ਰੂਸ ਦਾ ਬਣਿਆ ਆਈਐੱਨਐੱਸ ਤੁਸ਼ਿਲ ਭਾਰਤੀ ਜਲ ਸੈਨਾ ’ਚ ਸ਼ਾਮਲ
ਨਵੀਂ ਦਿੱਲੀ, 9 ਦਸੰਬਰ
ਰੂਸ ਵੱਲੋਂ ਬਣਾਏ ਜੰਗੀ ਬੇੜੇ ਆਈਐੱਨਐੱਸ ਤੁਸ਼ਿਲ ਨੂੰ ਅੱਜ ਰੂਸ ਦੇ ਤੱਟਵਰਤੀ ਸ਼ਹਿਰ ਕੈਲਿਨਿਨਗਰਾਦ ਵਿੱਚ ਭਾਰਤੀ ਜਲ ਸੈਨਾ ’ਚ ਸ਼ਾਮਲ ਕੀਤਾ ਗਿਆ। ਇਹ ਜੰਗੀ ਬੇੜਾ ਰਡਾਰ ਤੋਂ ਬਚਣ ਦੇ ਸਮਰੱਥ ਅਤੇ ਮਿਜ਼ਾਈਲ ਸਮਰੱਥਾ ਨਾਲ ਲੈਸ ਹੈ। ਇਸ ਨੂੰ ਭਾਰਤੀ ਜਲ ਸੈਨਾ ਵਿੱਚ ਸ਼ਾਮਲ ਕਰਨ ਲਈ ਕਰਵਾਏ ਗਏ ਸਮਾਗਮ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ, ਜਲ ਸੈਨਾ ਮੁਖੀ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ ਅਤੇ ਕਈ ਹੋਰ ਸੀਨੀਅਰ ਭਾਰਤੀ ਅਧਿਕਾਰੀ ਮੌਜੂਦ ਸਨ। ਇਸ ਦੌਰਾਨ ਰਾਜਨਾਥ ਸਿੰਘ ਨੇ ਇਹ ਜੰਗੀ ਬੇੜਾ ਭਾਰਤੀ ਸੈਨਾ ਵਿੱਚ ਸ਼ਾਮਲ ਹੋਣ ਨੂੰ ਭਾਰਤ ਦੀ ਵਧਦੀ ਸਮੁੰਦਰੀ ਸ਼ਕਤੀ ਦਾ ਪ੍ਰਮਾਣ ਦੱਸਿਆ।
ਆਈਐੱਨਐੱਸ ਤੁਸ਼ਿਲ ਰਾਹੀਂ ਹਿੰਦ ਮਹਾਸਾਗਰ ਵਿੱਚ ਭਾਰਤੀ ਜਲ ਸੈਨਾ ਦੀ ਸੰਚਾਲਨ ਸਮਰੱਥਾ ਵਿੱਚ ਅਹਿਮ ਵਾਧਾ ਹੋਣ ਦੀ ਉਮੀਦ ਹੈ। ਪਿਛਲੇ ਕੁਝ ਸਾਲਾਂ ਵਿੱਚ ਇਸ ਖੇਤਰ ’ਚ ਚੀਨ ਦੀ ਜਲ ਸੈਨਾ ਦੀਆਂ ਗਤੀਵਿਧੀਆਂ ਵਿੱਚ ਵਾਧਾ ਹੋਇਆ ਹੈ। ਇਸ ਜੰਗੀ ਬੇੜੇ ਨੂੰ ਰੂਸ ’ਚ 2.5 ਅਰਬ ਅਮਰੀਕੀ ਡਾਲਰ ਤੋਂ ਵੱਧ ਦੇ ਸਮਝੌਤੇ ਤਹਿਤ ਬਣਾਇਆ ਗਿਆ ਹੈ। ਭਾਰਤ ਨੇ ਜਲ ਸੈਨਾ ਲਈ ਚਾਰ ‘ਸਟੀਲਥ ਫ੍ਰੀਗੇਟਸ’ ਨੂੰ ਲੈ ਕੇ 2016 ਵਿੱਚ ਰੂਸ ਨਾਲ ਇਸ ਸਮਝਤੇ ’ਤੇ ਦਸਤਖਤ ਕੀਤੇ ਸਨ। ਇਸ ਸਮਝੌਤੇ ਤਹਿਤ ਦੋ ਜੰਗੀ ਬੇੜੇ ਰੂਸ ਵਿੱਚ, ਜਦਕਿ ਬਾਕੀ ਦੋ ਭਾਰਤ ’ਚ ਬਣਾਏ ਜਾਣੇ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਜੰਗੀ ਬੇੜਾ ਭਾਰਤ ਦੀ ਵਧਦੀ ਸਮੁੰਦਰੀ ਸ਼ਕਤੀ ਦਾ ਮਾਣਮੱਤਾ ਪ੍ਰਮਾਣ ਅਤੇ ਰੂਸ ਨਾਲ ਲੰਮੇ ਸਮੇਂ ਦੇ ਸਬੰਧਾਂ ਵਿੱਚ ਅਹਿਮ ਪ੍ਰਾਪਤੀ ਹੈ। ਉਨ੍ਹਾਂ ਕਿਹਾ, ‘ਇਹ ਬੇੜਾ ਰੂਸੀ ਅਤੇ ਭਾਰਤੀ ਉਦਯੋਗਾਂ ਦੀ ਸਹਿਯੋਗੀ ਸੰਭਾਵਨਾ ਦਾ ਵੱਡਾ ਪ੍ਰਮਾਣ ਹੈ।’ -ਪੀਟੀਆਈ