ਰੂਸੀ ਰਾਸ਼ਟਰਪਤੀ ਪੂਤਿਨ ਯੂਏਈ ਪੁੱਜੇ
ਦੁਬਈ: ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਬੁੱਧਵਾਰ ਤੋਂ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਦਾ ਦੌਰਾ ਇਸ ਆਸ ਨਾਲ ਆਰੰਭ ਦਿੱਤਾ ਹੈ ਕਿ ਮੱਧ-ਪੂਰਬ ਦੇ ਦੋਵੇਂ ਵੱਡੇ ਤੇਲ ਉਤਪਾਦਕ ਮੁਲਕ ਰੂਸ ਨੂੰ ਯੂਕਰੇਨ ਖ਼ਿਲਾਫ਼ ਜੰਗ ’ਚ ਹਮਾਇਤ ਦੇਣਗੇ। ਪੂਤਿਨ ਯੂਏਈ ਦੀ ਰਾਜਧਾਨੀ ਅਬੂ ਧਾਬੀ ’ਚ ਉਤਰੇ ਜਿਥੇ ਪਹਿਲਾਂ ਤੋਂ ਹੀ ਸੰਯੁਕਤ ਰਾਸ਼ਟਰ ਦੀ ਸੀਓਪੀ28 ਜਲਵਾਯੂ ਵਾਰਤਾ ਚੱਲ ਰਹੀ ਹੈ। ਕਰੋਨਾਵਾਇਰਸ ਮਹਾਮਾਰੀ ਅਤੇ ਜੰਗ ਤੋਂ ਬਾਅਦ ਪੂਤਿਨ ਦਾ ਇਸ ਖ਼ਿੱਤੇ ਦਾ ਪਹਿਲਾ ਦੌਰਾ ਹੈ। ਪੂਤਿਨ ਦਾ ਦੌਰਾ ਉਸ ਸਮੇਂ ਹੋ ਰਿਹਾ ਹੈ ਜਦੋਂ ਉਸ ਖ਼ਿਲਾਫ਼ ਕੌਮਾਂਤਰੀ ਕ੍ਰਿਮੀਨਲ ਅਦਾਲਤ (ਆਈਸੀਸੀ) ਨੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹੋਏ ਹਨ। ਸਾਊਦੀ ਅਰਬ ਅਤੇ ਯੂਏਈ ਦੋਹਾਂ ਨੇ ਹੀ ਆਈਸੀਸੀ ਦੀ ਸੰਧੀ ’ਤੇ ਦਸਤਖ਼ਤ ਨਹੀਂ ਕੀਤੇ ਹਨ। ਇਸ ਦਾ ਮਤਲਬ ਹੈ ਕਿ ਜੰਗ ਦੌਰਾਨ ਯੂਕਰੇਨ ਤੋਂ ਬੱਚਿਆਂ ਦੇ ਅਗਵਾ ਲਈ ਪੂਤਿਨ ਨੂੰ ਨਿੱਜੀ ਤੌਰ ’ਤੇ ਜ਼ਿੰਮੇਵਾਰ ਠਹਿਰਾਉਣ ਸਬੰਧੀ ਵਾਰੰਟ ’ਤੇ ਪੂਤਿਨ ਨੂੰ ਹਿਰਾਸਤ ’ਚ ਲੈਣ ਦੀ ਉਨ੍ਹਾਂ ’ਤੇ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ। ਇਸ ਤੋਂ ਪਹਿਲਾਂ ਪੂਤਿਨ ਨੇ ਗ੍ਰਿਫ਼ਤਾਰੀ ਦੇ ਡਰ ਕਾਰਨ ਦੱਖਣੀ ਅਫ਼ਰੀਕਾ ’ਚ ਹੋਏ ਸਿਖਰ ਸੰਮੇਲਨ ਤੋਂ ਦੂਰੀ ਬਣਾ ਕੇ ਰੱਖੀ ਸੀ। ਯੂਏਈ ਦੇ ਵਿਦੇਸ਼ ਮੰਤਰੀ ਸ਼ੇਖ਼ ਅਬਦੁੱਲਾ ਬਿਨ ਜ਼ਾਯੇਦ ਅਲ ਨਾਹਯਾਨ ਨੇ ਪੂਤਿਨ ਦਾ ਸਵਾਗਤ ਕੀਤਾ। ਉਧਰ ਸੰਯੁਕਤ ਰਾਸ਼ਟਰ ਦੇ ਸੀਓਪੀ28 ਜਲਵਾਯੂ ਸੰਮੇਲਨ ’ਚ ਹਿੱਸਾ ਲੈਣ ਆਏ ਯੂਕਰੇਨੀਆਂ ਨੇ ਪੂਤਿਨ ਦੇ ਦੌਰੇ ਦਾ ਵਿਰੋਧ ਕੀਤਾ ਹੈ। ਪੂਤਿਨ ਵੱਲੋਂ ਵੀਰਵਾਰ ਨੂੰ ਇਰਾਨੀ ਰਾਸ਼ਟਰਪਤੀ ਇਬਰਾਹਿਮ ਰਾਇਸੀ ਨਾਲ ਮੁਲਾਕਾਤ ਕੀਤੀ ਜਾ ਸਕਦੀ ਹੈ। -ਏਪੀ