ਸ਼ਾਇਰੀ ਦਾ ਰੁਸਤਮ-ਏ-ਹਿੰਦ
ਪ੍ਰਿੰ. ਸਰਵਣ ਸਿੰਘ
ਸੁਰਜੀਤ ਪਾਤਰ ਪੰਜਾਬੀ ਸ਼ਾਇਰੀ ਦੀ ਸ਼ਾਨ ਸੀ। ਉਸ ਨੇ ਰੱਜ ਕੇ ਕਵਿਤਾ ਲਿਖੀ ਤੇ ਪੁੱਜ ਕੇ ਗਾਈ ਜਿਸ ਦੀ ਪਾਠਕਾਂ ਤੇ ਸਰੋਤਿਆਂ ਨੇ ਭਰਵੀਂ ਦਾਦ ਦਿੱਤੀ। ਇੰਜ ਉਸ ਨੇ ਹਜ਼ਾਰਾਂ ਪਾਠਕਾਂ ਤੇ ਲੱਖਾਂ ਸਰੋਤਿਆਂ ਦੇ ਦਿਲਾਂ ’ਤੇ ਰਾਜ ਕੀਤਾ। ਉਸ ਦੀਆਂ ਪੈੜਾਂ ਪਿੰਡ ਪੱਤੜ ਤੋਂ ਲੈ ਕੇ ਦੇਸ ਪ੍ਰਦੇਸ ਸਾਰੇ ਜੱਗ ਜਹਾਨ ਵਿੱਚ ਪਈਆਂ। ਉਹ ਭਰਪੂਰ ਜੀਵਨ ਜਿਉਂ ਕੇ ਗਿਆ। ਕਿਸੇ ਤਰ੍ਹਾਂ ਦੀ ਸਿਫ਼ਤ-ਸਲਾਹ, ਆਦਰ ਸਤਿਕਾਰ, ਲੋੜੀਂਦੀ ਚੀਜ਼-ਵਸਤ, ਖਾਧ ਪਦਾਰਥ, ਮਾਣ ਸਨਮਾਨ, ਗੱਲ ਕੀ ਕਾਸੇ ਦੀ ਤੋਟ ਨਹੀਂ ਰਹੀ। ਪੰਜਾਬੀ ਲੇਖਕ ਮਾਣ ਕਰ ਸਕਦੇ ਹਨ ਕਿ ਪੰਜਾਬੀ ’ਚ ਲਿਖਣ ਵਾਲਿਆਂ ਨੂੰ ਵੀ ਹੋਰ ਭਾਸ਼ਾਵਾਂ ’ਚ ਲਿਖਣ ਵਾਲਿਆਂ ਨਾਲੋਂ ਕਾਸੇ ਦਾ ਘਾਟਾ ਨਹੀਂ ਰਹਿੰਦਾ। ਐਵੇਂ ਰਊਂ ਰਊਂ ਕਰੀ ਜਾਣ ਦਾ ਕੋਈ ਫ਼ਾਇਦਾ ਨਹੀਂ ਹੁੰਦਾ। ਪਾਤਰ ਆਪ ਭਾਵੇਂ ਅਗਲੇ ਜਹਾਨ ਚਲਾ ਗਿਆ ਪਰ ਪਿੱਛੇ ਵਸਦੇ ਰਸਦੇ ਜਹਾਨ ਲਈ ਬਹੁਤ ਕੁਝ ਛੱਡ ਗਿਆ। ਸੁਰਗਾਂ ’ਚ ਵਾਸਾ ਹੋਵੇ ਸਾਡੇ ਸੁਹਿਰਦ ਸ਼ਾਇਰ ਦਾ।
ਪਾਤਰ ਦੇ ਅਕਾਲ ਚਲਾਣੇ ਪਿੱਛੋਂ ਪੰਜਾਬੀਆਂ ਨੂੰ ਅਹਿਸਾਸ ਹੋ ਰਿਹਾ ਹੈ ਕਿ ਪੰਜਾਬੀ ਪਿਆਰੇ ਆਪਣੇ ਲੇਖਕਾਂ ਦਾ ਮਾਣ ਸਨਮਾਨ ਕਰਨ ਵਿਚ ਕਿਸੇ ਹੋਰ ਜ਼ੁਬਾਨ ਦੇ ਲੇਖਕਾਂ ਦੇ ਮਾਣ ਸਨਮਾਨ ਤੋਂ ਪਿੱਛੇ ਨਹੀਂ ਰਹਿੰਦੇ। ਜਿਵੇਂ ਸੁਰਜੀਤ ਜੀਵਿਆ, ਕਵਿਤਾ ਰਚੀ, ਗਾਈ, ਅਨੁਵਾਦ ਕੀਤੇ, ਵਾਰਤਕ ਲਿਖੀ ਤੇ ਜਿਵੇਂ ਜੱਗ ਤੋਂ ਰੁਖ਼ਸਤ ਹੋਇਆ, ਉਹ ਆਪਣੀ ਮਿਸਾਲ ਆਪ ਸੀ। ਉਹਦੀ ਅਰਥੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੋਢਾ ਦੇ ਕੇ ਚੰਗੀ ਪਿਰਤ ਪਾ ਦਿੱਤੀ ਹੈ। ਉਹਦੇ ਪਰਿਵਾਰ ਦੇ ਦੁੱਖ ਵਿਚ ਸ਼ਰੀਕ ਹੋਣ ਤੇ ਹਮਦਰਦੀ ਪ੍ਰਗਟ ਕਰਨ ਦੇ ਸੈਂਕੜੇ ਸ਼ੋਕ ਸੁਨੇਹੇ ਛਪੇ ਹਨ। ਪੰਜਾਬੀ ਸਾਹਿਤਕਾਰ ਦਾ ਏਨਾ ਮਾਣ ਸਨਮਾਨ ਕਿਸੇ ਨੋਬੇਲ ਪੁਰਸਕਾਰ ਤੋਂ ਘੱਟ ਨਹੀਂ।
ਸਾਡਾ ਸਿਰਮੌਰ ਕਵੀ ਸੁਰਜੀਤ ਪਾਤਰ ਰਚਨਾਤਮਿਕ ਜੀਵਨ ਜਿਊਂਦਾ ਸੱਚਮੁੱਚ ਡਾਲ਼ੀਆਂ ’ਚੋਂ ਹਵਾ ਬਣ ਕੇ ਨਿਕਲ ਗਿਆ ਹੈ। ਪਰ ਉਹ ਸਦਾ ਸਾਡੇ ਚੇਤਿਆਂ ਵਿਚ ਸਮਾਇਆ ਰਹੇਗਾ।
ਸੁਰਜੀਤ ਮੇਰਾ ਸਮਕਾਲੀ ਸੀ, ਮੈਥੋਂ ਪੰਜ ਕੁ ਸਾਲ ਛੋਟਾ। ਪੰਜਾਹ ਸੱਠ ਸਾਲਾਂ ਵਿਚ ਅਸੀਂ ਸੈਂਕੜੇ ਵਾਰ ਮਿਲੇ ਹੋਵਾਂਗੇ। ਸਾਡੇ ਸਮੇਂ ਬੇਸ਼ੱਕ ਪੱਗਾਂ ਹੇਠ ਫਿਫਟੀਆਂ ਲਾਉਣ ਦਾ ਫੈਸ਼ਨ ਤੁਰ ਪਿਆ ਸੀ ਪਰ ਅਸੀਂ ਕਦੇ ਪੱਗਾਂ ਹੇਠ ਫਿਫਟੀਆਂ ਨਹੀਂ ਸੀ ਲਾਈਆਂ। ਉਹ ਅਕਸਰ ਕਿਹਾ ਕਰਦਾ ਸੀ ਕਿ ਉਸ ਨੇ ਆਪਣੇ ਪੁੱਤਰ ਮਨਰਾਜ ਨੂੰ ਸਭ ਤੋਂ ਪਹਿਲਾਂ ਮੇਰੀ ਪੁਸਤਕ ‘ਪੰਜਾਬੀ ਖਿਡਾਰੀ’ ਪੜ੍ਹਨ ਨੂੰ ਦਿੱਤੀ ਸੀ ਜਿਸ ਨਾਲ ਉਹ ਪੰਜਾਬੀ ਦੀਆਂ ਕਿਤਾਬਾਂ ਪੜ੍ਹਨ ਦੇ ਲੜ ਲੱਗ ਗਿਆ ਸੀ। ਜਿਵੇਂ ਪਾਤਰ ਦਾ ਇਕਹਿਰਾ ਜਿਹਾ ਜੁੱਸਾ ਸੀ, ਜਿਵੇਂ ਉਹਦਾ ਤੋਰਾ ਫੇਰਾ ਸੀ, ਲਗਾਤਾਰ ਰੁਝੇਵਾਂ ਸੀ, ਲੱਗਦਾ ਸੀ ਕਿ ਜਸਵੰਤ ਸਿੰਘ ਕੰਵਲ ਵਾਂਗ ਲੰਮੀ ਉਮਰ ਜੀਵੇਗਾ। ਹੋਰ ਰਚਨਾਵਾਂ ਰਚੇਗਾ, ਹੋਰ ਗਾਏਗਾ ਤੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਹੋਰ ਕਾਰਜ ਕਰੇਗਾ। ਪਰ ਕੁਦਰਤ ਦੇ ਕਾਦਰ ਨੇ ਉਸ ਨੂੰ 79 ਵਰ੍ਹਿਆਂ ਦੀ ਉਮਰ ਹੀ ਬਖ਼ਸ਼ੀ। ਉਸ ਦੀ ਚੜ੍ਹਦੀ ਜੁਆਨੀ ’ਚ ਲਿਖੀ ਕਵਿਤਾ ਯਾਦ ਆ ਰਹੀ ਹੈ:
ਕੋਈ ਡਾਲੀਆਂ ਚੋਂ ਲੰਘਿਆ ਹਵਾ ਬਣ ਕੇ
ਅਸੀਂ ਰਹਿ ਗਏ ਬਿਰਖ ਵਾਲੀ ਹਾ ਬਣ ਕੇ
ਪੈੜਾਂ ਤੇਰੀਆਂ ’ਤੇ ਦੂਰ ਦੂਰ ਤੀਕ ਮੇਰੇ ਪੱਤੇ
ਡਿੱਗੇ ਮੇਰੀਆਂ ਬਹਾਰਾਂ ਦਾ ਗੁਨਾਹ ਬਣ ਕੇ
ਪਿਆ ਅੰਬੀਆਂ ਨੂੰ ਬੂਰ ਸੀ ਕਿ ਕੋਇਲ ਕੂਕ ਪਈ
ਕਿਸੇ ਜਿੰਦ ਬੀਆਬਾਨ ਦੀ ਗਵਾਹ ਬਣ ਕੇ
ਕਦੀ ਬੰਦਿਆਂ ਦੇ ਵਾਂਗੂ ਸਾਨੂੰ ਮਿਲਿਆ ਵੀ ਕਰ
ਐਵੇਂ ਲੰਘ ਜਾਨੈ ਪਾਣੀ ਕਦੇ ਵਾ ਬਣ ਕੇ
ਜਦੋਂ ਮਿਲਿਆ ਸੀ ਹਾਣ ਦਾ ਸੀ ਸਾਂਵਰਾ ਜਿਹਾ
ਜਦੋਂ ਜੁਦਾ ਹੋਇਆ ਤੁਰ ਗਿਆ ਖੁਦਾ ਬਣ ਕੇ
ਸੁਰਜੀਤ ਪਾਤਰ ਸੱਚਮੁੱਚ ਡਾਲ਼ੀਆਂ ’ਚੋਂ ਹਵਾ ਬਣ ਕੇ ਗੁਜ਼ਰ ਗਿਆ ਹੈ ਪਰ ਪਿੱਛੇ ਆਪਣੀਆਂ ਯਾਦਾਂ ਦੀ ਮਹਿਕ ਛੱਡ ਗਿਆ ਹੈ। ਉਸ ਦੀਆਂ ਅਨੇਕ ਯਾਦਾਂ ’ਚੋਂ ਇਕ ਯਾਦ ਸਾਂਝੀ ਕਰਨ ਨੂੰ ਦਿਲ ਕਰ ਆਇਆ ਹੈ। ਦੂਰ ਕੈਨੇਡਾ ’ਚ ਬੈਠਾ ਮੈਂ ਉਸ ਦੇ ਸਸਕਾਰ ਅਤੇ ਭੋਗ ’ਤੇ ਤਾਂ ਨਹੀਂ ਪਹੁੰਚ ਸਕਿਆ ਪਰ ਉਸ ਨਾਲ ਹੋਈ ਆਖ਼ਰੀ ਮਿਲਣੀ ਦੀ ਯਾਦ ਜ਼ਰੂਰ ਸਾਂਝੀ ਕਰ ਰਿਹਾ ਹਾਂ। ਉਹ ਡਾ. ਸਰਦਾਰਾ ਸਿੰਘ ਜੌਹਲ ਹੋਰਾਂ ਨਾਲ ਮੁਕੰਦਪੁਰ ਕਾਲਜ ਵਿੱਚ ਕਈ ਵਾਰ ਆਇਆ ਸੀ। ਸੇਵਾਮੁਕਤ ਹੋਣ ਪਿੱਛੋਂ ਮੈਂ ਸਿਆਲ ਕੱਟਣ ਕੈਨੇਡਾ ਤੋਂ ਮੁਕੰਦਪੁਰ ਜਾਂਦਾ ਰਹਿੰਦਾ ਹਾਂ।
22 ਜਨਵਰੀ 2023 ਨੂੰ ਅਮਰਦੀਪ ਕਾਲਜ ਮੁਕੰਦਪੁਰ ਵਿੱਚ ਪ੍ਰੋ. ਸ਼ਮਸ਼ਾਦ ਅਲੀ ਸੰਗ ‘ਸੰਜੀਦਾ ਗਾਇਕੀ ਦੇ ਰੰਗ’ ਸੰਗੀਤ ਸਮਾਰੋਹ ਹੋਇਆ ਅਤੇ ਸ਼ਮਸ਼ਾਦ ਅਲੀ ਦੀ ਪੁਸਤਕ ‘ਸੰਗੀਤ ਚੇਤਨਾ’ ’ਤੇ ਗੋਸ਼ਟੀ ਹੋਈ। ਪਦਮ ਸ੍ਰੀ ਡਾ. ਸੁਰਜੀਤ ਪਾਤਰ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਉੱਤਮ ਗਾਇਕੀ ਦਾ ਇਹ ਸੰਗੀਤ ਪ੍ਰੋਗਰਾਮ ਅਮਰਦੀਪ ਕਾਲਜ ਦੇ ਪ੍ਰੋ. ਸ਼ਮਸ਼ਾਦ ਅਲੀ (ਹੁਣ ਪ੍ਰਿੰਸੀਪਲ) ਦੇ ਨਵੇਂ ਪੁਰਾਣੇ ਸ਼ਾਗਿਰਦਾਂ ਨੇ ਰਲ-ਮਿਲ ਕੇ ਕੀਤਾ ਸੀ। ਮੈਂ ਸਬੱਬੀਂ ਕੈਨੇਡਾ ਤੋਂ ਮੁਕੰਦਪੁਰ ਗਿਆ ਹੋਇਆ ਸਾਂ। ਮੈਨੂੰ ਉਹ ਅਭੁੱਲ ਸੰਗੀਤ ਸ਼ਾਮ ਮਾਣਨ ਦਾ ਮੌਕਾ ਮਿਲ ਗਿਆ ਜਿਸ ਲਈ ਆਪਣੇ ਕਾਲਜ ਦੇ ਨਵੇਂ ਪੁਰਾਣੇ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਧੰਨਵਾਦੀ ਸਾਂ।
ਇਕ ਹੋਰ ਖ਼ੁਸ਼ੀ ਝੂੰਗੇ ’ਚ ਮਿਲ ਗਈ ਕਿ ਪੰਜਾਬੀ ਕਵਿਤਾ ਦਾ ਮਾਣ ਸੁਰਜੀਤ ਪਾਤਰ ਸਾਡੇ ਗ਼ਰੀਬਖਾਨੇ ਚਰਨ ਪਾ ਗਿਆ। ਲੇਖਕਾਂ ਨੂੰ ਲੇਖਕ ਅਕਸਰ ਆਪਣੀ ਕਿਤਾਬ ਭੇਟ ਕਰਦੇ ਹਨ। ਤੁਰਤ ਫੁਰਤ ਮੇਰੇ ਪਰਿਵਾਰ ਨੂੰ ਪਤਾ ਨਾ ਲੱਗੇ ਕਿ ਪਦਮ ਸ੍ਰੀ ਪਾਤਰ ਦਾ ਮਾਣ ਸਨਮਾਨ ਕਿਵੇਂ ਕਰੀਏ? ਖੇਡ ਲੇਖਕ ਹੋਣ ਨਾਤੇ ਮੈਨੂੰ ਜੋ ਗੁਰਜ ਮਿਲੀ ਸੀ ਮੈਂ ਉਹੀ ਗੁਰਜ ਚੁੱਕੀ ਤੇ ਸੁਰਜੀਤ ਪਾਤਰ ਦੇ ਮੋਢੇ ’ਤੇ ਰੱਖ ਦਿੱਤੀ। ਗਲ਼ ’ਚ ਮੈਡਲ ਪਾ ਦਿੱਤਾ। ਆਹ ਤਸਵੀਰ ਵੇਖ ਲਓ ਜਿਸ ਵਿਚ ਸੁਰਜੀਤ ਪਾਤਰ ਨੂੰ ਸ਼ਾਇਰੀ ਦਾ ਰੁਸਤਮ-ਏ-ਹਿੰਦ ਸਨਮਾਨ ਦਿੱਤਾ ਜਾ ਰਿਹਾ ਹੈ! ਨਾਲ ਖੜ੍ਹੇ ਹਨ ਅਮਰਦੀਪ ਕਾਲਜ ਦੇ ਬਾਨੀ ਸ. ਗੁਰਚਰਨ ਸਿੰਘ ਸ਼ੇਰਗਿੱਲ।
ਈ-ਮੇਲ: principalsarwansingh@gmail.com