ਰੂਸ ਦਾ ਮਾਲਵਾਹਕ ਜਹਾਜ਼ ਧਮਾਕੇ ਮਗਰੋਂ ਡੁੱਬਿਆ
ਮਾਸਕੋ, 24 ਦਸੰਬਰ
ਰੂਸ ਦਾ ‘ਉਰਸਾ ਮੇਜਰ’ ਨਾਮ ਦਾ ਮਾਲਵਾਹਕ ਜਹਾਜ਼ ਇੰਜਣ ਵਾਲੇ ਕਮਰੇ ਵਿੱਚ ਧਮਾਕਾ ਹੋਣ ਮਗਰੋਂ ਰਾਤ ਨੂੰ ਭੂਮੱਧ ਸਾਗਰ ਵਿੱਚ ਡੁੱਬ ਗਿਆ। ਜਹਾਜ਼ ਦੇ ਚਾਲਕ ਦਲ ਦੇ ਦੋ ਮੈਂਬਰ ਅਜੇ ਵੀ ਲਾਪਤਾ ਹਨ। ਰੂਸੀ ਵਿਦੇਸ਼ ਮੰਤਰਾਲੇ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ। ਇਸ ਜਹਾਜ਼ ਦੀ ਕਮਾਂਡ ਓਬੋਰੋਨਲੌਜਿਸਟਿਕਾ ਕੰਪਨੀ ਦੇ ਹੱਥ ਸੀ। ਇਹ ਕੰਪਨੀ ਰੂਸੀ ਰੱਖਿਆ ਮੰਤਰਾਲੇ ਦੇ ਫੌਜੀ ਅਪਰੇਸ਼ਨਾਂ ਦਾ ਹਿੱਸਾ ਹੈ। ਕੰਪਨੀ ਨੇ ਪਹਿਲਾਂ ਕਿਹਾ ਸੀ ਕਿ ਇਹ ਜਹਾਜ਼ ਦੋ ਵੱਡੀਆਂ ਕਰੇਨਾਂ ਨੂੰ ਲੈ ਕੇ ਰੂਸ ਦੀ ਪੂਰਬੀ ਬੰਦਰਗਾਹ ਵਲਾਦਿਵੋਸਤੋਕ ਵੱਲ ਜਾ ਰਿਹਾ ਸੀ। ਵਿਦੇਸ਼ ਮੰਤਰਾਲੇ ਦੇ ਆਫ਼ਤ ਕੇਂਦਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਹਾਜ਼ ਦੇ ਚਾਲਕ ਦਲ ਦੇ 16 ਮੈਂਬਰਾਂ ਵਿੱਚੋਂ 14 ਨੂੰ ਬਚਾਅ ਲਿਆ ਗਿਆ ਹੈ। ਉਨ੍ਹਾਂ ਨੂੰ ਸਪੇਨ ਲਿਆਂਦਾ ਗਿਆ ਹੈ ਪਰ ਦੋ ਅਜੇ ਵੀ ਲਾਪਤਾ ਹਨ। ਹਾਲਾਂਕਿ, ਇਹ ਨਹੀਂ ਦੱਸਿਆ ਗਿਆ ਇੰਜਣ ਵਾਲੇ ਕਮਰੇ ਵਿੱਚ ਧਮਾਕਾ ਕਿਵੇਂ ਹੋਇਆ। ਸਰਕਾਰੀ ਆਰਆਈਏ ਖਬਰ ਏਜੰਸੀ ਨੇ ਸਪੇਨ ਸਥਿਤ ਰੂਸੀ ਸਫ਼ਾਰਤਖ਼ਾਨੇ ਦੇ ਹਵਾਲੇ ਨਾਲ ਕਿਹਾ ਕਿ ਜਹਾਜ਼ ਡੁੱਬਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਹ ਸਪੇਨ ਵਿੱਚ ਅਥਾਰਟੀਆਂ ਦੇ ਸੰਪਰਕ ਵਿੱਚ ਹਨ। -ਰਾਇਟਰਜ਼