ਪੰਜਾਬ ਤੋਂ ਸਨ। ਉਨ੍ਹਾਂ ਦੀ ਨਜ਼ਰਬੰਦੀ, ਉਨ੍ਹਾਂ ਨਾਲ ਕੀਤੇ ਦੁਰਵਿਵਹਾਰ, ਉਨ੍ਹਾਂ ਨੂੰ ਦਰਪੇਸ਼ ਆਈਆਂ ਅਨੇਕਾਂ ਪਰੇਸ਼ਾਨੀਆਂ ਸਰਕਾਰ ਵੱਲੋਂ ਤਿੰਨ ਪੱਧਰ ਤੋਂ ਕੀਤੇ ਗਏ ਨਸਲੀ ਵਿਤਕਰੇ ਦੇ ਦੁਖਦਾਈ ਦੌਰ ਦੀ ਨਿਸ਼ਾਨਦੇਹੀ ਕਰਦੀਆਂ ਹਨ। ਕੌਮਾਗਾਟਾ ਮਾਰੂ ਜਹਾਜ਼ ਦੀ ਇਤਿਹਾਸਕ ਮਹੱਤਤਾ ਨੂੰ ਮੁੱਖ ਰੱਖਦਿਆਂ ਹੀ ਸਿਟੀ ਕੌਂਸਲ ਵੱਲੋਂ ਕੈਨੇਡਾ ਪਲੇਸ ਨੂੰ ਚੁਣਿਆ ਗਿਆ ਜੋ ਕਿ 1914 ਵਿੱਚ ਬੁਰਾਰਡ ਇਨਲੇਟ ਵਿੱਚ ਤਾਇਨਾਤ ਕੌਮਾਗਾਟਾ ਮਾਰੂ ਜਹਾਜ਼ ਦਾ ਸਭ ਤੋਂ ਨਜ਼ਦੀਕੀ ਸਥਾਨ ਹੈ।
ਇਸ ਸਥਾਨ ਦਾ ਨਵਾਂ ਚਿੰਨ੍ਹ ਜਗ ਨਾਗਰਾ ਨੇ ਬਣਾਇਆ ਹੈ। ਲੈਂਪ ਪੋਸਟਾਂ ’ਤੇ ਲਾਏ ਗਏ ਸਟੋਰੀ ਬੋਰਡ ਰਾਹਗੀਰਾਂ ਨੂੰ ਕਲਾਕਾਰੀ ਅਤੇ ਕੌਮਾਗਾਟਾ ਮਾਰੂ ਤ੍ਰਾਸਦੀ ਦੇ ਇਤਿਹਾਸ ਬਾਰੇ ਜਾਣਨ ਲਈ ਪ੍ਰੇਰਿਤ ਕਰਦੇ ਹਨ। ਇੱਕ QR ਕੋਡ ਵੀ ਬਣਾਇਆ ਗਿਆ ਹੈ ਜਿਸ ਨਾਲ ਪਾਠਕ ਇੱਕ ਵੈੱਬਪੇਜ਼ (vancouver.ca/komagata-maru) ’ਤੇ ਵਧੇਰੇ ਜਾਣਕਾਰੀ ਦੇਖ ਸਕਦੇ ਹਨ।
ਜ਼ਿਕਰਯੋਗ ਹੈ ਕਿ 18 ਮਈ, 2021 ਨੂੰ ਵੈਨਕੂਵਰ ਸਿਟੀ ਕੌਂਸਲ ਨੇ ਰਸਮੀ ਤੌਰ ’ਤੇ 1914 ਵਿੱਚ ਕੌਮਾਗਾਟਾ ਮਾਰੂ ’ਤੇ ਸਵਾਰ ਯਾਤਰੀਆਂ ਨਾਲ ਕੀਤੇ ਗਏ ਵਿਤਕਰੇ ਵਿੱਚ ਨਿਭਾਈ ਭੂਮਿਕਾ ਲਈ ਮੁਆਫ਼ੀ ਮੰਗੀ ਸੀ ਅਤੇ 23 ਮਈ ਨੂੰ ਅਧਿਕਾਰਤ ਤੌਰ ’ਤੇ ਕੌਮਾਗਾਟਾ ਮਾਰੂ ਯਾਦਗਾਰੀ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਸੀ।
ਉਦਘਾਟਨੀ ਮੌਕੇ ਮੇਅਰ ਕੇਨ ਸਿਮ ਨੇ ਕਿਹਾ, ‘‘ਅਸੀਂ ਅਤੀਤ ਤੋਂ ਸਿੱਖਣ ਅਤੇ ਇੱਕ ਹੋਰ ਸਰਬ ਸਾਂਝਾ ਭਵਿੱਖ ਸਿਰਜਣ ਲਈ ਵਚਨਬੱਧ ਹਾਂ। ਕੌਮਾਗਾਟਾ ਮਾਰੂ ਸਥਾਨ ਦਾ ਆਨਰੇਰੀ ਨਾਮਕਰਨ ਇੱਕ ਪ੍ਰਤਿਭਾਸ਼ਾਲੀ ਸਥਾਨਕ ਕਲਾਕਾਰ ਜਗ ਨਾਗਰਾ ਦੁਆਰਾ ਡਿਜ਼ਾਈਨ ਕੀਤਾ ਗਿਆ ਹੈ ਜੋ ਪ੍ਰਭਾਵਸ਼ਾਲੀ ਨਵਾਂ ਸੰਕੇਤ ਹੈ ਅਤੇ ਦੱਖਣੀ ਏਸ਼ੀਆਈ ਭਾਈਚਾਰਿਆਂ ਪ੍ਰਤੀ ਇਤਿਹਾਸਕ ਵਿਤਕਰੇ ਨੂੰ ਹੱਲ ਕਰਨ ਲਈ ਸ਼ਹਿਰ ਦੇ ਚੱਲ ਰਹੇ ਵੱਡੇ ਕਾਰਜਾਂ ਦਾ ਇੱਕ ਮਹੱਤਵਪੂਰਨ ਕਦਮ ਹੈ।’’
ਕਲਾਕਾਰ ਜਗ ਨਾਗਰਾ ਨੇ ਕਿਹਾ ਕਿ ਕਲਾ ਰਾਹੀਂ ਸਾਡੇ ਭਾਈਚਾਰੇ ਦੀਆਂ ਇਤਿਹਾਸਕ ਕਹਾਣੀਆਂ ਸਾਂਝੀਆਂ ਕਰਨ ਦੇ ਯੋਗ ਹੋਣਾ ਉਸ ਲਈ ਬਹੁਤ ਮਹੱਤਵਪੂਰਨ ਹੈ। ਇਸ ਮੌਕੇ ਕੌਮਾਗਾਟਾ ਮਾਰੂ ਡੈਸੀਡੈਂਟਸ ਸੁਸਾਇਟੀ, ਖਾਲਸਾ ਦੀਵਾਨ ਸੁਸਾਇਟੀ, ਪੰਜਾਬੀ ਮਾਰਕੀਟ ਕੁਲੈਕਟਿਵ, ਸਿਟੀ ਆਫ ਵੈਨਕੂਵਰ ਦੇ ਦੱਖਣੀ ਏਸ਼ੀਆਈ ਕਲਾਕਾਰ, ਕਿਊਰੇਟਰਜ਼ ਅਤੇ ਸੱਭਿਆਚਾਰਕ ਵਰਕਰ, ਕਲਾਕਾਰ ਚੋਣ ਪੈਨਲ ਅਤੇ ਦੱਖਣੀ ਏਸ਼ੀਅਨ ਡੀਸੇਂਟ ਕਮਿਊਨਿਟੀ ਐਡਵਾਈਜ਼ਰੀ ਕਮੇਟੀ ਦੇ ਨੁਮਾਇੰਦੇ ਹਾਜ਼ਰ ਸਨ।

Advertisement

ਵਿਸ਼ਵ ਅੰਤਰ-ਧਰਮ ਸਦਭਾਵਨਾ ਹਫ਼ਤਾ ਮਨਾਇਆ

ਸਰੀ: ਬੈਤੁਰ ਰਹਿਮਾਨ ਮਸਜਿਦ ਭਾਈਚਾਰੇ ਵੱਲੋਂ ਬੀਤੇ ਦਿਨ ਵਿਸ਼ਵ ਅੰਤਰ-ਧਰਮ ਸਦਭਾਵਨਾ ਹਫ਼ਤਾ ਮਨਾਉਂਦਿਆਂ ਸਾਲਾਨਾ ਅੰਤਰ-ਧਰਮ ਰਾਤਰੀ ਭੋਜ ਦਾ ਪ੍ਰਬੰਧ ਕੀਤਾ ਗਿਆ। ਇਹ ਹਫ਼ਤਾ ਸਹਿਣਸ਼ੀਲਤਾ, ਸੁਲ੍ਹਾ-ਸਫ਼ਾਈ, ਮੁਆਫ਼ੀ, ਉਸਾਰੂ ਸੰਵਾਦ, ਅੰਤਰ-ਧਰਮ ਸਦਭਾਵਨਾ ਅਤੇ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਹਿੱਤ ਵੱਖ ਵੱਖ ਭਾਈਚਾਰਿਆਂ ਵਿੱਚ ਪੁਲ ਬਣਾਉਣ ਦੀ ਭਾਵਨਾ ਉਜਾਗਰ ਕਰਦਾ ਹੈ। ਅਹਿਮਦੀਆ ਮੁਸਲਿਮ ਜਮਾਤ ਅਤੇ ਸਰੀ ਇੰਟਰਫੇਥ ਕੌਂਸਲ ਨੇ ਇਸ ਸਮਾਗਮ ਨੂੰ ਸਪਾਂਸਰ ਕੀਤਾ।
ਸ਼ਾਮ ਦੀ ਸ਼ੁਰੂਆਤ ਅਹਿਮਦੀਆ ਮੁਸਲਿਮ ਜਮਾਤ ਦੇ ਇਮਾਮ ਮੁਹੰਮਦ ਦਾਨਿਆਲ ਦੇ ਪਾਠ ਨਾਲ ਹੋਈ। ਉਪਰੰਤ ਸਵਦੇਸ਼ੀ ਨੇਤਾ ਅਤੇ ਮੈਟਰੋ ਵੈਨਕੂਵਰ ਆਦਿਵਾਸੀ ਕਾਰਜਕਾਰੀ ਕੌਂਸਲ ਦੇ ਸਾਬਕਾ ਸੀਈਓ ਕੇਵਿਨ ਬਾਰਲੋ ਨੇ ਸਵਦੇਸ਼ੀ ਪ੍ਰਾਰਥਨਾ ਵਿੱਚ ਅਗਵਾਈ ਕੀਤੀ। ਹਿੰਦੂ ਅਤੇ ਬੋਧੀ ਪਰੰਪਰਾਵਾਂ ਦੀ ਨੁਮਾਇੰਦਗੀ ਕਰਨ ਵਾਲੇ ਮੈਕੇਂਜੀ ਐਮੀ ਗੋਸਪੋਡਿਨ ਸਮੇਤ ਬਹਾਈ ਭਾਈਚਾਰੇ ਦੀ ਸੂਜ਼ਨ ਮੋਟਾਹੇਦਾਹ, ਸਿੱਖ ਕੌਮ ਦੀ ਨੁਮਾਇੰਦਗੀ ਕਰ ਰਹੇ ਡਾ. ਰਿਸ਼ੀ ਸਿੰਘ, ਇਸਲਾਮ ਦੀ ਨੁਮਾਇੰਦਗੀ ਕਰ ਰਹੇ ਇਮਾਮ ਉਮਰਾਨ ਭੱਟੀ ਅਤੇ ਚਰਚ ਆਫ ਜੀਸਸ ਕ੍ਰਾਈਸਟ ਆਫ ਲੈਟਰ-ਡੇ ਸੇਂਟਸ (ਮਾਰਮਨ) ਦੇ ਬਜ਼ੁਰਗ ਗ੍ਰੇਗ ਗੋਰਡੀਚੁਕ ਨੇ ਅੰਤਰ-ਧਰਮ ਸਮਝ ਅਤੇ ਸਹਿਯੋਗ ਦੇ ਲੋਕਾਚਾਰ ਨੂੰ ਦਰਸਾਉਂਦੇ ਹੋਏ ਉਤਸ਼ਾਹ, ਉਮੀਦ ਅਤੇ ਸ਼ਾਂਤੀ ਸਬੰਧੀ ਆਪਣੇ ਸ਼ਬਦ ਸਾਂਝੇ ਕੀਤੇ।
ਇਸ ਸਮਾਗਮ ਵਿੱਚ ਸ਼ਾਮਲ ਕਿਰਤ ਮੰਤਰੀ ਹੈਰੀ ਬੈਂਸ, ਵਪਾਰ ਰਾਜ ਮੰਤਰੀ ਜਗਰੂਪ ਬਰਾੜ ਅਤੇ ਵਿਧਾਇਕ ਜਿੰਨੀ ਸਿਮਸ ਨੇ ਭਾਈਚਾਰਿਆਂ ਅਤੇ ਲੋਕਾਂ ਵਿਚਕਾਰ ਆਪਸੀ ਵਿਸ਼ਵਾਸ ਸਬੰਧਾਂ ਅਤੇ ਸਮਝਦਾਰੀ ਨੂੰ ਵਧਾਉਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਸਿਟੀ ਆਫ ਸਰੀ ਦੇ ਕੌਂਸਲਰ ਲਿੰਡਾ ਐਨੀਸ ਅਤੇ ਮਾਈਕ ਬੋਸ ਨੇ ਵੀ ਇਕੱਠ ਨੂੰ ਸੰਬੋਧਨ ਕਰਦਿਆਂ ਕਮਿਊਨਿਟੀ ਅੰਦਰ ਸ਼ਮੂਲੀਅਤ ਅਤੇ ਆਪਸੀ ਸਨਮਾਨ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ।

ਸੰਪਰਕ: +1 604 308 6663

Advertisement
Author Image

sukhwinder singh

View all posts

Advertisement