ਉੱਤਰੀ ਕੋਰੀਆ ਵੱਲੋਂ ਯੂਕਰੇਨ ਜੰਗ ਲਈ ਰੂਸ ਦਾ ਸਮਰਥਨ
ਮਾਸਕੋ ਨੂੰ ਜੰਗ ਲਈ ਹਥਿਆਰ ਸਪਲਾਈ ਕਰ ਸਕਦਾ ਹੈ ਉੱਤਰੀ ਕੋਰੀਆ
ਸਿਓਲ, 13 ਸਤੰਬਰ
ਉੱਤਰੀ ਕੋਰੀਆ ਦੇ ਆਗੂ ਕਿਮ ਜੌਂਗ ਉਨ ਨੇ ਰੂਸ ਵੱਲੋਂ ਲੜੀ ਜਾ ਰਹੀ ਜੰਗ ਨੂੰ ‘ਸਹੀ’ ਕਰਾਰ ਦਿੰਦਿਆਂ ਮਾਸਕੋ ਦੀ ਹਮਾਇਤ ਕੀਤੀ ਹੈ। ਅਮਰੀਕਾ ਨਾਲ ਜਾਰੀ ਟਕਰਾਅ ਦੇ ਸੰਦਰਭ ’ਚ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਮੁਲਾਕਾਤ ਦੌਰਾਨ ਕਿਮ ਨੇ ਕਿਹਾ ਕਿ ਉੱਤਰੀ ਕੋਰੀਆ ਯੂਕਰੇਨ ਜੰਗ ਲਈ ਮਾਸਕੋ ਨੂੰ ਹਥਿਆਰ ਸਪਲਾਈ ਕਰਨ ਦਾ ਸੌਦਾ ਵੀ ਕਰ ਸਕਦਾ ਹੈ। ਰੂਸ ਦੇ ਬਿਲਕੁਲ ਪੂਰਬ ’ਚ ਸਥਿਤ ਇਕ ਪੁਲਾੜ ਕੇਂਦਰ ’ਤੇ ਲਾਂਚ ਪੈਡ ਦਾ ਦੌਰਾ ਕਰਨ ਤੋਂ ਬਾਅਦ ਕਿਮ ਨੇ ਰੂਸ ਲਈ ‘ਪੂਰਾ ਤੇ ਬਿਨਾਂ ਸ਼ਰਤ’ ਸਮਰਥਨ ਜ਼ਾਹਿਰ ਕੀਤਾ। ਕਿਮ ਨੇ ਕਿਹਾ ਕਿ ਉਹ ‘ਸਾਮਰਾਜ-ਵਿਰੋਧੀ’ ਮੰਚ ’ਤੇ ਹਮੇਸ਼ਾ ਰੂਸ ਦੇ ਨਾਲ ਖੜ੍ਹੇ ਰਹਿਣਗੇ। ਦੋਵਾਂ ਆਗੂਆਂ ਦੀ ਮੁਲਾਕਾਤ ਵੋਸਤੋਚਨਾਇ ਕੌਸਮੋਡਰੋਮ ’ਤੇ ਹੋਈ। ਇਸ ਮੁਲਾਕਾਤ ਵਿਚ ਅਮਰੀਕਾ ਨਾਲ ਦੁਸ਼ਮਣੀ ਦਾ ਮੁੱਦਾ ਭਾਰੂ ਰਿਹਾ ਤੇ ਦੋਵਾਂ ਆਗੂਆਂ ਨੇ ਇਸ ਗੱਲ ਨੂੰ ਉਭਾਰਿਆ ਕਿ ਕਿਵੇਂ ਪੱਛਮ ਨਾਲ ਵੱਖ-ਵੱਖ ਪੱਧਰ ’ਤੇ ਜਾਰੀ ਟਕਰਾਅ ’ਚ ਉਨ੍ਹਾਂ ਦੇ ਹਿੱਤ ਸਾਂਝੇ ਹਨ।
ਇਹ ਵਾਰਤਾ ਕਰੀਬ 4-5 ਘੰਟਿਆਂ ਤੱਕ ਚੱਲੀ। ਇਸ ਤੋਂ ਬਾਅਦ ਕਿਮ ਰਵਾਨਾ ਹੋ ਗਏ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਕੋਲ ਲੱਖਾਂ ਦੀ ਗਿਣਤੀ ਵਿਚ ਸੋਵੀਅਤ ਡਿਜ਼ਾਈਨ ’ਤੇ ਬਣਿਆ ਅਸਲਾ ਤੇ ਰਾਕੇਟ ਪਏ ਹੋ ਸਕਦੇ ਹਨ ਜੋ ਯੂਕਰੇਨ ਵਿਚ ਰੂਸ ਦੀ ਸੈਨਾ ਨੂੰ ਤਕੜਾ ਕਰ ਸਕਦੇ ਹਨ। ਇਸ ਤੋਂ ਪਹਿਲਾਂ ਪੂਤਿਨ ਨੇ ਅੱਜ ਕਿਮ ਦੀ ਲਿਮੋਜ਼ਿਨ ਦਾ ਸਵਾਗਤ ਕੀਤਾ, ਜਿਸ ਨੂੰ ਉੱਤਰੀ ਕੋਰੀਆ ਦਾ ਆਗੂ ਆਪਣੇ ਵਿਸ਼ੇਸ਼ ਹਥਿਆਰਬੰਦ ਰੇਲਗੱਡੀ ਵਿਚ ਪਿਓਂਗਯਾਂਗ ਤੋਂ ਲੈ ਕੇ ਰੂਸ ਪਹੁੰਚਿਆ ਸੀ। ਪੂਤਿਨ ਨੇ ਇਸ ਮੌਕੇ ਕਿਹਾ ਕਿ ਉਨ੍ਹਾਂ ਦੀ ਗੱਲਬਾਤ ਆਰਥਿਕ ਸਹਿਯੋਗ, ਮਨੁੱਖੀ ਮੁੱਦਿਆਂ ਤੇ ਖੇਤਰ ਦੀ ਸਥਿਤੀ ਉਤੇ ਕੇਂਦਰਤ ਰਹੇਗੀ। ਕਿਮ ਨੇ ਮਾਸਕੋ ਵੱਲੋਂ ‘ਆਪਣੇ ਹਿੱਤਾਂ ਖਾਤਰ ਲੜੀ ਜਾ ਰਹੀ ਜੰਗ’ ਦਾ ਸਮਰਥਨ ਕੀਤਾ। ਉੱਤਰੀ ਕੋਰੀਆ ਦੇ ਆਗੂ ਨੇ ਕਿਹਾ ਕਿ ਰੂਸ ਆਪਣੇ ਹੱਕਾਂ, ਸੁਰੱਖਿਆ ਤੇ ਹਿੱਤਾਂ ਲਈ ‘ਨਿਆਂਸੰਗਤ ਸੰਘਰਸ਼’ ਕਰ ਰਿਹਾ ਹੈ। ਦੱਸਣਯੋਗ ਹੈ ਕਿ ਇਸ ਮੀਟਿੰਗ ਤੋਂ ਪਹਿਲਾਂ ਉੱਤਰੀ ਕੋਰੀਆ ਨੇ ਸਮੁੰਦਰ ’ਚ ਦੋ ਬੈਲਿਸਟਿਕ ਮਿਜ਼ਾਈਲਾਂ ਦਾ ਪ੍ਰੀਖਣ ਵੀ ਕੀਤਾ। -ਏਪੀ
ਪੂਤਿਨ ਤੇ ਕਿਮ ਦੀ ਮੁਲਾਕਾਤ ਤੋਂ ਪਹਿਲਾਂ ਉੱਤਰੀ ਕੋਰੀਆ ਨੇ ਸਮੁੰਦਰ ’ਚ ਦੋ ਮਿਜ਼ਾਈਲਾਂ ਦਾਗੀਆਂ
ਸਿਓਲ: ਉੱਤਰੀ ਕੋਰੀਆ ਨੇ ਆਪਣੇ ਆਗੂ ਕਿਮ ਜੌਂਗ ਉਨ ਵੱਲੋਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਮੁਲਾਕਾਤ ਕਰਨ ਲਈ ਰੂਸ ਜਾਣ ਦੋਰਾਨ ਅੱਜ ਸਵੇਰੇ ਸਮੁੰਦਰ ਵੱਲ ਦੋ ਮਿਜ਼ਾਈਲਾਂ ਦਾਗੀਆਂ। ਉੱਤਰੀ ਕੋਰੀਆ ਨੇ 2022 ਦੀ ਸ਼ੁਰੂਆਤ ਤੋਂ ਹਥਿਆਰਾਂ ਦਾ ਪਰੀਖਣ ਮੁੜ ਤੇਜ਼ ਕਰ ਦਿੱਤਾ ਹੈ। ਇਹ ਪਰੀਖਣ ਦਿਖਾਉਂਦੇ ਹਨ ਕਿ ਜਿਸ ਵੇਲੇ ਦੁਨੀਆਂ ਭਰ ਦੇ ਦੇਸ਼ਾਂ ਦਾ ਧਿਆਨ ਯੂਕਰੇਨ ’ਤੇ ਰੂਸ ਦੇ ਹਮਲੇ ਵੱਲ ਹੈ, ਅਜਿਹੇ ਸਮੇਂ ਉੱਤਰੀ ਕੋਰੀਆ ਸਥਿਤੀ ਦਾ ਫਾਇਦਾ ਉਠਾ ਕੇ ਆਪਣੇ ਹਥਿਆਰਾਂ ਦੇ ਜਖੀਰੇ ਨੂੰ ਵਧਾਉਣ ਦੀਆਂ ਕੋਸ਼ਿਸ਼ਾਂ ਵਿੱਚ ਜੁੱਟਿਆ ਹੋਇਆ ਹੈ। ਦੱਖਣੀ ਕੋਰੀਆ ਦੇ ‘ਜੁਆਇੰਟ ਚੀਫ ਆਫ਼ ਸਟਾਫ’ ਨੇ ਇਹ ਨਹੀਂ ਦੱਸਿਆ ਕਿ ਉੱਤਰੀ ਕੋਰੀਆ ਵੱਲੋਂ ਦਾਗੀ ਗਈ ਮਿਜ਼ਾਈਲ ਕਿੰਨੀ ਦੂਰ ਤੱਕ ਪਹੁੰਚੀ। ਉਧਰ, ਜਾਪਾਨ ਦੇ ਤੱਟ ਰੱਖਿਅਕ ਬਲ ਨੇ ਟੋਕੀਓ ਵਿੱਚ ਰੱਖਿਆ ਮੰਤਰਾਲੇ ਦੇ ਹਵਾਲ ਨਾਲ ਦੱਸਿਆ ਕਿ ਮਿਜ਼ਾਈਲ ਡਿੱਗ ਚੁੱਕੀ ਹੈ ਪਰ ਉਸ ਨੇ ਸਮੁੰਦਰੀ ਜਹਾਜ਼ਾਂ ਤੋਂ ਡੇਗੀਆਂ ਜਾਣ ਵਾਲੀਆਂ ਵਸਤਾਂ ’ਤੇ ਨਜ਼ਰ ਰੱਖਣ ਦੀ ਅਪੀਲ ਕੀਤੀ ਹੈ। -ਏਪੀ
ਸੈਟੇਲਾਈਟ ਬਣਾਉਣ ’ਚ ਉੱਤਰੀ ਕੋਰੀਆ ਦੀ ਮਦਦ ਕਰੇਗਾ ਰੂਸ
ਮਾਹਿਰਾਂ ਮੁਤਾਬਕ ਮੁਲਾਕਾਤ ਵਾਲੀ ਥਾਂ ਕੌਸਮੋਡਰੋਮ, ਰੂਸ ਦਾ ਸਭ ਤੋਂ ਮਹੱਤਵਪੂਰਨ ਲਾਂਚ ਕੇਂਦਰ ਹੈ ਤੇ ਇੱਥੇ ਮੀਟਿੰਗ ਹੋਣ ਦਾ ਮਤਲਬ ਹੈ ਕਿ ਕਿਮ ਜਾਸੂਸੀ ਸੈਟੇਲਾਈਟ ਵਿਕਸਿਤ ਕਰਨ ਲਈ ਰੂਸ ਦੀ ਮਦਦ ਮੰਗ ਰਹੇ ਹਨ। ਹਾਲ ਦੇ ਮਹੀਨਿਆਂ ਵਿਚ ਉੱਤਰੀ ਕੋਰੀਆ ਕਈ ਵਾਰ ਆਪਣਾ ਪਹਿਲਾ ਫ਼ੌਜੀ ਜਾਸੂਸ ਸੈਟੇਲਾਈਟ ਪੁਲਾੜ ਪੰਧ ’ਤੇ ਪਾਉਣ ਵਿਚ ਅਸਫ਼ਲ ਰਿਹਾ ਹੈ। ਸੈਟੇਲਾਈਟ ਬਣਾਉਣ ’ਚ ਉੱਤਰੀ ਕੋਰੀਆ ਦੀ ਮਦਦ ਬਾਰੇ ਪੂਤਿਨ ਨੂੰ ਸਵਾਲ ਪੁੱਛੇ ਜਾਣ ’ਤੇ ਉਨ੍ਹਾਂ ਹਾਂ-ਪੱਖੀ ਹੁੰਗਾਰਾ ਭਰਿਆ।
ਯੂਕਰੇਨ ਵੱਲੋਂ ਕਰੀਮੀਆ ’ਤੇ ਕੀਤੇ ਹਮਲੇ ’ਚ 24 ਫੱਟੜ
ਮਾਸਕੋ: ਰੂਸ ਦੇ ਕਬਜ਼ੇ ਹੇਠਲੇ ਕਰੀਮੀਆ ਦੇ ਸੇਵਾਸਤੋਪੋਲ ਸ਼ਿਪਯਾਰਡ ’ਚ ਅੱਜ ਯੂਕਰੇਨ ਦੇ ਹਮਲੇ ਤੋਂ ਬਾਅਦ ਅੱਗ ਲੱਗ ਗਈ ਤੇ 24 ਲੋਕ ਫੱਟੜ ਹੋ ਗਏ। ਰੂਸ ਦੇ ਅਧਿਕਾਰੀ ਨੇ ਦੱਸਿਆ ਕਿ ਅੱਗ ਇਕ ਮਿਜ਼ਾਈਲ ਹਮਲੇ ਤੋਂ ਬਾਅਦ ਲੱਗੀ ਹੈ। ਅਧਿਕਾਰੀ ਨੇ ਅੱਗ ਦੀ ਇਕ ਫੋਟੋ ਵੀ ਸ਼ੇਅਰ ਕੀਤੀ ਜਿਸ ਵਿਚ ਧੂੰਆਂ ਨਿਕਲਦਾ ਨਜ਼ਰ ਆ ਰਿਹਾ ਹੈ। ਦੱਸਣਯੋਗ ਹੈ ਕਿ ਸੇਵਾਸਤੋਪੋਲ ਸ਼ਿਪਯਾਰਡ ਰੂਸ ਲਈ ਰਣਨੀਤਕ ਅਹਿਮੀਅਤ ਰੱਖਦਾ ਹੈ ਕਿਉਂਕਿ ਕਾਲੇ ਸਾਗਰ ਵਿਚ ਰੂਸੀ ਫਲੀਟ ਦੇ ਸਮੁੰਦਰੀ ਜਹਾਜ਼ਾਂ ਦੀ ਇੱਥੇ ਮੁਰੰਮਤ ਹੁੰਦੀ ਹੈ। -ਏਪੀ